ਕੌਮੀ ਖੇਡਾਂ: ਨੀਰਜ ਨੇ 50 ਮੀਟਰ ਰਾਈਫਲ ’ਚ ਸੋਨ ਤਗ਼ਮਾ ਜਿੱਤਿਆ
ਦੇਹਰਾਦੂਨ, 6 ਫਰਵਰੀ
ਭਾਰਤੀ ਜਲ ਸੈਨਾ ਦੇ ਨਿਸ਼ਾਨੇਬਾਜ਼ ਨੀਰਜ ਕੁਮਾਰ ਨੇ ਅੱਜ ਇੱਥੇ ਕੌਮੀ ਖੇਡਾਂ ਦੇ ਪੁਰਸ਼ 50 ਮੀਟਰ ਰਾਈਫਲ 3 ਪੋਜ਼ੀਸ਼ਨ ਮੁਕਾਬਲੇ ਵਿੱਚ ਪੈਰਿਸ ਓਲੰਪਿਕ ਦੇ ਕਾਂਸੇ ਦਾ ਤਗ਼ਮਾ ਜੇਤੂ ਸਵਪਨਿਲ ਕੁਸਾਲੇ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਸਰਵਿਸਿਜ਼ ਸਪੋਰਟਸ ਕੰਟਰੋਲ ਬੋਰਡ (ਐੱਸਐੱਸਸੀਬੀ) ਦੇ 25 ਸਾਲਾ ਨੀਰਜ ਨੇ 464.1 ਅੰਕਾਂ ਨਾਲ ਸੂਚੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ। ਮੱਧ ਪ੍ਰਦੇਸ਼ ਦੇ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ 462.4 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਮਹਾਰਾਸ਼ਟਰ ਦਾ ਸਵਪਨਿਲ 447.7 ਅੰਕਾਂ ਨਾਲ ਤੀਜੇ ਸਥਾਨ ’ਤੇ ਰਿਹਾ।
ਇਸ ਦੌਰਾਨ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਵਿੱਚ ਹਰਿਆਣਾ ਦੀ ਸੁਰੂਚੀ ਸਿੰਘ ਅਤੇ ਪ੍ਰਮੋਦ ਨੇ ਰਾਜਸਥਾਨ ਦੀ ਅੰਜਲੀ ਸ਼ੇਖਾਵਤ ਅਤੇ ਉਮੇਸ਼ ਚੌਧਰੀ ਨੂੰ 17-7 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਕਾਂਸੇ ਦਾ ਤਗ਼ਮਾ ਮਹਾਰਾਸ਼ਟਰ ਦੀ ਰਾਹੀ ਸਰਨੋਬਤ ਅਤੇ ਪ੍ਰਣਵ ਅਰਵਿੰਦ ਪਾਟਿਲ ਦੀ ਜੋੜੀ ਨੇ ਜਿੱਤਿਆ, ਜਿਨ੍ਹਾਂ ਨੇ ਅਭਿਨਵ ਦੇਸਵਾਲ ਅਤੇ ਯਸ਼ਸਵੀ ਜੋਸ਼ੀ ਦੀ ਉੱਤਰਾਖੰਡ ਦੀ ਜੋੜੀ ਨੂੰ 17-3 ਨਾਲ ਹਰਾਇਆ। ਤੀਰਅੰਦਾਜ਼ੀ ਦੇ ਪੁਰਸ਼ ਵਰਗ ਵਿੱਚ ਜੁਏਲ ਸਰਕਾਰ ਅਤੇ ਮਹਿਲਾ ਵਰਗ ਵਿੱਚ ਦੀਪਿਕਾ ਕੁਮਾਰੀ ਜਦਕਿ ਮੁੱਕੇਬਾਜ਼ੀ ਵਿੱਚ ਓਲੰਪਿਕ ਤਗ਼ਮਾ ਜੇਤੂ ਮੁੱਕੇਬਾਜ਼ ਲਵਲੀਨਾ ਬੋਰਗੋਹੇਨ (75 ਕਿਲੋ) ਅਤੇ ਸ਼ਿਵ ਥਾਪਾ (63.5 ਕਿਲੋ) ਨੇ ਸੋਨ ਤਗ਼ਮੇ ਜਿੱਤੇ। -ਪੀਟੀਆਈ