ਝੋਨੇ ਦੀ ਖਰੀਦ ਨਾ ਹੋਣ ’ਤੇ ਕਿਸਾਨਾਂ ਵੱਲੋਂ ਕੌਮੀ ਮਾਰਗ ਜਾਮ
ਜਗਜੀਤ ਸਿੰਘ
ਮੁਕੇਰੀਆਂ, 10 ਅਕਤੂਬਰ
ਸ਼ੈਲਰ ਮਾਲਕਾਂ ਵਲੋਂ ਕਿਸਾਨਾਂ ਦੀ ਖਰੀਦੀ ਝੋਨੇ ਦੀ ਫਸਲ ਸਟੋਰ ਨਾ ਕਰਨ ਤੋਂ ਦੁਖੀ ਕਿਸਾਨਾਂ ਤੇ ਆੜ੍ਹਤੀਆਂ ਵਲੋਂ ਅੱਜ ਡੇਢ ਵਜੇ ਤੋਂ ਲੈ ਕੇ ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਕਸਬਾ ਭੰਗਾਲਾ ਵਿਚ ਜਾਮ ਲਗਾਇਆ ਗਿਆ ਜਿਹੜਾ ਰਾਤ ਤਕ ਲੱਗਿਆ ਰਿਹਾ। ਇਸ ਮੌਕੇ ਐੱਸਡੀਐੱਮ ਅਤੇ ਮੰਡੀ ਅਧਿਕਾਰੀਆਂ ਵਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ ਪਰ ਮਸਲਾ ਹੱਲ ਨਾ ਹੋਇਆ ਜਿਸ ਤੋਂ ਬਾਅਦ ਐਸਪੀ ਮੇਜਰ ਸਿੰਘ, ਐਸਡੀਐਮ ਅਸ਼ਵਨੀ ਅਰੋੜਾ ਵਲੋਂ ਮੁੜ ਗੱਲਬਾਤ ਸ਼ੁਰੂ ਕੀਤੀ ਗਈ। ਇਸ ਮੌਕੇ ਲੋਕਾਂ ਨੂੰ ਖਾਸੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਪੱਗੜੀ ਸੰਭਾਲ ਜੱਟਾ ਲਹਿਰ, ਦੁਆਬਾ ਕਿਸਾਨ ਸੰਘਰਸ਼ ਕਮੇਟੀ ਪੱਗੜੀ ਸੰਭਾਲ ਲਹਿਰ ਦੇ ਕਾਰਕੁਨਾਂ ਵਲੋਂ ਲਾਏ ਜਾਮ ਦੀ ਅਗਵਾਈ ਵਿਜੈ ਸਿੰਘ ਬਹਿਬਲ ਮੰਝ, ਸਾਬਕਾ ਸਰਪੰਚ ਸੌਰਵ ਬਿੱਲਾ ਨੰਗਲ, ਸਤਨਾਮ ਸਿੰਘ ਬਾਗੜੀਆਂ, ਅਵਤਾਰ ਸਿੰਘ ਬੌਬੀ, ਹਰਭਜਨ ਸਿੰਘ ਮੌਲਾ, ਸੁਰਜੀਤ ਸਿੰਘ ਬਿੱਲਾ ਅਤੇ ਬਲਜੀਤ ਸਿੰਘ ਛੰਨੀ ਨੰਦ ਸਿੰਘ ਨੇ ਕੀਤੀ। ਆਗੂਆਂ ਨੇ ਦੱਸਿਆ ਕਿ ਕਿਸਾਨ ਕਰੀਬ ਡੇਢ ਹਫ਼ਤੇ ਤੋਂ ਆਪਣੀ ਫਸਲ ਲੈ ਕੇ ਇਲਾਕੇ ਦੀਆਂ ਮੰਡੀਆਂ ਵਿੱਚ ਰਾਤਾਂ ਕੱਟ ਰਹੇ ਹਨ ਪਰ ਉਨ੍ਹਾਂ ਦੀ ਫਸਲ ਦੀ ਭਰਾਈ ਨਹੀਂ ਹੋ ਰਹੀ। ਦੋ ਕੁ ਦਿਨ ਆੜ੍ਹਤੀਆਂ ਨੇ ਕਿਸਾਨਾਂ ਦੀ ਫਸਲ ਭਰਨੀ ਸ਼ੁਰੂ ਕੀਤੀ ਸੀ ਪਰ ਚੁਕਾਈ ਨਾ ਹੋਣ ਕਾਰਨ ਮੰਡੀਆਂ ਵਿੱਚ ਝੋਨੇ ਦੇ ਅੰਬਾਰ ਲੱਗਣ ਲੱਗੇ ਹਨ। ਸ਼ੈਲਰ ਮਾਲਕਾਂ ਵਲੋਂ ਝੋਨਾ ਸਟੋਰ ਕਰਨ ਤੋਂ ਵਰਤੀ ਜਾ ਰਹੀ ਢਿੱਲਮੱਠ ਕਰ ਕੇ ਆੜ੍ਹਤੀਆਂ ਨੇ ਨਵੀਂ ਤੁਲਾਈ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਤਾਂ ਖਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਇੰਸਪੈਕਟਰ ਵੀ ਆੜ੍ਹਤੀਆਂ ਨੂੰ ਜਵਾਬ ਦੇਣ ਲੱਗੇ ਹਨ। ਇਸ ਵੇਲੇ ਝੋਨੇ ਦੀ ਕਟਾਈ ਦਾ ਕੰਮ ਸਿਖਰਾਂ ’ਤੇ ਹੈ ਅਤੇ ਸੀਜ਼ਨ ਸਿਰ ’ਤੇ ਹੋਣ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ ਪਰ ਪ੍ਰਸ਼ਾਸਨਿਕ ਤੇ ਮੰਡੀ ਅਧਿਕਾਰੀ ਮਾਮਲਾ ਹੱਲ ਨਹੀਂ ਕਰ ਰਹੇ।
ਐੱਸਪੀ ਅਤੇ ਐੱਸਡੀਐੱਮ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ
ਜਾਮ ਦਾ ਪਤਾ ਲੱਗਣ ’ਤੇ ਐੱਸਡੀਐੱਮ ਮੁਕੇਰੀਆਂ ਅਸ਼ਵਨੀ ਅਰੋੜਾ ਅਤੇ ਮੰਡੀ ਅਧਿਕਾਰੀਆਂ ਵਲੋਂ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕੀਤੀ ਗਈ ਪਰ ਮੰਡੀਆਂ ਵਿਚਲੀ ਫਸਲ ਸਮੁੱਚੇ ਤੌਰ ’ਤੇ ਚੁੱਕੇ ਜਾਣ ਬਾਰੇ ਕੋਈ ਤਸੱਲੀਬਖ਼ਸ਼ ਜਵਾਬ ਨਾ ਦੇਣ ਕਾਰਨ ਧਰਨਾ ਜਾਰੀ ਹੈ। ਹੁਣ ਤੀਜੇ ਗੇੜ ਦੀ ਗੱਲਬਾਤ ਲਈ ਐਸਪੀ ਤੇ ਹੋਰ ਅਧਿਕਾਰੀਆਂ ਵੱਲੋਂ ਧਰਨਾਕਾਰੀਆਂ ਨੂੰ ਜਾਮ ਖੋਲ੍ਹਣ ਲਈ ਮਨਾਇਆ ਜਾ ਰਿਹਾ ਹੈ।