ਕਹਾਣੀਕਾਰ ਸੁਖਜੀਤ ਦਾ ਦਿਲ ਦੀ ਬਿਮਾਰੀ ਕਾਰਨ ਦੇਹਾਂਤ
ਮਾਛੀਵਾੜਾ (ਪੱਤਰ ਪ੍ਰੇਰਕ): ਉੱਘੇ ਸਾਹਿਤਕਾਰ ਤੇ ਮਾਛੀਵਾੜਾ ਦੇ ਵਸਨੀਕ ਸੁਖਜੀਤ (62) ਦਾ ਅੱਜ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਕਹਾਣੀਕਾਰ ਸੁਖਜੀਤ ਦੇ ਭਰਾ ਬਲਵਿੰਦਰ ਸਿੰਘ ਨੇ ਉਨ੍ਹਾਂ ਦੇ ਦੇਹਾਂਤ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਕੁਝ ਮਹੀਨੇ ਪਹਿਲਾਂ ਦਿਲ ਦੀ ਬਿਮਾਰੀ ਕਾਰਨ ਫੋਰਟਿਸ ਹਸਪਤਾਲ ਵਿੱਚ ਇਲਾਜ ਚੱਲਿਆ ਸੀ। ਉੱਥੋਂ ਉਹ ਤੰਦਰੁਸਤ ਹੋ ਕੇ ਘਰ ਪਰਤ ਆਏ ਸਨ ਪਰ ਮੁੜ ਸਿਹਤ ਵਿਗੜਨ ਕਾਰਨ ਅੱਜ ਉਨ੍ਹਾਂ ਨੂੰ ਪੀਜੀਆਈ ਚੰਡੀਗੜ੍ਹ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦਾ ਦੇਹਾਂਤ ਹੋ ਗਿਆ। ਸਾਹਿਤਕਾਰ ਸੁਖਜੀਤ ਨੂੰ ਕੁਝ ਮਹੀਨੇ ਪਹਿਲਾਂ ਹੀ ‘ਭਾਰਤੀ ਸਾਹਿਤ ਅਕਾਦਮੀ’ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਨੇ ਕਹਾਣੀਕਾਰ ਸੁਖਜੀਤ ਦੀ ਮੌਤ ’ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਦੀ ਮੌਤ ’ਤੇ ਸਰਬ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਦੇ ਪ੍ਰਧਾਨ ਸੁਰਜੀਤ ਜੱਜ, ਜਨਰਲ ਸਕੱਤਰ ਡਾ. ਕੁਲਦੀਪ ਸਿੰਘ ਦੀਪ, ਉੱਘੇ ਪੰਜਾਬੀ ਚਿੰਤਕ ਡਾ. ਸਰਬਜੀਤ ਸਿੰਘ, ਡਾ. ਪਾਲ ਕੌਰ, ਡਾ. ਗੁਲਜ਼ਾਰ ਪੰਧੇਰ, ਜਸਪਾਲ ਮਾਨਖੇੜਾ, ਡਾ. ਅਨੂਪ ਸਿੰਘ, ਡਾ. ਸਵਰਾਜਬੀਰ, ਕਿਰਪਾਲ ਕਜ਼ਾਕ, ਬਲਦੇਵ ਸਿੰਘ ਮੋਗਾ ਤੇ ਹਰਮੀਤ ਵਿਦਿਆਰਥੀ ਨੇ ਦੁੱਖ ਪ੍ਰਗਟਾਇਆ ਹੈ।