ਕੌਮੀ ਖੇਡਾਂ: ਚਾਂਦੀ ਦਾ ਤਗ਼ਮਾ ਜੇਤੂ ਖਿਡਾਰਨ ਦਾ ਸਨਮਾਨ
ਜਸਵੰਤ ਜੱਸ
ਫਰੀਦਕੋਟ, 15 ਫਰਵਰੀ
ਉੱਤਰਾਖੰਡ ਵਿੱਚ ਦੇਸ਼ ਦੀਆਂ ਚੱਲ ਰਹੀਆਂ ਕੌਮੀ ਖੇਡਾਂ ਵਿੱਚ ਫਰੀਦਕੋਟ ਦੀ ਵਸਨੀਕ ਰਮਨਦੀਪ ਕੌਰ ਨੇ ਕੁਸ਼ਤੀ ਮੁਕਾਬਲਿਆਂ ਵਿੱਚ ਸਿਲਵਰ ਦਾ ਮੈਡਲ ਜਿੱਤ ਕੇ ਅੱਜ ਫਰੀਦਕੋਟ ਵਾਪਸੀ ਕੀਤੀ ਜਿਸ ਦਾ ਇੱਥੇ ਪਹੁੰਚਣ ’ਤੇ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਪਾਲ ਸਿੰਘ ਨਿੰਦਾ ਅਤੇ ਸ਼ਹਿਰ ਵਾਸੀਆਂ ਨੇ ਭਰਵਾਂ ਸਵਾਗਤ ਕੀਤਾ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਦੱਸਿਆ ਕਿ ਉੱਤਰਾਖੰਡ ਵਿੱਚ ਪਿਛਲੇ ਇੱਕ ਮਹੀਨੇ ਤੋਂ ਚੱਲ ਰਹੀਆਂ ਕੌਮੀ ਖੇਡਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਅਗਲੇ ਮੁਕਾਬਲੇ ਲਈ ਪੰਜਾਬ ਸਰਕਾਰ ਲੋੜੀਦੀ ਹਰ ਮਦਦ ਕਰੇਗੀ। ਉੱਤਰਾਖੰਡ ਵਿੱਚ ਹੋਈਆਂ ਕੌਮੀ ਖੇਡਾਂ ਦੌਰਾਨ ਪੰਜਾਬ ਦੇ ਖਿਡਾਰੀਆਂ ਨੇ 100 ਤੋਂ ਵੱਧ ਤਗਮੇ ਜਿੱਤਣ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਰਮਨਦੀਪ ਕੌਰ ਹੁਣ ਤੱਕ ਵੱਖ-ਵੱਖ ਮੁਕਾਬਲਿਆਂ ਵਿੱਚ 12 ਮੈਡਲ ਜਿੱਤ ਚੁੱਕੀ ਹੈ। ਰਮਨਦੀਪ ਨੇ ਕਿਹਾ ਕਿ ਭਵਿੱਖ ਵਿੱਚ ਉਹ ਹੋਰ ਵੀ ਚੰਗਾ ਪ੍ਰਦਰਸ਼ਨ ਕਰਕੇ ਆਪਣੇ ਜਿਲ੍ਹੇ ਅਤੇ ਪੰਜਾਬ ਦਾ ਨਾਮ ਰੌਸ਼ਨ ਕਰੇਗੀ।