ਨਥਾਣਾ: ਗੰਦੇ ਪਾਣੀ ਦੀ ਨਿਕਾਸੀ ਲਈ ਲੱਗੇ ਮੋਰਚੇ ’ਚ ਡਟੇ ਲੋਕ
ਭਗਵਾਨ ਦਾਸ ਗਰਗ
ਨਥਾਣਾ, 16 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋ ਲੋਕਾਂ ਦੇ ਸਹਿਯੋਗ ਨਾਲ ਪਾਣੀ ਦੀ ਨਿਕਾਸੀ ਲਈ ਇਥੇ ਚਲਾਏ ਜਾ ਰਹੇ ਮੋਰਚੇ ’ਚ ਅੱਜ ਝੋਨੇ ਦੀ ਖਰੀਦ ਸਬੰਧੀ ਮੁੱਦਾ ਭਾਰੂ ਰਿਹਾ। ਵੱਖ-ਵੱਖ ਬੁਲਾਰਿਆਂ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਇਸ ਖੇਤਰ ਦੀਆਂ ਮੰਡੀਆਂ ਅਤੇ ਖਰੀਦ ਕੇਦਰਾਂ ’ਚ ਝੋਨੇ ਦੀ ਫ਼ਸਲ ਪੂਰੀ ਮਾਤਰਾ ’ਚ ਆ ਰਹੀ ਹੈ ਪ੍ਰੰਤੂ ਸਰਕਾਰ ਦੀ ਨਾ-ਅਹਿਲੀਅਤ ਕਾਰਨ ਜਿਣਸ ਦੀ ਤਸੱਲੀ ਬਖ਼ਸ ਖਰੀਦ ਨਹੀਂ ਹੋ ਰਹੀ। ਇਸ ਧਰਨੇ ਦੇ ਨਾਲ-ਨਾਲ ਲਹਿਰਾ ਬੇਗਾ ਅਤੇ ਜੀਦਾ ਟੌਲ ਪਲਾਜ਼ਿਆਂ ’ਤੇ ਵੀ ਕਿਸਾਨ ਵਰਕਰ ਭੇਜਣ ਦਾ ਫੈਸਲਾ ਕੀਤਾ ਗਿਆ। ਨਥਾਣਾ ਦੇ ਛੱਪੜਾਂ ਦਾ ਪਾਣੀ ਕੱਢਣ ਵਾਸਤੇ ਵੀ ਲੋਕਾਂ ਦੇ ਸਹਿਯੋਗ ਦੀ ਮੰਗ ਕੀਤੀ ਗਈ ਤਾਂ ਜੋ ਛੱਪੜ ਡੂੰਘੇ ਕਰਨ ਦਾ ਕੰਮ ਤੇਜ਼ੀ ਨਾਲ ਚਲਾਇਆ ਜਾ ਸਕੇ। ਧਰਨੇ ਦੇ 34ਵੇਂ ਦਿਨ ਜਸਵੰਤ ਸਿੰਘ ਗੋਰਾ ਅਤੇ ਗੁਰਮੇਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸੇ ਦੌਰਾਨ ਜਥੇਬੰਦੀ ਵੱਲੋਂ ਪੂਹਲਾ, ਮਾੜੀ, ਭੈਣੀ, ਬੱਜੋਆਣਾ, ਕਲਿਆਣ, ਨਾਥਪੁਰਾ, ਗਿੱਦੜ, ਗੰਗਾ ਅਤੇ ਢੇਲਵਾਂ ਪਿੰਡਾਂ ਚ ਹੋਕਾ ਮਾਰਚ ਕੱਢ ਕੇ ਕਿਸਾਨਾਂ ਨੂੰ ਆਉਦੇ ਕੱਲ੍ਹ ਦੇ ਟੌਲ ਪਲਾਜ਼ਿਆਂ ’ਤੇ ਦਿੱਤੇ ਜਾਣ ਵਾਲੇ ਧਰਨੇ ’ਚ ਵੱਧ ਤੋ ਵੱਧ ਪੁੱਜਣ ਦਾ ਸੁਨੇਹਾ ਦਿੱਤਾ ਗਿਆ।