For the best experience, open
https://m.punjabitribuneonline.com
on your mobile browser.
Advertisement

ਰੋਡਵੇਜ਼ ਡਰਾਈਵਰਾਂ ਤੇ ਕੰਡਕਟਰਾਂ ਵੱਲੋਂ ਕੌਮੀ ਮਾਰਗ ਜਾਮ

07:04 AM Mar 24, 2024 IST
ਰੋਡਵੇਜ਼ ਡਰਾਈਵਰਾਂ ਤੇ ਕੰਡਕਟਰਾਂ ਵੱਲੋਂ ਕੌਮੀ ਮਾਰਗ ਜਾਮ
ਬਨੂੜ ਦੇ ਬੱਸ ਅੱਡੇ ਨੇੜੇ ਪੈਪਸੂ ਰੋਡਵੇਜ਼ ਦੇ ਕਰਮਚਾਰੀ ਸੜਕ ਵਿਚਾਲੇ ਬੱਸਾਂ ਖੜ੍ਹੀਆਂ ਕਰ ਕੇ ਪ੍ਰਦਰਸ਼ਨ ਕਰਦੇ ਹੋਏ।
Advertisement

ਕਰਮਜੀਤ ਸਿੰਘ ਚਿੱਲਾ
ਬਨੂੜ, 23 ਮਾਰਚ
ਇੱਥੇ ਬੱਸ ਅੱਡੇ ਨੇੜੇ ਸਰਕਾਰੀ ਸਕੂਲ ਸਾਹਮਣੇ ਕੌਮੀ ਮਾਰਗ ਉੱਤੇ ਪੈਪਸੂ ਰੋਡਵੇਜ਼ ਦੇ ਡਰਾਈਵਰਾਂ-ਕੰਡਕਟਰਾਂ ਨੇ ਸੜਕ ਉੱਤੇ ਬੱਸਾਂ ਟੇਢੀਆਂ ਖੜ੍ਹਾ ਕੇ ਜਾਮ ਲਗਾ ਦਿੱਤਾ। ਸਵੇਰੇ ਦਸ ਵਜੇ ਲੱਗਿਆ ਜਾਮ ਤਕਰਬੀਨ ਪੌਣੇ ਗਿਆਰਾਂ ਵਜੇ ਖੁੱਲ੍ਹਿਆ ਅਤੇ ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਕਤਾਰਾਂ ਲੱਗ ਗਈਆਂ ਅਤੇ ਰਾਹਗੀਰ ਪ੍ਰੇਸ਼ਾਨ ਹੁੰਦੇ ਰਹੇ। ਬਨੂੜ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਦੋਵੇਂ ਧਿਰਾਂ ਨੂੰ ਸ਼ਾਂਤ ਕੀਤਾ ਅਤੇ ਜਾਮ ਖੁੱਲ੍ਹਵਾਇਆ।
ਜਾਣਕਾਰੀ ਅਨੁਸਾਰ ਜ਼ੀਰਕਪੁਰ ਤੋਂ ਰਾਜਪੁਰਾ ਜਾ ਰਹੀ ਪੈਪਸੂ ਰੋਡਵੇਜ਼ ਦੀ ਬੱਸ ਦੇ ਕੰਡਕਟਰ ਲਲਿਤ ਪਹੂਜਾ ਅਤੇ ਡਰਾਈਵਰ ਰਣਜੀਤ ਸਿੰਘ ਨੇ ਦੱਸਿਆ ਕਿ ਜ਼ੀਰਕਪੁਰ ਦੇ ਪਟਿਆਲਾ ਚੌਕ ’ਤੇ ਆਪਣੇ ਬੱਚੇ ਸਣੇ ਖੜ੍ਹੇ ਪਤੀ-ਪਤਨੀ ਨੇ ਬੱਸ ਰੋਕਣ ਦਾ ਇਸ਼ਾਰਾ ਕੀਤਾ। ਉਨ੍ਹਾਂ ਕਿਹਾ ਕਿ ਚੌਕ ਵਿੱਚ ਪੁਲੀਸ ਵੱਲੋਂ ਬੱਸਾਂ ਰੋਕਣ ਦੀ ਮਨਾਹੀ ਕਾਰਨ ਉਨ੍ਹਾਂ ਕੁੱਝ ਦੂਰੀ ’ਤੇ ਅੱਗੇ ਲਿਆ ਕੇ ਬੱਸ ਰੋਕੀ ਅਤੇ ਸਬੰਧਤ ਸਵਾਰੀਆਂ ਨੂੰ ਚੜ੍ਹਾਇਆ। ਉਨ੍ਹਾਂ ਕਿਹਾ ਕਿ ਸਵਾਰੀ ਚੌਕ ਵਿੱਚ ਬੱਸ ਨਾ ਰੋਕਣ ਕਾਰਨ ਉਨ੍ਹਾਂ ਨਾਲ ਬਹਿਸਦੀ ਰਹੀ। ਉਨ੍ਹਾਂ ਕਿਹਾ ਕਿ ਇਹ ਸਵਾਰੀਆਂ ਬਨੂੜ ਉਤਰ ਗਈਆਂ। ਇਸ ਦੌਰਾਨ ਬੱਸ ਦੀ ਅਗਲੀ ਖਿੜਕੀ ’ਤੇ ਖੜ੍ਹੇ ਡਰਾਈਵਰ ਦੇ ਸਬੰਧਤ ਮਰਦ ਸਵਾਰੀ ਨੇ ਥੱਪੜ ਮਾਰਿਆ। ਉਨ੍ਹਾਂ ਕਿਹਾ ਕਿ ਇਸ ਦੇ ਰੋਸ ਵਜੋਂ ਜਾਮ ਲਗਾਇਆ ਗਿਆ। ਇਸੇ ਦੌਰਾਨ ਉੱਥੇ ਪੈਪਸੂ ਦੀਆਂ ਹੋਰ ਬੱਸਾਂ ਵੀ ਆ ਗਈਆਂ ਤੇ ਉਨ੍ਹਾਂ ਵੀ ਸੜਕ ਦੇ ਵਿਚਾਲੇ ਬੱਸਾਂ ਖੜ੍ਹੀਆਂ ਕਰ ਦਿੱਤੀਆਂ।
ਉੱਧਰ ਬੱਸ ਵਿਚਲੀ ਸਬੰਧਤ ਸਵਾਰੀ ਨੇ ਵੀ ਰੋਡਵੇਜ਼ ਕਰਮਚਾਰੀਆਂ ’ਤੇ ਉਨ੍ਹਾਂ ਦੀ ਕੁੱਟਮਾਰ ਦਾ ਦੋਸ਼ ਲਾਇਆ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਮੌਕੇ ’ਤੇ ਪਹੁੰਚ ਗਏ।
ਜਾਮ ਦਾ ਪਤਾ ਲੱਗਦਿਆਂ ਹੀ ਥਾਣਾ ਬਨੂੜ ਦੇ ਏਐੱਸਆਈ ਜਸਪਾਲ ਸਿੰਘ ਵੀ ਪੁਲੀਸ ਸਣੇ ਪਹੁੰਚੇ। ਉਨ੍ਹਾਂ ਦੋਵੇਂ ਧਿਰਾਂ ਨੂੰ ਸ਼ਾਂਤ ਕਰ ਕੇ ਜਾਮ ਖੁੱਲ੍ਹਵਾ ਦਿੱਤਾ, ਜਿਸ ਮਗਰੋਂ ਆਵਾਜਾਈ ਬਹਾਲ ਹੋਈ ਅਤੇ ਰਾਹਗੀਰਾਂ ਨੇ ਸੁੱਖ ਦਾ ਸਾਹ ਲਿਆ। ਜਾਣਕਾਰੀ ਅਨੁਸਾਰ ਦੋਵਾਂ ਧਿਰਾਂ ਵਿਚਕਾਰ ਆਪਸੀ ਸਮਝੌਤਾ ਹੋ ਗਿਆ। ਪੁਲੀਸ ਕਰਮਚਾਰੀ ਨੇ ਦੱਸਿਆ ਕਿ ਕਿਸੇ ਵੀ ਧਿਰ ਵੱਲੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ।

Advertisement

Advertisement
Author Image

sanam grng

View all posts

Advertisement
Advertisement
×