ਕਿਸਾਨਾਂ ਵੱਲੋਂ ਨੈਸ਼ਨਲ ਹਾਈਵੇਅ ਜਾਮ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 16 ਅਗਸਤ
ਪਿਛਲੇ ਤਿੰਨ ਮਹੀਨਿਆਂ ਤੋਂ ਨੁਕਸਾਨੀਆਂ ਫ਼ਸਲਾਂ ਦਾ ਬੀਮਾ ਕਲੇਮ ਤੇ ਮੁਆਵਜ਼ੇ ਦੀ ਮੰਗ ਲਈ ਧਰਨਾ ਦੇ ਰਹੇ ਕਿਸਾਨਾਂ ਨੇ ਅੱਜ ਬੇਮਿਆਦੀ ਸਮੇਂ ਲਈ ਨੈਸ਼ਨਲ ਹਾਈਵੇਅ ਭਾਵਦੀਨ ਟੌਲ ਪਲਾਜ਼ਾ ’ਤੇ ਜਾਮ ਲਾ ਦਿੱਤਾ। ਇਸ ਦੌਰਾਨ ਕਿਸਾਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਕਿਸਾਨਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਨੁਕਸਾਨੀਆਂ ਫ਼ਸਲਾਂ ਦਾ ਬੀਮਾ ਕਲੇਮ ਤੇ ਮੁਆਵਜ਼ਾ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਾਇਆ ਜਾਂਦਾ, ਉਦੋਂ ਤੱਕ ਕਿਸਾਨ ਨੈਸ਼ਨਲ ਹਾਈਵੇਅ ’ਤੇ ਜਾਮ ਜਾਰੀ ਰੱਖਣਗੇ। ਕਿਸਾਨਾਂ ਵੱਲੋਂ ਜਾਮ ਲਾਏ ਜਾਣ ’ਤੇ ਪੁਲੀਸ ਨੇ ਟਰੈਫਿਕ ਦੇ ਬਲਦਵੇਂ ਇੰਤਜਾਮ ਕੀਤੇ। ਜਾਮ ਦੌਰਾਨ ਕਿਸਾਨਾਂ ਨੇ ਆਪਣੇ ਸੈਂਕੜੇ ਟਰੈਕਟਰ ਨੈਸ਼ਨਲ ਹਾਈਵੇਅ ’ਤੇ ਲਿਆ ਕੇ ਖੜ੍ਹੇ ਕਰ ਦਿੱਤੇ ਹਨ। ਉਧਰ, ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਕਰੀਬ 38 ਪਿੰਡਾਂ ਦਾ ਬੀਮਾ ਕਲੇਮ ਆ ਚੁੱਕਿਆ ਹੈ ਤੇ ਹੋਰਾਂ ਪਿੰਡਾਂ ਦੇ ਬੀਮਾ ਕਲੇਮ ਲਈ ਵੀ ਕੰਪਨੀ ਨਾਲ ਸੰਪਰਕ ਅਧਿਕਾਰੀਆਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਜਲਦ ਬਕਾਇਆ ਬੀਮਾ ਕਲੇਮ ਆਉਣ ਦੀ ਉਮੀਦ ਹੈ। ਇਹ ਨੈਸ਼ਨਲ ਹਾਈ ਵੇਅ ਦਿੱਲੀ ਤੋਂ ਫਾਜ਼ਿਲਕਾ ਤੱਕ ਜਾਂਦਾ ਹੈ। ਇਸ ਮੌਕੇ ’ਤੇ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਯੂਨੀਅਨ ਦੇ ਆਗੂ ਰਵੀ ਆਜ਼ਾਦ ਨੇ ਕਿਹਾ ਕਿ ਕਿਸਾਨ ਪਿਛਲੇ ਤਿੰਨ ਮਹੀਨਿਆਂ ਤੋਂ ਆਪਣੀ ਜਾਇਜ਼ ਮੰਗ ਨੂੰ ਲੈ ਕੇ ਜਿਥੇ ਪਿੰਡ ਨਰਾਇਣ ਖੇੜਾ ਵਿੱਚ ਧਰਨਾ ਦੇ ਰਹੇ ਹਨ ਉਥੇ ਹੀ ਚਾਰ ਕਿਸਾਨ ਪੰਦਰਾਂ ਦਿਨਾਂ ਤੋਂ ਟੈਂਕੀ ’ਤੇ ਬੈਠੇ ਹਨ। ਸਰਪੰਚਾਂ ਵੱਲੋਂ ਕਈ ਦਿਨਾਂ ਤੱਕ ਭੁੱਖ ਹੜਤਾਲ ਕੀਤੀ ਗਈ ਪਰ ਸਰਕਾਰ ਦੇ ਕੰਨਾਂ ’ਤੇ ਜੂੰ ਤੱਕ ਨਹੀਂ ਸਰਕੀ, ਜਿਸ ਕਾਰਨ ਉਹ ਨੈਸ਼ਨਲ ਹਾਈ ਵੇਅ ਜਾਮ ਕਰਨ ਲਈ ਮਜਬੂਰ ਹੋਏ ਹਨ।