ਆਪਣੇ ‘ਨਸੀਬ’ ਆਪ ਲਿਖਣ ਵਾਲੀ ਨਸੀਬੋ ਲਾਲ
ਅੰਗਰੇਜ ਸਿੰਘ ਵਿਰਦੀ
ਪਾਕਿਸਤਾਨੀ ਗਾਇਕਾ ਨਸੀਬੋ ਲਾਲ ਆਪਣੀ ਬੁਲੰਦ ਅਤੇ ਸੁਰੀਲੀ ਆਵਾਜ਼ ਰਾਹੀਂ ਪੂਰੀ ਦੁਨੀਆ ਵਿੱਚ ਵਸਦੇ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਖ਼ਾਸ ਥਾਂ ਬਣਾਉਣ ਵਾਲੀ ਅਜਿਹੀ ਪੰਜਾਬੀ ਲੋਕ ਗਾਇਕਾ ਹੈ ਜੋ ਆਪਣੀ ਮਿੱਟੀ ਤੇ ਆਪਣੇ ਲੋਕਾਂ ਨਾਲ ਜੁੜੀ ਹੋਈ ਹੈ। ਉਸ ਦੇ ਗਾਏ ਹਰੇਕ ਗੀਤ ਨੇ ਮਕਬੂਲੀਅਤ ਦੀਆਂ ਸਿਖਰਾਂ ਨੂੰ ਛੂਹਿਆ ਹੈ।
ਨਸੀਬੋ ਦਾ ਅਸਲ ਨਾਂ ਨਸੀਬਾਂ ਹੈ ਜੋ ਫਿਲਮਾਂ ਵਿੱਚ ਗਾਉਣ ਤੋਂ ਪਹਿਲਾਂ ਨਸੀਬੋ ਅਤੇ ਫਿਰ ਪਿਤਾ ਦੇ ਨਾਂ ਲਾਲ ਨੂੰ ਆਪਣੇ ਨਾਂ ਨਾਲ ਜੋੜ ਕੇ ਨਸੀਬੋ ਲਾਲ ਕਰਕੇ ਪੂਰੀ ਦੁਨੀਆ ਵਿੱਚ ਜਾਣੀ ਜਾਣ ਲੱਗੀ। ਵਾਲਿਦ ਲਾਲਦੀਨ ਅਤੇ ਵਾਲਿਦਾ ਜ਼ਰੀਨਾ ਦੀ ਧੀ ਨਸੀਬੋ ਸੱਤ ਭੈਣਾਂ ਅਤੇ ਦੋ ਭਰਾ ਹਨ। ਘਰ ਵਿੱਚ ਗ਼ਰੀਬੀ ਹੋਣ ਕਰਕੇ ਨਸੀਬਾਂ ਸਿਰਫ਼ ਪੰਜ ਜਮਾਤਾਂ ਹੀ ਪੜ੍ਹ ਸਕੀ। ਗਾਇਕੀ ਉਸ ਨੂੰ ਵਿਰਸੇ ਵਿੱਚੋਂ ਮਿਲੀ। ਦਰਅਸਲ, ਉਸ ਦੇ ਪੁਰਖੇ ਗਾਉਣ ਵਜਾਉਣ ਦਾ ਕੰਮ ਕਰਦੇ ਸਨ ਜਿਨ੍ਹਾਂ ਦਾ ਸਬੰਧ ਰਾਜਸਥਾਨ ਦੇ ਬੀਕਾਨੇਰ ਮਾਰਵਾੜ ਦੇ ਇਲਾਕੇ ਨਾਲ ਸੀ ਜੋ ਮਰਾਸੀ ਕਬੀਲੇ ਤੋਂ ਸਨ। ਭਾਰਤ ਵੰਡ ਤੋਂ ਬਾਅਦ ਇਹ ਕਬੀਲਾ ਪਾਕਿਸਤਾਨ ਚਲਾ ਗਿਆ। ਜਿੱਥੇ ਇਨ੍ਹਾਂ ਨੇ ਆਪਣੀ ਗੁਜ਼ਰ ਬਸਰ ਲਈ ਗਾਉਣ ਦੇ ਕਿੱਤੇ ਨੂੰ ਹੀ ਅਪਣਾਇਆ। ਨਸੀਬੋ ਆਪਣੀਆਂ ਭੈਣਾਂ ਨਾਲ ਗੜਵੀ ਵਜਾ ਕੇ ਵਿਆਹ-ਸ਼ਾਦੀਆਂ, ਬੱਸਾਂ ਤੇ ਰੇਲਾਂ ਵਿੱਚ ਗੀਤ ਗਾਉਣ ਲੱਗ ਪਈ ਸੀ।
ਉਹ ਬਚਪਨ ਵਿੱਚ ਹੀ ਨੂਰਜਹਾਂ ਦੇ ਗਾਏ ਗੀਤਾਂ ਨੂੰ ਗੁਣਗੁਣਾਉਣ ਲੱਗ ਪਈ ਸੀ। ਉਸ ਨੂੰ ਸੰਗੀਤ ਵਿੱਚ ਏਨੀ ਰੁਚੀ ਸੀ ਕਿ ਉਹ ਨੂਰਜਹਾਂ ਦੀ ਗਾਈ ਔਖੀ ਤੋਂ ਔਖੀ ਧੁਨ ਵੀ ਬੜੀ ਆਸਾਨੀ ਨਾਲ ਅਤੇ ਹੂਬਹੂ ਗਾ ਦਿੰਦੀ ਸੀ। 5 ਸਾਲ ਦੀ ਉਮਰ ਵਿੱਚ ਜਦੋਂ ਉਸ ਨੇ ਪਹਿਲਾ ਗੀਤ ਗਾਇਆ ਉਹ ਵੀ ਨੂਰਜਹਾਂ ਦਾ ਹੀ ਸੀ ਜਿਸ ਦੇ ਬੋਲ ਸਨ ‘ਜਦੋਂ ਹੌਲੀ ਜੇਹੀ ਲੈਨਾ ਮੇਰਾ ਨਾਂ ਮੈਂ ਥਾਂ ਮਰ ਜਾਨੀ ਆਂ।’ ਸੰਗੀਤ ਦੀ ਮੁੱਢਲੀ ਤਾਲੀਮ ਉਸ ਨੇ ਆਪਣੀ ਮਾਂ ਕੋਲੋਂ ਹਾਸਿਲ ਕੀਤੀ ਜੋ ਖ਼ੁਦ ਵੀ ਬਹੁਤ ਵਧੀਆ ਗਾਉਂਦੇ ਸਨ। ਨਸੀਬੋ ਨੇ ਆਪਣੇ ਕਰੀਅਰ ਦਾ ਪਹਿਲਾ ਗੀਤ ਹੀ ਫਿਲਮ ਲਈ ਰਿਕਾਰਡ ਕਰਵਾਇਆ। ਨਸੀਬੋ ਦੇ ਗੜ੍ਹਵੀ ਮੁਹੱਲੇ ਵਿੱਚ ਹੀ ਉਸ ਦੀ ਸਹੇਲੀ ਰਸ਼ੀਦਾਂ ਰਹਿੰਦੀ ਸੀ ਜਿਸ ਦਾ ਲਾਹੌਰ ਫਿਲਮ ਸਟੂਡੀਓ ਵਿੱਚ ਕੰਮ ਦੇ ਸਿਲਸਿਲੇ ਵਿੱਚ ਆਉਣਾ ਜਾਣਾ ਸੀ। ਉਹ ਜਦੋਂ ਵੀ ਨਸੀਬੋ ਨੂੰ ਮਿਲਦੀ ਤਾਂ ਉਸ ਨੂੰ ਫਿਲਮ ਸਟੂਡੀਓ ਦੀਆਂ ਗੱਲਾਂ ਸੁਣਾਉਂਦੀ। ਨਸੀਬੋ ਅਦਾਕਾਰ ਸੁਲਤਾਨ ਰਾਹੀ ਦੀ ਬਹੁਤ ਵੱਡੀ ਪ੍ਰਸ਼ੰਸਕ ਸੀ ਸੋ ਉਸ ਨੇ ਰਸ਼ੀਦਾਂ ਨੂੰ ਕਿਹਾ ਕਿ ਉਹ ਸੁਲਤਾਨ ਰਾਹੀ ਨੂੰ ਦੇਖਣਾ ਚਾਹੁੰਦੀ ਹੈ। ਉਸ ਦੀ ਸਹੇਲੀ ਉਸ ਨੂੰ ਸੁਲਤਾਨ ਰਾਹੀ ਦੀ 1995 ਵਿੱਚ ਆਈ ਫਿਲਮ ‘ਸਰਨਾਟਾ’ ਦੀ ਸ਼ੂਟਿੰਗ ਵਿਖਾਉਣ ਲੈ ਗਈ। ਫਿਰ ਇਸ ਤਰ੍ਹਾਂ ਆਉਣਾ ਜਾਣਾ ਜਾਰੀ ਰਿਹਾ। ਇਸ ਦੌਰਾਨ ਇੱਕ ਦਿਨ ਉਸ ਦੀ ਮੁਲਾਕਾਤ ਫਿਲਮਸਾਜ਼ ਮੁਹੰਮਦ ਸਰਵਰ ਨਾਲ ਹੋਈ। ਨਸੀਬਾਂ ਦੀ ਸਹੇਲੀ ਨੇ ਸਰਵਰ ਨੂੰ ਨਸੀਬੋ ਦੀ ਸੁਰੀਲੀ ਆਵਾਜ਼ ਬਾਰੇ ਦੱਸਿਆ। ਸਰਵਰ ਨੇ ਜਦੋਂ ਉਸ ਨੂੰ ਗਾਉਣ ਲਈ ਕਿਹਾ ਤਾਂ ਨਸੀਬੋ ਨੇ ਨੂਰਜਹਾਂ ਦਾ ਗੀਤ ‘ਮਾਹੀਆ ਵੇ ਬੋਲ ਵੇ, ਕਿਉਂ ਸ਼ਰਮਾਂ ਆਉਂਦੀਆਂ ਨੇ’ ਸੁਣਾਇਆ। ਸਰਵਰ ਨੇ ਨਸੀਬੋ ਨੂੰ ਅਗਲੇ ਦਿਨ ਐਵਰਨਿਊ ਸਟੂਡਿਓ ਆਉਣ ਲਈ ਕਿਹਾ। ਉੱਥੇ ਉਸ ਨੇ ਨੂਰਜਹਾਂ ਦਾ ਗਾਇਆ ਫਿਲਮ ‘ਭਾਈਚਾਰਾ’ ਦਾ ਗੀਤ ‘ਅੱਖੀਆਂ ਦੇ ਮੋਤੀਆਂ ਦੀ ਟੁੱਟ ਗਈ ਮਾਲਾ, ਮਿਲ ਗਿਆ ਹੰਝੂਆਂ ਨੂੰ ਦੇਸ ਨਿਕਾਲਾ’ ਸੁਣਾਇਆ। ਗੀਤ ਗਾ ਰਹੀ ਨਸੀਬੋ ਦੀ ਆਵਾਜ਼ ਸੁਣ ਕੇ ਫਿਲਮ ਦੇ ਸੰਗੀਤਕਾਰ ਤਾਫ਼ੂ ਆਪਣੇ ਕਮਰੇ ’ਚੋਂ ਬਾਹਰ ਆ ਗਏ ਅਤੇ ਕਹਿਣ ਲੱਗੇ ਕਿ ਇਹ ਇੰਨਾ ਸੁਰੀਲਾ ਗੀਤ ਕੌਣ ਗਾ ਰਹੀ ਹੈ। ਉਨ੍ਹਾਂ ਨੇ ਉਸੇ ਵੇਲੇ ਫੈਸਲਾ ਕੀਤਾ ਕਿ ਉਨ੍ਹਾਂ ਦੀ ਫਿਲਮ ਵਿੱਚ ਇੱਕ ਗੀਤ ਜੋ ਨੂਰਜਹਾਂ ਲਈ ਲਿਖਿਆ ਗਿਆ ਸੀ, ਉਹ ਹੁਣ ਨਸੀਬੋ ਗਾਏਗੀ ਕਿਉਂਕਿ ਬਿਮਾਰੀ ਕਰਕੇ ਨੂਰਜਹਾਂ ਗਾ ਨਹੀਂ ਪਾ ਰਹੇ ਸਨ। ਉਹ ਗੀਤ 1999 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ ‘ਦੇਸਾਂ ਦਾ ਰਾਜਾ’ ਲਈ ਸੀ ਜਿਸ ਦੇ ਬੋਲ ਸਨ, ‘ਜਿਹਦਾ ਯਾਰ ਜੁਦਾ ਹੋ ਜਾਵੇ ਉਹਦੀ ਨੀਂਦਰ ਉਡ ਪੁਡ ਜਾਵੇ’। ਇਹ ਗੀਤ ਸੁਪਰ ਹਿੱਟ ਹੋ ਗਿਆ।
ਪਹਿਲੇ ਫਿਲਮੀ ਗੀਤ ਨਾਲ ਸ਼ੁਹਰਤ ਦੀਆਂ ਪੌੜੀਆਂ ਚੜ੍ਹਨ ਵਾਲੀ ਨਸੀਬੋ ਨੂੰ ਅੱਗੇ ਚੱਲ ਕੇ ਪੰਜਾਬੀ ਫਿਲਮਾਂ ਵਿੱਚ ਬਤੌਰ ਪਿੱਠਵਰਤੀ ਗਾਇਕਾ ਵਜੋਂ ਇੱਕ ਤੋਂ ਵਧ ਕੇ ਇੱਕ ਹਿੱਟ ਗੀਤ ਗਾਉਣ ਦਾ ਮੌਕਾ ਮਿਲਿਆ। ਨੂਰਜਹਾਂ ਦੀ ਵਫ਼ਾਤ ਤੋਂ ਬਾਅਦ ਲਹਿੰਦੇ ਪੰਜਾਬ ਦੀ ਪੰਜਾਬੀ ਫਿਲਮ ਇੰਡਸਟਰੀ ਵਿੱਚ ਨਸੀਬੋ ਲਾਲ ਦੀ ਆਵਾਜ਼ ਹਰ ਬਣਨ ਵਾਲੀ ਪੰਜਾਬੀ ਫਿਲਮ ਵਿੱਚ ਗੂੰਜਣ ਲੱਗੀ। ਇਸ ਤੋਂ ਬਾਅਦ ਉਸ ਨੇ ਪੰਜਾਬੀ ਫਿਲਮਾਂ ਲਈ ਅਣਗਿਣਤ ਹਿੱਟ ਗੀਤ ਗਾਏ। ਹੁਣ ਤੱਕ ਦੇ ਫਿਲਮ ਕਰੀਅਰ ਦੌਰਾਨ ਉਹ 1500 ਦੇ ਕਰੀਬ ਫਿਲਮੀ ਗੀਤ ਗਾ ਚੁੱਕੀ ਹੈ, ਜਿਨ੍ਹਾਂ ਵਿੱਚੋਂ ਕੁਝ ਮਸ਼ਹੂਰ ਗੀਤ ਹਨ-ਅਸਾਂ ਜੱਗ ਨੂੰ ਮਨਾ ਕੇ ਕੀ ਕਰਨਾ, ਮੈਂ ਇਸ਼ਕ ਕਮਾਇਆ ਲੋਕੋ, ਤੇਰੇ ਇਸ਼ਕ ਨੇ ਮਾਰ ਸੁੱਟਿਆ, ਕੁੰਡੀ ਨਾ ਖੜਕਾ ਸੋਹਣਿਆ, ਰੱਬਾ ਯਾਰ ਮਿਲਾ ਦੇ ਤੂੰ ਮੇਰਾ, ਜ਼ਿੰਦਗੀ ਦੇ ਮੇਲੇ, ਗੱਲ ਸੁਣ ਦਿਲਦਾਰਾ, ਜਦੋਂ ਇਸ਼ਕੇ ਦਾ ਵੱਲ ਮੈਨੂੰ ਆਇਆ ਸੱਜਣ ਪ੍ਰਦੇਸੀ ਹੋ ਗਿਆ, ਐਂਵੇ ਰੁੱਸਿਆ ਨਾ ਕਰ ਮੇਰੀ ਜਾਨ ਸੱਜਣਾ ਅਤੇ ਅੱਲਾ ਉੱਤੇ ਡੋਰੀਆਂ ਪ੍ਰਮੁੱਖ ਹਨ। ਨਸੀਬੋ ਦੇ ਭੋਲੇਭਣ ਅਤੇ ਫਿਲਮ ਲਾਈਨ ਵਿੱਚ ਨਵੀਂ ਹੋਣ ਕਰਕੇ ਸ਼ੁਰੂ ਸ਼ੁਰੂ ਵਿੱਚ ਫਿਲਮ ਨਿਰਮਾਤਾ ਤੇ ਗੀਤਕਾਰਾਂ ਨੇ ਉਸ ਕੋਲੋਂ ਅਜਿਹੇ ਗ਼ੈਰਮਿਆਰੀ ਗੀਤ ਵੀ ਗਵਾ ਲਏ ਜਿਨ੍ਹਾਂ ਕਰਕੇ ਉਸ ਨੂੰ ਸ਼ਰਮਿੰਦਗੀ ਅਤੇ ਅਦਾਲਤੀ ਕੇਸਾਂ ਦਾ ਸਾਹਮਣਾ ਵੀ ਕਰਨਾ ਪਿਆ।
ਉਸ ਨੇ ਫਿਲਮੀ ਗੀਤਾਂ ਤੋਂ ਇਲਾਵਾ ਬਹੁਤ ਸਾਰੇ ਗ਼ੈਰਫਿਲਮੀ ਗੀਤ ਵੀ ਗਾਏ ਜਿਨ੍ਹਾਂ ਵਿੱਚ ਉਸ ਨੇ ਸਭ ਤੋਂ ਪਹਿਲਾ ਗੀਤ ‘ਨੀਂ ਤੂੰ ਵਿੱਛੜਨ ਵਿੱਛੜਨ ਕਰਦੀ ਏ ਜਦੋਂ ਵਿੱਛੜੇਗੀਂ ਪਤਾ ਲੱਗ ਜਊਗਾ’ ਗਾਇਆ ਜਿਸ ਨੂੰ ਲੋਕਾਂ ਨੇ ਬੇਹੱਦ ਪਸੰਦ ਕੀਤਾ। ਇਸ ਤੋਂ ਬਾਅਦ ਇੱਕ ਹੋਰ ਗੀਤ ‘ਏਹ ਜੋ ਸਿੱਲੀ ਸਿੱਲੀ ਆਉਂਦੀ ਏ ਹਵਾ’ ਗਾਇਆ ਜੋ ਸੁਪਰਹਿੱਟ ਸਾਬਤ ਹੋਇਆ। ਇਸ ਗੀਤ ਤੋਂ ਬਾਅਦ ਉਸ ਨੇ ਬਹੁਤ ਸਾਰੇ ਉਦਾਸ ਗੀਤ ਗਾਏ ਜਿਸ ਨੂੰ ਸੰਗੀਤ ਪ੍ਰੇਮੀਆਂ ਨੇ ਬੇਹੱਦ ਪਸੰਦ ਕੀਤਾ। ਵੈਸੇ ਤਾਂ ਨਸੀਬੋ ਦੇ ਗਾਏ ਹਰ ਤਰ੍ਹਾਂ ਦੇ ਗੀਤ ਸੰਗੀਤ ਪ੍ਰੇਮੀਆਂ ਦੀ ਪਸੰਦ ਬਣਦੇ ਹਨ, ਪਰ ਉਸ ਦੀ ਆਵਾਜ਼ ਵਿੱਚ ਗਾਏ ਉਦਾਸ ਗੀਤਾਂ ਨੂੰ ਤਾਂ ਸੰਗੀਤ ਪ੍ਰੇਮੀ ਹੱਦੋ ਵੱਧ ਪਸੰਦ ਕਰਦੇ ਹਨ, ਖ਼ਾਸਕਰ ਇੱਕ ਸੁਪਰਹਿੱਟ ਦੋਗਾਣਾ ਨਸੀਬੋ ਅਤੇ ਅਕਰਮ ਰਾਹੀ ਦੀ ਆਵਾਜ਼ ਵਿੱਚ ਜਿਸ ਦੇ ਬੋਲ ਹਨ ‘ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਂਸਲ ਨਾਲ’ ਪੂਰੀ ਦੁਨੀਆ ਦੇ ਪੰਜਾਬੀਆਂ ਨੇ ਬੇਹੱਦ ਸੁਣਿਆ।
ਸੰਪਰਕ: 94646-28857