ਨਾਟ ਮੇਲਾ: ਹਰਿਆਣਵੀ ਕਲਾਕਾਰਾਂ ਨੇ ਦਰਸ਼ਕਾਂ ਦਾ ਮਨ ਮੋਹਿਆ
ਮਨੋਜ ਸ਼ਰਮਾ
ਬਠਿੰਡਾ, 31 ਅਕਤੂਬਰ
ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਵਿਹੜੇ ਵਿੱਚ ਚੱਲ ਰਹੇ 12ਵੇਂ ਸਾਲਾਨਾ ਕੌਮੀ ਨਾਟਕ ਮੇਲੇ ਦੌਰਾਨ 9ਵੀਂ ਸ਼ਾਮ ਨੂੰ ਸੋਨੀਪਤ (ਹਰਿਆਣਾ) ਤੋਂ ਆਈ ਟੀਮ ‘ਸੂਰਯ ਕਵੀ ਲਖਮੀ ਚੰਦ ਸਾਂਘ ਮੰਡਲੀ’ ਵੱਲੋਂ ਨਾਟਕ ‘ਸਰਦਾਰ ਚਾਪ ਸਿੰਘ’ ਦੀ ਪੇਸ਼ਕਾਰੀ ਕੀਤੀ ਗਈ। ਹਰਿਆਣਾ ਦੀ ਲੋਕ-ਨਾਟ ਸ਼ੈਲੀ ਦਾ ਨਜ਼ਾਰਾ ਦਿੰਦਾ ਇਹ ਨਾਟਕ ਦਾਦਾ ਲਖਮੀ ਚੰਦ ਵੱਲੋਂ ਕਲਮਬੱਧ ਕੀਤਾ ਗਿਆ ਸੀ ਅਤੇ ਇਸ ਨੂੰ ਵਿਸ਼ਨੂ ਦੱਤ ਦੀ ਨਿਰਦੇਸ਼ਨਾ ਹੇਠ ਖੇਡਿਆ ਗਿਆ। ਇਹ ਨਾਟਕ ਸਰਦਾਰ ਚਾਪ ਸਿੰਘ ਬਾਰੇ ਸੀ, ਜੋ ਕਿ ਬਾਦਸ਼ਾਹ ਸ਼ਾਹਜਹਾਂ ਦੀ ਸੈਨਾ ਵਿੱਚ ਸੈਨਾਪਤੀ ਸੀ। ਚਾਪ ਸਿੰਘ ਦੀ ਪਤਨੀ ਦਾ ਨਾਮ ਸੋਮਵਤੀ ਹੁੰਦਾ ਹੈ ਅਤੇ ਉਹ ਆਪਣੇ ਪਤੀ ਪ੍ਰਤੀ ਬੇਹੱਦ ਸਮਰਪਤਿ ਇੱਕ ਸਾਫ਼ ਚਰਿੱਤਰ ਦੀ ਔਰਤ ਹੁੰਦੀ ਹੈ। ਸ਼ਾਹਜਹਾਂ ਦਾ ਵਜ਼ੀਰ ਸ਼ੇਰ ਖ਼ਾਨ ਪਠਾਣ, ਉਨ੍ਹਾਂ ਨੂੰ ਜਾਣ-ਬੁੱਝ ਕੇ ਤੰਗ ਪ੍ਰੇਸ਼ਾਨ ਕਰਦਾ ਹੈ ਪਰ ਸੋਮਵਤੀ ਆਪਣੀ ਸੂਝ-ਬੂਝ ਨਾਲ ਸਾਰੀ ਸਮੱਸਿਆ ਦਾ ਹੱਲ ਕੱਢ ਲੈਂਦੀ ਹੈ ਅਤੇ ਸ਼ੇਰ ਖ਼ਾਨ ਗ਼ਲਤ ਸਾਬਤ ਹੋ ਜਾਂਦਾ ਹੈ। ਨਾਟਿਅਮ ਪੰਜਾਬ ਵੱਲੋਂ ਡਰੀਮ ਹਾਈਟਸ ਅਤੇ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਦੇ ਸਾਂਝੇ ਸਹਿਯੋਗ ਨਾਲ ਸੋਮਵਾਰ ਨੂੰ ਨਾਟਕ ਮੇਲੇ ਦੌਰਾਨ ਡਾ. ਬੀਪੀ ਗਰਗ, ਰਜਿਸਟਰਾਰ ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ, ਪ੍ਰੋ. ਜਸਬੀਰ ਸਿੰਘ ਹੁੰਦਲ, ਐਮਆਰਐਸ ਪੀਟੀਯੂ ਬਠਿੰਡਾ ਨੇ ਸ਼ਾਮ ਦੀ ਰੌਣਕ ਵਧਾਈ ਅਤੇ ਸ਼ਮ੍ਹਾਂ ਰੌਸ਼ਨ ਕਰ ਕੇ ਪ੍ਰੋਗਰਾਮ ਨੂੰ ਆਗਾਜ਼ ਦਿੱਤਾ। ਹਰਿਆਣਵੀ ਕਲਾਕਾਰਾਂ ਨੇ ਆਪਣੀ ਲੋਕ ਸ਼ੈਲੀ ਦੀ ਪੇਸ਼ਕਾਰੀ ਦਿੰਦਿਆਂ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਪ੍ਰਬੰਧਕਾਂ ਵਿੱਚੋਂ ਨਿਰਦੇਸ਼ਕ ਕੀਰਤੀ ਕ੍ਰਿਪਾਲ, ਸਰਪ੍ਰਸਤ ਕਸ਼ਿਸ਼ ਗੁਪਤਾ, ਕੋ-ਪੈਟਰਨ ਡਾ. ਪੂਜਾ ਗੁਪਤਾ, ਪ੍ਰਧਾਨ ਸੁਰਿੰਦਰ ਕੌਰ ਅਤੇ ਡਾ. ਵਤਿੁਲ ਗੁਪਤਾ ਹਾਜ਼ਰ ਸਨ।