For the best experience, open
https://m.punjabitribuneonline.com
on your mobile browser.
Advertisement

ਰਾਸ਼ਟਰੀ ਝੰਡੇ ਦਾ ਸਫ਼ਰ

07:05 AM Jan 25, 2025 IST
ਰਾਸ਼ਟਰੀ ਝੰਡੇ ਦਾ ਸਫ਼ਰ
Advertisement

ਸੁਖਮੰਦਰ ਸਿੰਘ ਤੂਰ 

Advertisement

ਸਾਡੇ ਦੇਸ਼ ਦਾ ਵਰਤਮਾਨ ਰਾਸ਼ਟਰੀ ਝੰਡਾ ਅਨੇਕਾਂ ਤਬਦੀਲੀਆਂ ਦੇ ਬਾਅਦ ਹੋਂਦ ਵਿੱਚ ਆਇਆ ਹੈ। ਭਾਰਤ ਵਿੱਚ ਸਭ ਤੋਂ ਪਹਿਲਾਂ ਕਲਕੱਤਾ (ਹੁਣ ਕੋਲਕਾਤਾ) ਦੇ ਇੱਕ ਸਮਾਗਮ ਵਿੱਚ ਸੁਰਿੰਦਰ ਨਾਥ ਬੈਨਰਜੀ ਨੇ 7 ਅਗਸਤ, 1906 ਨੂੰ ਕੌਮੀ ਝੰਡੇ ਦੇ ਮੁੱਢਲੇ ਵਜੂਦ ਵਜੋਂ ਝੰਡਾ ਲਹਿਰਾਇਆ। ਇਸ ਵਿੱਚ ਤਿੰਨ ਪੱਟੀਆਂ ਗੂੜ੍ਹੀ ਹਰੀ, ਗੂੜ੍ਹੀ ਪੀਲੀ ਅਤੇ ਗੂੜ੍ਹੀ ਲਾਲ ਰੰਗ ਦੀ ਸੀ। ਹਰੀ ਪੱਟੀ ਉੱਪਰ ਅੱਠ ਚਿੱਟੇ ਕਮਲ ਦੇ ਫੁੱਲਾਂ ਦੇ ਨਿਸ਼ਾਨ ਸਨ। ਲਾਲ ਪੱਟੀ ਉੱਤੇ ਸੂਰਜ ਅਤੇ ਚੰਦ ਦੇ ਨਿਸ਼ਾਨ ਸਨ ਅਤੇ ਪੀਲੀ ਪੱਟੀ ਉੱਪਰ ‘ਵੰਦੇ ਮਾਤਰਮ’ ਲਿਖਿਆ ਹੋਇਆ ਸੀ।
ਇਸ ਤੋਂ ਬਾਅਦ ਸਾਡੀ ਜੰਗ-ਏ-ਆਜ਼ਾਦੀ ਦੀ ਲੜਾਈ ਵਿੱਚ ਭਾਗ ਲੈਣ ਵਾਲੀ ਮੈਡਮ ਭੀਮਾ ਜੀ ਕਾਮਾ ਨੇ 18 ਅਗਸਤ, 1907 ਨੂੰ ਜਰਮਨੀ ਦੇ ਇੱਕ ਸਮਾਗਮ ਵਿੱਚ ਭਾਰਤੀ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਝੰਡੇ ਵਿੱਚ ਲਾਲ, ਪੀਲੇ ਅਤੇ ਹਰੇ ਰੰਗ ਦੀਆਂ ਤਿਰਛੀਆਂ ਧਾਰੀਆਂ ਨੂੰ ਦਰਸਾਇਆ ਗਿਆ ਸੀ। ਉੱਪਰਲੀ ਲਾਲ ਧਾਰੀ ਵਿੱਚ ਸੱਤ ਤਾਰੇ ਅਤੇ ਇੱਕ ਕਮਲ ਦਾ ਫੁੱਲ ਬਣਿਆ ਹੋਇਆ ਸੀ। ਵਿਚਕਾਰਲੀ ਪੀਲੀ ਪੱਟੀ ’ਤੇ ਨੀਲੇ ਰੰਗ ਨਾਲ ‘ਵੰਦੇ ਮਾਤਰਮ’ ਲਿਖਿਆ ਹੋਇਆ ਸੀ ਅਤੇ ਹੇਠਲੀ ਹਰੀ ਪੱਟੀ ਵਿੱਚ ਤਾਰਾ ਅਤੇ ਚੰਦਰਮਾ ਬਣਾਇਆ ਗਿਆ ਸੀ।
ਸੰਨ 1920 ਵਿੱਚ ਪਹਿਲੇ ਸੰਸਾਰ ਯੁੱਧ ਤੋਂ ਬਾਅਦ ਜਦੋਂ ਅੰਗਰੇਜ਼ ਭਾਰਤ ਨੂੰ ਆਜ਼ਾਦ ਕਰਨ ਤੋਂ ਮੁੱਕਰ ਗਏ ਸਨ ਤਾਂ ਭਾਰਤ ਦੀ ਰਾਜਨੀਤੀ ਵਿੱਚ ਭਾਰੀ ਪਰਿਵਰਤਨ ਹੋਇਆ। ਇਸ ਗੱਲ ਨੂੰ ਮੁੱਖ ਰੱਖਦਿਆਂ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਨਵੇਂ ਝੰਡੇ ਦੀ ਰਚਨਾ ਕੀਤੀ। ਇਸ ਵਿੱਚ ਤਿੰਨ ਰੰਗ ਦੀਆਂ ਪੱਟੀਆਂ ਸ਼ਾਮਲ ਕੀਤੀਆਂ ਗਈਆਂ ਸਨ। ਸਭ ਤੋਂ ਉੱਪਰ ਸਫ਼ੈਦ, ਵਿਚਕਾਰ ਹਰੀ ਅਤੇ ਹੇਠਾਂ ਨੀਲੇ ਰੰਗ ਦੀ ਪੱਟੀ ਜੋੜੀ ਗਈ। ਇਸ ਝੰਡੇ ਵਿੱਚ ਸੂਤ ਕੱਤਣ ਵਾਲੇ ਚਰਖੇ ਦਾ ਨਿਸ਼ਾਨ ਵੀ ਬਣਿਆ ਹੋਇਆ ਸੀ। ਕੁਝ ਸਮੇਂ ਬਾਅਦ ਇਸ ਝੰਡੇ ਬਾਰੇ ਵੀ ਵਿਵਾਦ ਖੜ੍ਹੇ ਹੋ ਗਏ। ਇਨ੍ਹਾਂ ਵਿਵਾਦਾਂ ਦੇ ਹੱਲ ਲਈ 1931 ਵਿੱਚ ਇਸ ਵਿੱਚ ਸੋਧ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ। ਇਸ ਕਮੇਟੀ ਵਿੱਚ ਸੱਤ ਮੈਂਬਰ ਸ਼ਾਮਲ ਕੀਤੇ ਗਏ। ਇਸ ਕਮੇਟੀ ਨੇ ਵੀ ਤਿੰਨ ਰੰਗਾਂ ਵਾਲੇ ਝੰਡੇ ਦੀ ਸਿਫਾਰਸ਼ ਕੀਤੀ। ਇਹ ਤਿੰਨ ਰੰਗ ਸਨ ਕੇਸਰੀ, ਸਫ਼ੈਦ ਅਤੇ ਹਰਾ। ਝੰਡੇ ਦੀ ਸਭ ਤੋਂ ਉੱਪਰਲੀ ਪੱਟੀ ਕੇਸਰੀ, ਵਿਚਕਾਰਲੀ ਸਫ਼ੈਦ ਅਤੇ ਹੇਠਲੀ ਹਰੇ ਰੰਗ ਦੀ ਸੀ। ਇਸ ਦੀ ਵਿਚਕਾਰਲੀ ਪੱਟੀ ’ਤੇ ਚਰਖਾ ਬਣਿਆ ਹੋਇਆ ਸੀ।
ਦੇਸ਼ ਦੇ ਆਜ਼ਾਦ ਹੋਣ ਤੋਂ ਬਾਅਦ ਇੱਕ ਵਾਰ ਫਿਰ ਇਸ ਝੰਡੇ ਵਿੱਚ ਥੋੜ੍ਹਾ ਜਿਹਾ ਪਰਿਵਰਤਨ ਕੀਤਾ ਗਿਆ। ਇਸ ਦੀ ਵਿਚਕਾਰਲੀ ਪੱਟੀ ’ਤੇ ਬਣੇ ਚਰਖੇ ਦੇ ਨਿਸ਼ਾਨ ਦੀ ਥਾਂ ਸਾਰਨਾਥ ਦੀ ਮਸ਼ਹੂਰ ਸ਼ੇਰਾਂ ਵਾਲੀ ਲਾਠ ਵਿਚਲੇ ਅਸ਼ੋਕ ਚੱਕਰ ਨੂੰ ਸ਼ਾਮਲ ਕੀਤਾ ਗਿਆ। ਇਸ ਝੰਡੇ ਵਿਚਲੇ ਰੰਗਾਂ ਅਤੇ ਅਸ਼ੋਕ ਚੱਕਰ ਦਾ ਆਪਣਾ ਮਹੱਤਵ ਹੈ। ਕੇਸਰੀ ਰੰਗ ਵੀਰਤਾ ਅਤੇ ਤਿਆਗ ਦਾ, ਸਫ਼ੈਦ ਰੰਗ ਸ਼ਾਂਤੀ, ਸੱਚਾਈ ਅਤੇ ਪਵਿੱਤਰਤਾ ਦਾ ਅਤੇ ਹਰਾ ਰੰਗ ਵਿਸ਼ਵਾਸ, ਖ਼ੁਸ਼ਹਾਲੀ ਅਤੇ ਹਰਿਆਲੀ ਦਾ ਪ੍ਰਤੀਕ ਹੈ। ਚੌਵੀ ਲਕੀਰਾਂ ਵਾਲੇ ਅਸ਼ੋਕ ਚੱਕਰ ਦਾ ਭਾਵ ਹੈ ਕਿ ਦੇਸ਼ ਦਿਨ-ਰਾਤ ਤਰੱਕੀ ਵੱਲ ਵਧਦਾ ਰਹੇ।
ਸੰਵਿਧਾਨ ਸਭਾ ਵਿੱਚ ਫੈਸਲਾ ਕੀਤਾ ਗਿਆ ਕਿ ਰਾਸ਼ਟਰੀ ਝੰਡਾ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਹਰਮਨ ਪਿਆਰੇ ਕੱਪੜੇ ਖਾਦੀ ਦਾ ਹੋਵੇਗਾ। 15 ਅਗਸਤ, 1947 ਨੂੰ ਇਹੀ ਝੰਡਾ ਕੌਮੀ ਝੰਡੇ ਦੇ ਰੂਪ ਵਿੱਚ ਦਿੱਲੀ ਵਿਖੇ ਲਹਿਰਾਇਆ ਗਿਆ ਸੀ। 15 ਅਗਸਤ ਵਾਲੇ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਝੰਡੇ ਦੀ ਰਸਮ ਅਦਾ ਕਰਦੇ ਹਨ ਅਤੇ 26 ਜਨਵਰੀ ਨੂੰ ਰਾਸ਼ਟਰਪਤੀ ਝੰਡਾ ਲਹਿਰਾਉਂਦੇ ਹਨ। ਅਜਿਹਾ ਇਸ ਲਈ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਦੇਸ਼ ਦੇ ਰਾਜਨੀਤਿਕ ਮੁਖੀ ਹਨ, ਜਦਕਿ ਰਾਸ਼ਟਰਪਤੀ ਦੇਸ਼ ਦੇ ਸੰਵਿਧਾਨਕ ਮੁਖੀ ਹਨ।

Advertisement

Advertisement
Author Image

joginder kumar

View all posts

Advertisement