ਕੌਮੀ ਖੇਡਾਂ: ਅਨਿਮੇਸ਼ ਨੇ 100 ਮੀਟਰ ਦੌੜ ’ਚ ਸੋਨ ਤਗ਼ਮਾ ਜਿੱਤਿਆ
ਦੇਹਰਾਦੂਨ, 8 ਫਰਵਰੀ
ਉੜੀਸਾ ਦੇ ਉੱਭਰਦੇ ਦੌੜਾਕ ਅਨਿਮੇਸ਼ ਕੁਜੂਰ ਨੇ ਅੱਜ ਇੱਥੇ ਕੌਮੀ ਖੇਡਾਂ ਦੇ ਅਥਲੈਟਿਕਸ ਦੇ ਪਹਿਲੇ ਦਿਨ ਪੁਰਸ਼ਾਂ ਦੀ 100 ਮੀਟਰ ਦੌੜ ਵਿੱਚ ਸੋਨ ਤਗ਼ਮਾ ਜਿੱਤ ਕੇ ਖੇਡਾਂ ਦੇ ਰਿਕਾਰਡ 10.28 ਸੈਕਿੰਡ ਦੀ ਬਰਾਬਰੀ ਕੀਤੀ। ਅੱਜ 10 ਸੋਨ ਤਗ਼ਮੇ ਦਾਅ ’ਤੇ ਸਨ, ਜਿਨ੍ਹਾਂ ’ਚੋਂ ਮਹਾਰਾਸ਼ਟਰ ਅਤੇ ਫੌਜ ਨੇ ਦੋ-ਦੋ, ਜਦਕਿ ਉੜੀਸਾ, ਹਿਮਾਚਲ ਪ੍ਰਦੇਸ਼, ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਤਾਮਿਲਨਾਡੂ ਨੇ ਇੱਕ-ਇੱਕ ਸੋਨ ਤਗ਼ਮਾ ਜਿੱਤਿਆ। 21 ਸਾਲਾ ਕੁਜੂਰ ਦਾ ਨਿੱਜੀ ਸਰਬੋਤਮ ਸਮਾਂ 10.27 ਸੈਕਿੰਡ ਹੈ। ਮਹਾਰਾਸ਼ਟਰ ਦੇ ਪ੍ਰਣਵ ਨੇ 10.32 ਸੈਕਿੰਡ ਸਮੇਂ ਨਾਲ ਚਾਂਦੀ, ਜਦਕਿ ਅਮਲਾਨ ਬੋਰਗੋਹੇਨ ਨੇ 10.43 ਸੈਕਿੰਡ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ।
ਮਹਿਲਾ ਵਰਗ ਦੀ 100 ਮੀਟਰ ਦੌੜ ਵਿੱਚ ਮਹਾਰਾਸ਼ਟਰ ਦੀ ਸੁਦੇਸ਼ਨਾ ਸ਼ਿਵਾਂਕਰ ਨੇ 11.76 ਸੈਕਿੰਡ ਦੇ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਤਿਲੰਗਾਨਾ ਦੀ ਨਿਤਿਆ (11.79) ਅਤੇ ਤਾਮਿਲਨਾਡੂ ਦੀ ਗਿਰੀਧਰਾਨੀ ਰਵੀਕੁਮਾਰ (11.88) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ। ਹਿਮਾਚਲ ਪ੍ਰਦੇਸ਼ ਦੇ ਸਾਵਨ ਬਰਵਾਲ ਨੇ ਪੁਰਸ਼ਾਂ ਦੀ 10,000 ਮੀਟਰ ਦੌੜ ਦੇ ਫਾਈਨਲ ਵਿੱਚ 28:49.93 ਮਿੰਟ ਦੇ ਰਿਕਾਰਡ ਸਮੇਂ ਨਾਲ ਸੋਨ ਤਗ਼ਮਾ ਜਿੱਤਿਆ। ਇਸ ਤੋਂ ਪਹਿਲਾਂ ਇਹ ਰਿਕਾਰਡ ਗੁਲਵੀਰ ਸਿੰਘ ਨੇ 2022 ਵਿੱਚ 28:54.29 ਦੇ ਸਮੇਂ ਨਾਲ ਬਣਾਇਆ ਸੀ।
ਪੈਰਿਸ ਓਲੰਪਿਕ ਵਿੱਚ 5000 ਮੀਟਰ ’ਚ ਭਾਰਤ ਦੀ ਨੁਮਾਇੰਦਗੀ ਕਰਨ ਵਾਲੀ ਉੱਤਰਾਖੰਡ ਦੀ ਅੰਕਿਤਾ ਧਿਆਨੀ ਨੇ 10,000 ਮੀਟਰ ਵਿੱਚ 34:31.03 ਦੇ ਸਮੇਂ ਨਾਲ ਚਾਂਦੀ ਦਾ ਤਗਮਾ ਜਿੱਤਿਆ।
ਮਹਿਲਾ ਵਰਗ ਦੀ 1500 ਮੀਟਰ ਦੌੜ ਦੇ ਫਾਈਨਲ ਵਿੱਚ ਦਿੱਲੀ ਦੀ ਕੇਐੱਮ ਚੰਦਾ ਨੇ ਮੱਧ ਪ੍ਰਦੇਸ਼ ਦੀ ਕੌਮੀ ਰਿਕਾਰਡ ਧਾਰਕ ਕੇਐੱਮ ਦੀਕਸ਼ਾ ਨੂੰ ਹਰਾ ਕੇ ਸੋਨ ਤਗਮਾ ਜਿੱਤਿਆ। ਚੰਦਾ ਨੇ 4:17.74 ਸੈਕਿੰਡ ਦਾ ਸਮਾਂ ਲਿਆ, ਜਦਕਿ ਦੀਕਸ਼ਾ 4:21.92 ਸੈਕਿੰਡ ਨਾਲ ਬਹੁਤ ਪਿੱਛੇ ਰਹੀ। ਪੰਜਾਬ ਦੀ ਅਮਨਦੀਪ ਕੌਰ ਨੇ 4:22.75 ਦੇ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ।
ਪੁਰਸ਼ਾਂ ਦੇ ਡਿਸਕਸ ਥ੍ਰੋਅ ਮੁਕਾਬਲੇ ਵਿੱਚ ਫੌਜ ਦੇ ਗਗਨਦੀਪ ਸਿੰਘ ਨੇ 55.01 ਮੀਟਰ ਦੀ ਕੋਸ਼ਿਸ਼ ਨਾਲ 2023 ਦੇ ਸੀਜ਼ਨ ਵਿੱਚ ਜਿੱਤੇ ਸੋਨ ਤਗ਼ਮੇ ਦਾ ਬਚਾਅ ਕੀਤਾ। ਇਸ ਮੁਕਾਬਲੇ ਵਿੱਚ ਹਰਿਆਣਾ ਦੇ ਨਿਰਭੈ ਸਿੰਘ (54.07 ਮੀਟਰ) ਨੇ ਚਾਂਦੀ ਦਾ ਤਗਮਾ ਜਿੱਤਿਆ। -ਪੀਟੀਆਈ