ਕੌਮੀ ਖੇਡਾਂ: ਨਿਸ਼ਾਨੇਬਾਜ਼ ਸਿਫ਼ਤ ਕੌਰ ਸਮਰਾ ਨੇ ਸੋਨ ਤਗ਼ਮਾ ਜਿੱਤਿਆ
ਦੇਹਰਾਦੂਨ, 3 ਫਰਵਰੀ
ਪੰਜਾਬ ਦੀ ਸਿਫਤ ਕੌਰ ਸਮਰਾ ਅਤੇ ਕਰਨਾਟਕ ਦੇ ਜੋਨਾਥਨ ਐਂਥਨੀ ਨੇ ਅੱਜ ਇੱਥੇ 38ਵੀਆਂ ਕੌਮੀ ਖੇਡਾਂ ਵਿੱਚ ਕ੍ਰਮਵਾਰ ਮਹਿਲਾ 50 ਮੀਟਰ ਥ੍ਰੀ ਪੋਜ਼ੀਸ਼ਨ ਅਤੇ ਪੁਰਸ਼ 10 ਮੀਟਰ ਪਿਸਟਲ ਮੁਕਾਬਲਿਆਂ ਵਿੱਚ ਸੋਨ ਤਗ਼ਮੇ ਜਿੱਤੇ। ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ 23 ਸਾਲਾ ਸਿਫਤ ਨੇ ਇੱਥੇ ਮਹਾਰਾਣਾ ਪ੍ਰਤਾਪ ਕਾਲਜ ਵਿੱਚ ਖੇਡੇ ਗਏ ਫਾਈਨਲ ਵਿੱਚ 461.2 ਅੰਕਾਂ ਨਾਲ ਸਿਖਰਲਾ ਸਥਾਨ ਹਾਸਲ ਕੀਤਾ।

ਪੈਰਿਸ ਓਲੰਪਿਕ ਵਿੱਚ ਫਾਈਨਲ ਵਿੱਚ ਜਗ੍ਹਾ ਬਣਾਉਣ ’ਚ ਅਸਫਲ ਰਹੀ ਸਿਫਤ ਨੇ ਇਸ ਜਿੱਤ ਮਗਰੋਂ ਕਿਹਾ, ‘ਇਹ ਓਲੰਪਿਕ ਤੋਂ ਬਾਅਦ ਮੇਰੇ ਲਈ ਵਾਪਸੀ ਵਾਂਗ ਹੈ। ਮੈਂ ਓਲੰਪਿਕ ਤੋਂ ਬਾਅਦ ਬਰੇਕ ਨਹੀਂ ਲਈ ਅਤੇ ਅਭਿਆਸ ਜਾਰੀ ਰੱਖਿਆ। ਅਜਿਹੀ ਸਥਿਤੀ ਵਿੱਚ ਅੱਜ ਸੋਨ ਤਗ਼ਮਾ ਜਿੱਤਣਾ ਖਾਸ ਹੈ।’ ਇਸ ਦੌਰਾਨ ਪੰਜਾਬ ਦੀ ਹੀ ਅੰਜੁਮ ਮੌਦਗਿਲ ਨੇ 458.7 ਅੰਕਾਂ ਨਾਲ ਚਾਂਦੀ ਦਾ ਤਗਮਾ, ਜਦਕਿ ਤਿਲੰਗਾਨਾ ਦੀ ਸੁਰਭੀ ਭਾਰਦਵਾਜ ਨੇ 448.8 ਅੰਕਾਂ ਨਾਲ ਕਾਂਸੇ ਦਾ ਤਗ਼ਮਾ ਆਪਣੇ ਨਾਮ ਕੀਤਾ।
ਐਂਥਨੀ ਨੇ ਪੁਰਸ਼ਾਂ ਦੇ 10 ਮੀਟਰ ਪਿਸਟਲ ਫਾਈਨਲ ਵਿੱਚ ਸੋਨ ਤਗਮਾ ਜਿੱਤਣ ਲਈ ਕਾਫੀ ਸਬਰ ਅਤੇ ਇਕਾਗਰਤਾ ਦਿਖਾਈ। ਇਸ ਮੁਕਾਬਲੇ ਵਿੱਚ ਆਰਮੀ ਸਪੋਰਟਸ ਪ੍ਰਮੋਸ਼ਨ ਬੋਰਡ ਦੇ ਰਵਿੰਦਰ ਸਿੰਘ ਨੇ ਚਾਂਦੀ ਦਾ ਤਗ਼ਮਾ, ਜਦਕਿ ਗੁਰਪ੍ਰੀਤ ਸਿੰਘ ਨੇ ਕਾਂਸੇ ਦਾ ਤਗ਼ਮਾ ਜਿੱਤਿਆ। -ਪੀਟੀਆਈ