ਸੜਕ ’ਤੇ ਬੰਨ੍ਹ ਬਣਾਉਣ ਖ਼ਿਲਾਫ਼ ਵੈਦਵਾਲਾ ਵਾਸੀਆਂ ਵੱਲੋਂ ਕੌਮੀ ਮਾਰਗ ਜਾਮ
ਪ੍ਰਭੂ ਦਿਆਲ
ਸਿਰਸਾ, 20 ਜੁਲਾਈ
ਰੰਗਾਈ ਨਾਲੇ ਕਾਰਨ ਆਉਣ ਵਾਲੇ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਕੌਮੀ ਮਾਰਗ ਤੋਂ ਪਿੰਡ ਵੈਦਵਾਲਾ ਨੂੰ ਜਾਣ ਵਾਲੀ ਸੜਕ ’ਤੇ ਬੰਨ੍ਹ ਬਣਾਏ ਜਾਣ ਦੇ ਵਿਰੋਧ ਅੱਜ ਪਿੰਡ ਵਾਸੀਆਂ ਨੇ ਕੌਮੀ ਮਾਰਗ ’ਤੇ ਜਾਮ ਲਗਾ ਦਿੱਤਾ ਅਤੇ ਸਰਕਾਰ ਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਕੁਝ ਰਸੂਖਵਾਨ ਲੋਕਾਂ ਨੂੰ ਹੜ੍ਹ ਤੋਂ ਬਚਾਉਣ ਲਈ ਪਿੰਡ ਨੂੰ ਜਾਣ ਵਾਲੀ ਸੜਕ ਬੰਦ ਕਰ ਰਿਹਾ ਹੈ।
ਕੌਮੀ ਮਾਰਗਮ ਤੋਂ ਪਿੰਡ ਵੈਦਵਾਲਾ ਨੂੰ ਜਾਣ ਵਾਲੀ ਸੜਕ ’ਤੇ ਅੱਜ ਤੜਕੇ ਜੇਸੀਬੀ ਮਸ਼ੀਨ ਨਾਲ ਜਦੋਂ ਬੰਨ੍ਹ ਬਣਾਏ ਜਾਣ ਦਾ ਪਤਾ ਪਿੰਡ ਦੇ ਲੋਕਾਂ ਨੂੰ ਲੱਗਿਆ ਤਾਂ ਵੱਡੀ ਗਿਣਤੀ ਵਿੱਚ ਪਿੰਡ ਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਇਸ ਦਾ ਵਿਰੋਧ ਸ਼ੁਰੂ ਕਰ ਦਿੱਤਾ।
ਵਿਰੋਧ ਕਰ ਰਹੇ ਲੋਕਾਂ ਨੇ ਦੱਸਿਆ ਕਿ ਪਿੰਡ ਦੇ ਲੋਕ ਰੰਗੋਈ ਨਾਲੇ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਵਿੱਚ ਲੱਗੇ ਹੋਏ ਸਨ ਤਾਂ ਪ੍ਰਸ਼ਾਸਨ ਨੇ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਵਿੱਚ ਲਏ ਬਨਿਾਂ ਹੀ ਬਾਈਪਾਸ ’ਤੇ ਬਣੇ ਅੰਡਰਬ੍ਰਿਜ ਨੂੰ ਗੱਟਿਆਂ ਨਾਲ ਬੰਦ ਕਰ ਦਿੱਤਾ ਅਤੇ ਕੌਮੀ ਮਾਰਗ ਤੋਂ ਪਿੰਡ ਨੂੰ ਜਾਣ ਵਾਲੀ ਸੜਕ ’ਤੇ ਬੰਨ੍ਹ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਲੋਕਾਂ ਨੇ ਇਸ ਦਾ ਵਿਰੋਧ ਕਰਦਿਆਂ ਜਿੱਥੇ ਅੰਡਰਬ੍ਰਿਜ ਨੂੰ ਖੋਲ੍ਹ ਦਿੱਤਾ, ਉੱਥੇ ਹੀ ਬਣਾਏ ਬੰਨ੍ਹ ਨੂੰ ਜੇਸੀਬੀ ਨਾਲ ਪੱਧਰਾ ਕਰ ਦਿੱਤਾ।
ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਜੇਕਰ ਰੰਗੋਈ ਨਾਲਾ ਟੁੱਟਦਾ ਹੈ ਤਾਂ ਉਨ੍ਹਾਂ ਦਾ ਪੂਰਾ ਪਿੰਡ ਇਸ ਦੀ ਲਪੇਟ ਵਿੱਚ ਆਉਂਦਾ ਹੈ। ਬਾਅਦ ਵਿੱਚ ਲੋਕਾਂ ਨੇ ਇਸ ਦਾ ਵਿਰੋਧ ਕਰਦਿਆਂ ਰੰਗੋਈ ਨਾਲੇ ਨੇੜੇ ਕੌਮੀ ਮਾਰਗ ’ਤੇ ਜਾਮ ਲਗਾ ਦਿੱਤਾ। ਜਾਮ ਲਾਉਣ ਦੀ ਸੂਚਨਾ ਮਿਲਣ ’ਤੇ ਭਾਰੀ ਪੁਲੀਸ ਬਲ ਮੌਕੇ ’ਤੇ ਪਹੁੰਚ ਗਿਆ ਅਤੇ ਪੁਲੀਸ ਅਧਿਕਾਰੀਆਂ ਨੇ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕ ਕਾਫੀ ਦੇਰ ਤੱਕ ਆਪਣੀ ਮੰਗ ’ਤੇ ਬਜ਼ਿੱਦ ਰਹੇ। ਇਸ ਮੌਕੇ ਪਿੰਡ ਦੇ ਨੰਬਰਦਾਰ ਭੁਪਿੰਦਰ ਸਿੰਘ ਨੇ ਕਿਹਾ ਕਿ ਪਿੰਡ ਦੀ ਸੜਕ ’ਤੇ ਬੰਨ੍ਹ ਬਣਾਏ ਜਾਣ ਦੀ ਬਜਾਏ ਰੰਗੋਈ ਨਾਲੇ ਦੇ ਬੰਨ੍ਹਾਂ ਨੂੰ ਮਜ਼ਬੂਤ ਕੀਤਾ ਜਾਏ ਤਾਂ ਜੋ ਇਹ ਟੁੱਟਣ ਹੀ ਨਾ।
ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਉਨ੍ਹਾਂ ਦੇ ਪਿੰਡ ਨਾਲ ਧੱਕਾ ਤੇ ਵਿਤਕਰਾ ਕੀਤਾ ਤਾਂ ਉਹ ਮੁੜ ਤੋਂ ਜਾਮ ਲਾਉਣ ਲਈ ਮਜਬੂਰ ਹੋਣਗੇ। ਉੱਧਰ, ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਹੜ੍ਹਾਂ ਦੇ ਖਤਰੇ ਦੇ ਮੱਦੇਨਜ਼ਰ ਆਬਾਦੀ ਵਾਲੇ ਏਰੀਏ ਵਿੱਚ ਪਾਣੀ ਨਾ ਜਾਣ ਦੇ ਉਦੇਸ਼ ਨਾਲ ਇਹ ਪ੍ਰਬੰਧ ਕੀਤੇ ਜਾ ਰਹੇ ਹਨ।