ਔਰਤਾਂ ਲਈ ਸੁਰੱਖਿਅਤ ਨਹੀਂ ਕੌਮੀ ਰਾਜਧਾਨੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਦਸੰਬਰ
ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਨੇ ਮੁੜ ਦਿੱਲੀ ਵਿੱਚ ਔਰਤਾਂ ਦੀ ਸੁਰੱਖਿਆ ਦੀ ਡਰਾਉਣੀ ਤਸਵੀਰ ਸਾਹਮਣੇ ਲਿਆਂਦੀ ਹੈ। ਐੱਨਸੀਆਰਬੀ ਦੇ ਅੰਕੜਿਆਂ ਅਨੁਸਾਰ ਦਿੱਲੀ ਵਿੱਚ 2021 ਦੇ ਮੁਕਾਬਲੇ 2022 ਵਿੱਚ ਅਪਰਾਧਿਕ ਮਾਮਲਿਆਂ ਵਿੱਚ 3.3 ਫੀਸਦੀ ਵਾਧਾ ਹੋਇਆ ਹੈ ਅਤੇ ਕਰੀਬ ਤਿੰਨ ਲੱਖ ਕੇਸ ਦਰਜ ਹੋਏ ਹਨ। ਐਨਸੀਆਰਬੀ ਦੀ ਸਾਲਾਨਾ ਅਪਰਾਧ ਰਿਪੋਰਟ ਅਨੁਸਾਰ 2022 ਵਿੱਚ ਕੌਮੀ ਰਾਜਧਾਨੀ ਵਿੱਚ ਭਾਰਤੀ ਦੰਡਾਵਲੀ ਤਹਿਤ ਕੁੱਲ 2,98,988 ਕੇਸ ਦਰਜ ਕੀਤੇ ਗਏ ਸਨ, ਜਦੋਂ ਕਿ 2021 ਵਿੱਚ 2,89,045 ਕੇਸ ਦਰਜ ਕੀਤੇ ਗਏ ਸਨ। 2020 ਵਿੱਚ ਦਰਜ ਕੇਸਾਂ ਦੀ ਕੁੱਲ ਗਿਣਤੀ 2,45,844 ਸੀ। ਸਾਲ 2022 ਵਿੱਚ ‘ਔਰਤਾਂ ਖ਼ਿਲਾਫ਼ ਅਪਰਾਧਾਂ’ ਦੇ ਕੁੱਲ 14,158 ਮਾਮਲੇ ਦਰਜ ਕੀਤੇ ਗਏ ਸਨ, ਜੋ ਕਿ ਪਿਛਲੇ ਸਾਲ 2021 ਅਤੇ 2020 ਵਿੱਚ ਕ੍ਰਮਵਾਰ 13,982 ਅਤੇ 9,782 ਸਨ। ਅੰਕੜਿਆਂ ਵਿੱਚ ਕਿਹਾ ਗਿਆ ਹੈ ਕਿ 2022 ਵਿੱਚ ਬੱਚਿਆਂ ਵਿਰੁੱਧ ਅਪਰਾਧਾਂ ਦੇ ਮਾਮਲੇ ਵਧ ਕੇ 7,400 ਹੋ ਗਏ, ਜਦੋਂ ਕਿ 2021 ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ 5,256 ਸੀ। 2021 ਅਤੇ 2022 ਦੇ ਵਿਚਕਾਰ ਬਜ਼ੁਰਗ ਨਾਗਰਿਕਾਂ ਵਿਰੁੱਧ ਅਪਰਾਧ ਦੇ ਮਾਮਲੇ 1,166 ਤੋਂ ਵਧ ਕੇ 1,313 ਹੋ ਗਏ ਹਨ। ਕੌਮੀ ਰਾਜਧਾਨੀ ਵਿੱਚ ਨਾਬਾਲਗਾਂ ਦੇ ਅਗਵਾ ਦੇ ਮਾਮਲਿਆਂ ਵਿੱਚ 2 ਫੀਸਦ ਦਾ ਵਾਧਾ ਹੋਇਆ ਹੈ, ਜਿਸ ਵਿੱਚ ਜ਼ਿਆਦਾਤਰ ਪੀੜਤ 12-18 ਉਮਰ ਦੇ ਹਨ। 2021 ਵਿੱਚ ਅਗਵਾ ਦੇ ਕੇਸ 5,475 ਸਨ, ਜੋ 2022 ਵਿੱਚ ਵਧ ਕੇ 5,585 ਹੋ ਗਏ। ਐਨਸੀਆਰਬੀ ਦੇ ਅੰਕੜਿਆਂ ਅਨੁਸਾਰ 2020 ਵਿੱਚ 4,011 ਕੇਸ ਦਰਜ ਕੀਤੇ ਗਏ ਸਨ।
ਦਿੱਲੀ ਵਿੱਚ 2022 ਵਿੱਚ ਪ੍ਰੇਮ ਸਬੰਧਾਂ ਕਾਰਨ ਕਤਲ ਦੇ 16 ਮਾਮਲੇ ਸਾਹਮਣੇ ਆਏ। ਇਨ੍ਹਾਂ ਵਿੱਚ ਸ਼ਰਧਾ ਵਾਲਕਰ ਦਾ ਸਨਸਨੀਖੇਜ਼ ਕਤਲ ਕੇਸ ਵੀ ਸ਼ਾਮਲ ਹੈ। ਵਾਕਰ ਦੇ ‘ਲਿਵ-ਇਨ ਪਾਰਟਨਰ’ ਆਫਤਾਬ ਅਮੀਨ ਪੂਨਾਵਾਲਾ ਨੇ ਕਥਿਤ ਤੌਰ ’ਤੇ ਕਿਸੇ ਹੋਰ ਵਿਅਕਤੀ ਨਾਲ ਸਬੰਧ ਹੋਣ ਦੇ ਸ਼ੱਕ ’ਚ ਉਸ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਸੀ ਅਤੇ ਉਸ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਸਨ। ਵਾਕਰ ਦੀ ਲਾਸ਼ ਦੱਖਣੀ ਦਿੱਲੀ ਦੇ ਮਹਿਰੌਲੀ ਨੇੜੇ ਜੰਗਲ ਵਿੱਚ ਸੁੱਟੀ ਗਈ ਸੀ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਮੁਤਾਬਕ ਦਿੱਲੀ ’ਚ ਕੁੱਲ 501 ਕਤਲ ਦੇ ਕੇਸ ਦਰਜ ਕੀਤੇ ਗਏ, ਜਿਨ੍ਹਾਂ ’ਚੋਂ ਘੱਟੋ-ਘੱਟ 13 ਕੇਸ ਨਾਜਾਇਜ਼ ਸਬੰਧਾਂ, 54 ਨਿੱਜੀ ਰੰਜਿਸ਼, 197 ਪਰਿਵਾਰਕ, ਜਾਇਦਾਦ ਅਤੇ ਹੋਰ ਝਗੜਿਆਂ ਨਾਲ ਸਬੰਧਤ ਸਨ। ਕੌਮੀ ਰਾਜਧਾਨੀ ਵਿੱਚ 2022 ਵਿੱਚ ਸਾਈਬਰ ਅਪਰਾਧ ਦੇ ਮਾਮਲੇ ਲਗਪਗ ਦੁੱਗਣੇ ਹੋ ਗਏ। ਐੱਨਸੀਆਰਬੀ ਦੇ 2022 ਲਈ ਵਿਆਪਕ ਅਪਰਾਧ ਅੰਕੜੇ ਦਰਸਾਉਂਦੇ ਹਨ ਕਿ ਅਜਿਹੇ ਮਾਮਲਿਆਂ ਦੀ ਗਿਣਤੀ 2021 ਵਿੱਚ 345 ਸੀ, ਜੋ 2022 ਵਿੱਚ ਵਧ ਕੇ 685 ਹੋ ਗਈ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ 2020 ’ਚ ਸਾਈਬਰ ਅਪਰਾਧ ਦੇ ਸਿਰਫ 166 ਮਾਮਲੇ ਸਾਹਮਣੇ ਆਏ ਹਨ। ਦਿੱਲੀ ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ, ‘‘ਅਸੀਂ ਸਾਈਬਰ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕੰਮ ਕਰ ਰਹੇ ਹਾਂ ਅਤੇ ਸਮੇਂ-ਸਮੇਂ ’ਤੇ ਕਈ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ।’’
ਸਮਾਜ ਨੂੰ ਜਾਗਰੂਕ ਹੋਣਾ ਪਵੇਗਾ: ਪ੍ਰੋਫੈਸਰ ਹਰਮੀਤ ਕੌਰ
ਦਿਆਲ ਸਿੰਘ ਕਾਲਜ ਦੀ ਸਹਾਇਕ ਪ੍ਰੋਫੈਸਰ ਡਾ. ਹਰਮੀਤ ਕੌਰ ਨੇ ਕਿਹਾ ਕਿ ਦਿੱਲੀ ਵਿੱਚ ਨਿਰਭਯਾ ਕਾਂਡ ਦੇ ਬਾਵਜੂਦ ਕੋਈ ਠੋਸ ਕਦਮ ਨਹੀਂ ਚੁੱਕੇ ਗਏ। ਹੁਣ ਵੀ ਮਾਪੇ ਰਾਤਾਂ ਨੂੰ ਬੱਚੀਆਂ ਨੂੰ ਬਾਹਰ ਭੇਜਣ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਸਮਾਜ ਨੂੰ ਜਾਗਰੂਕ ਹੋਣਾ ਪਵੇਗਾ। ਕਿਸੇ ਹੋਰ ਔਰਤ ਨਾਲ ਹੁੰਦੀ ਦਰਿੰਦਗੀ ਨੂੰ ਦੇਖ ਕੇ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਮੁਤਾਬਕ ਨਵੇਂ ਦੌਰ ਦੀ ਔਰਤ ਜਾਗਰੂਕ ਹੈ ਤੇ ਆਪਣੇ ਦਾਇਰੇ ਮੋਕਲੇ ਕਰ ਰਹੀ ਹੈ ਜੋ ਰੂੜੀਵਾਦੀ ਮਰਦ ਪ੍ਰਧਾਨ ਸਮਾਜ ਨੂੰ ਚੁਭਦਾ ਹੈ।
ਰਿਪੋਰਟ ਨਾਲੋਂ ਵੀ ਮਾੜੇ ਹੋ ਸਕਦੇ ਨੇ ਹਾਲਾਤ: ਅਮੀਆ ਕੰਵਰ
ਪੰਜਾਬੀ ਲੇਖਿਕਾ ਅਮੀਆ ਕੰਵਰ ਨੇ ਕਿਹਾ ਕਿ ਸਿਆਸੀ ਧਿਰਾਂ ਸਿਰ ਜੋੜ ਕੇ ਬੈਠਣ ਤੇ ਔਰਤਾਂ ਪ੍ਰਤੀ ਸੁਹਿਰਦ ਹੋਣ। ਉਨ੍ਹਾਂ ਕਿਹਾ ਕਿ ਹਾਲਾਤ ਰਿਪੋਰਟ ਨਾਲੋਂ ਵੀ ਮਾੜੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਵੱਲੋਂ ਔਰਤਾਂ ਦੀ ਸੁਰੱਖਿਆ ਸਬੰਧੀ ਵੱਡੇ ਦਾਅਵੇ ਤੇ ਵਾਅਦੇ ਕੀਤੇ ਜਾਂਦੇ ਹਨ ਪਰ ਇਹ ਰਿਪੋਰਟ ਇਨ੍ਹਾਂ ਵਾਅਦਿਆਂ ਤੇ ਦਾਅਵਿਆਂ ਦੀ ਪੋਲ ਖੋਲਦੀ ਹੈ।