ਕਹਾਣੀਕਾਰ ਬਲਜਿੰਦਰ ਨਸਰਾਲੀ ਦਾ ‘ਸੰਤ ਅਤਰ ਸਿੰਘ ਘੁੰਨਸ ਐਵਾਰਡ’ ਨਾਲ ਸਨਮਾਨ
ਸੀ. ਮਾਰਕੰਡਾ
ਤਪਾ ਮੰਡੀ, 13 ਅਕਤੂਬਰ
ਗੁਰਦੁਆਰਾ ਤਪ ਸਥਾਨ ਘੁੰਨਸ ਵਿੱਚ ਸੰਤ ਅਤਰ ਸਿੰਘ ਘੁੰਨਸ ਦੀ ਯਾਦ ਵਿੱਚ ਬਣੇ ਸਾਹਿਤਕ ਟਰੱਸਟ ਵੱਲੋਂ ਇਸ ਵਾਰ ਨਾਵਲਕਾਰ ਅਤੇ ਕਹਾਣੀਕਾਰ ਬਲਜਿੰਦਰ ਨਸਰਾਲੀ ਦਾ ਸਨਮਾਨ ਕੀਤਾ ਗਿਆ। ਸਨਮਾਨ ਵਿੱਚ ਨਗਦ ਰਾਸ਼ੀ ਅਤੇ ਗਰਮ ਸ਼ਾਲ ਸ਼ਾਮਲ ਸੀ। ਟਰੱਸਟ ਦੇ ਜਨਰਲ ਸੈਕਟਰੀ ਅਤੇ ਬਹੁਪੱਖੀ ਲੇਖਕ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਨਸਰਾਲੀ ਦੇ ਤਿੰਨ ਨਾਵਲ ਅਤੇ ਦੋ ਕਹਾਣੀ ਸੰਗ੍ਰਹਿ ਛਪ ਚੁੱਕੇ ਹਨ। ਅੱਜ-ਕੱਲ੍ਹ ਇਨ੍ਹਾਂ ਦਾ ਅੰਬਰ ਪਰੀਆਂ ਨਾਵਲ ਪੰਜਾਬੀ ਅਤੇ ਹਿੰਦੀ ’ਚ ਚਰਚਾ ਵਿੱਚ ਹੈ। ਉਨ੍ਹਾਂ ਨੂੰ ਸਨਮਾਨਤ ਕਰਨ ਦੀ ਰਸਮ ਟਰੱਸਟ ਦੇ ਚੇਅਰਮੈਨ ਅਤੇ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਨੇ ਅਦਾ ਕੀਤੀ। ਹੁਣ ਤੱਕ ਟਰੱਸਟ ਵੱਲੋਂ ਜਸਵੰਤ ਸਿੰਘ ਕੰਵਲ, ਸੋਹਣ ਸਿੰਘ ਸੀਤਲ, ਗੁਰਦਿਆਲ ਸਿੰਘ, ਦਲੀਪ ਕੌਰ ਟਿਵਾਣਾ ਅਤੇ ਰਾਮ ਸਰੂਪ ਅਣਖੀ ਸਮੇਤ 51 ਲੇਖਕਾਂ ਦਾ ਸਨਮਾਨ ਕੀਤਾ ਜਾ ਚੁੱਕਿਆ ਹੈ।
ਬਲਜਿੰਦਰ ਨਸਰਾਲੀ ਨੇ ਕਿਹਾ ਕਿ ਉਹ ਮੱਧ ਵਰਗੀ ਕਿਸਾਨ ਦੇ ਘਰ ਪੈਦਾ ਹੋਇਆ ਅਤੇ ਪਿੰਡਾਂ ਵਿੱਚ ਵਸਦੇ ਸਮੂਹ ਜਾਤੀਆਂ ਦੇ ਦੁੱਖਾਂ ਬਾਰੇ ਜਾਣਦਾ ਹੈ। ਉਸ ਨੇ ਕਿਹਾ ਕਿ ਉਹ ਆਪਣੀਆਂ ਸਾਹਿਤਕ ਕਿਰਤਾਂ ਰਾਹੀਂ ਲੋਕਾਂ ਦੇ ਦੁੱਖਾਂ ਦੇ ਹੱਕ ਵਿੱਚ ਖੜ੍ਹਦਾ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਪੰਜਾਬੀ ਲੇਖਕ ਡਾ. ਭੁਪਿੰਦਰ ਸਿੰਘ ਬੇਦੀ, ਡਾ. ਰਾਮਪਾਲ ਸ਼ਾਹਪੁਰੀ, ਦਰਸ਼ਨ ਸਿੰਘ ਗੁਰੂ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਰਘਵੀਰ ਸਿੰਘ ਕੱਟੂ ਅਤੇ ਗੁਰਸੇਵਕ ਸਿੰਘ ਧੌਲਾ ਹਾਜ਼ਰ ਸਨ। ਇਨ੍ਹਾਂ ਲੇਖਕਾਂ ਨੂੰ ਵੀ ਸੰਤ ਬਲਵੀਰ ਸਿੰਘ ਘੁੰਨਸ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।