ਨਾਟਕ ਮੇਲਾ: ਇੱਕ ਪਾਤਰੀ ਨਾਟਕ ਦੇ ਜੱਜ ਨੇ ਜੁਰਮ ਦੀ ਦੁਨੀਆ ਦੇ ਉਧੇੜੇ ਪਾਜ
ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਠਿੰਡਾ, 2 ਨਵੰਬਰ
ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਵਿੱਚ ਨਾਟਿਅਮ ਪੰਜਾਬ ਵੱਲੋਂ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਡਰੀਮ ਹਾਈਟਸ ਦੇ ਸਾਂਝੇ ਸਹਿਯੋਗ ਨਾਲ ਰੰਗਕਰਮੀ ਕੀਰਤੀ ਕਿਰਪਾਲ ਦੀ ਅਗਵਾਈ ਵਿੱਚ ਜਾਰੀ 15 ਰੋਜ਼ਾ 12ਵੇਂ ਕੌਮੀ ਨਾਟਕ ਮੇਲੇ ਦੀ 11ਵੀਂ ਸ਼ਾਮ ਦਰਸ਼ਕਾਂ ਨੂੰ ਦਸਤਕ ਥੀਏਟਰ ਅੰਮ੍ਰਤਿਸਰ ਵੱਲੋਂ ਰਾਜਿੰਦਰ ਸਿੰਘ ਦਾ ਲਿਖਿਆ ਅਤੇ ਨਿਰਦੇਸ਼ਤਿ ਇੱਕ ਪਾਤਰੀ ਹਿੰਦੀ ਨਾਟਕ ‘ਹੋਰਲਾ’ ਵੇਖਣ ਨੂੰ ਮਿਲਿਆ। ਨਾਟਕ ਦਾ ਮੁੱਖ ਪਾਤਰ ਇੱਕ ਨਾਮੀ ਜੱਜ ਰਮਾਂਕਾਂਤ ਸਿੰਘ ਹੈ। ਜਿਸ ਦੇ ਦਿੱਤੇ ਫੈਸਲਿਆਂ ਨੂੰ ਮਿਆਰੀ ਮੰਨਿਆ ਜਾਂਦਾ ਹੈ ਪਰ ਇਸ ਸਭ ਦੌਰਾਨ ਉਸ ਜੱਜ ਦੀ ਆਪਣੀ ਮਨੋ-ਦਸ਼ਾ ਕੀ ਹੁੰਦੀ ਹੈ ਅਤੇ ਉਹ ਬਹੁਤ ਸਾਰੇ ਸਵਾਲਾਂ ਨਾਲ ਜੂਝ ਰਿਹਾ ਹੁੰਦਾ ਹੈ, ਜਿਨ੍ਹਾਂ ਨੂੰ ਉਹ ਇੱਕ ਡਾਇਰੀ ਵਿਚ ਲਿਖਦਾ ਹੈ। ਇਹ ਸਭ ਨਾਟਕ ਦਾ ਮੁੱਖ ਕੇਂਦਰ ਬਿੰਦੂ ਸੀ। ਸਮਾਜ ਵਿਚ ਅਪਰਾਧੀ ਪੈਦਾ ਕਿਵੇਂ ਹੁੰਦੇ ਹਨ ਅਤੇ ਕੀ ਉਨ੍ਹਾਂ ਅਪਰਾਧੀਆਂ ਨੂੰ ਸਜ਼ਾ ਦੇਣ ਵਾਲਾ ਜੱਜ ਸਭ ਤੋਂ ਯੋਗ ਵਿਅਕਤੀ ਹੈ? ਇਨ੍ਹਾਂ ਸਭ ਸਵਾਲਾਂ ਰਾਹੀਂ ਨਾਟਕ ਨੇ ਸਮਾਜ ਦੇ ਬਹੁਤ ਸਾਰੇ ਗੰਭੀਰ ਮੁੱਦਿਆਂ ’ਤੇ ਤਨਜ਼ ਕਸਿਆ। ਨਾਟਕ ਮੇਲੇ ਦੀ ਸ਼ਾਮ ਦੌਰਾਨ ਭੁਪਿੰਦਰ ਸਿੰਘ ਢਿੱਲੋਂ ਬੀਡੀਪੀਓ, ਗੁਰਜੀਵਨ ਸਿੰਘ ਬਰਾੜ ਪੰਚਾਇਤ ਅਫਸਰ ਫੂਲ ਅਤੇ ਸੁਖਦੀਪ ਸਿੰਘ ਜੀਦਾ ਕੰਪਨੀ ਕਮਾਂਡਰ ਬਠਿੰਡਾ ਨੇ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਨਾਟਕ ਟੀਮ ਅਤੇ ਪ੍ਰਬੰਧਕਾਂ ਦੀ ਹੌਸਲਾ-ਅਫ਼ਜ਼ਾਈ ਕੀਤੀ। ਪ੍ਰਬੰਧਕਾਂ ਵਿੱਚੋਂ ਸਰਪ੍ਰਸਤ ਸੁਧਰਸ਼ਨ ਗੁਪਤਾ ਅਤੇ ਡਾ. ਕਸ਼ਿਸ਼ ਗੁਪਤਾ ਨੇ ਖਿੜੇ ਮੱਥੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਸਹਿ-ਸਰਪ੍ਰਸਤ ਡਾ. ਪੂਜਾ ਗੁਪਤਾ, ਪ੍ਰਧਾਨ ਸੁਰਿੰਦਰ ਕੌਰ, ਡਾ. ਵਤਿੁਲ ਗੁਪਤਾ ਅਤੇ ਵਿਕਾਸ ਗਰੋਵਰ ਵੀ ਹਾਜ਼ਰ ਸਨ।