ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਿੱਖ ਰਾਜ ਦੇ ਪਤਨ ਦਾ ਬਿਰਤਾਂਤ

06:33 AM Sep 08, 2023 IST

ਡਾ. ਗੁਰਮੀਤ ਸਿੰਘ ਸਿੱਧੂ

ਮਹਾਰਾਜਾ ਰਣਜੀਤ ਸਿੰਘ ਇਤਿਹਾਸ ਦਾ ਨਾਇਕ ਹੀ ਨਹੀਂ ਸਗੋਂ ਉਹ ਆਪਣੇ ਆਪ ਵਿੱਚ ਇੱਕ ਰਾਜਸੀ ਸੰਸਥਾ ਅਤੇ ਸੰਸਥਾ ਤੋਂ ਉਪਰ ਲੋਕ ਮਨਾਂ ’ਚ ਵਸਦਾ ਮਹਾਰਾਜਾ ਸੀ। ਉਹ ਆਪਣੇ ਲੋਕਾਂ ਦੀਆਂ ਭਾਵਨਾਵਾਂ ਅਤੇ ਦੁੱਖਾਂ ਤਕਲੀਫ਼ਾਂ ਨੂੰ ਸਮਝਦਾ ਸੀ। ਜਿਸ ਸਮੇਂ ਸੰਸਾਰ, ਖ਼ਾਸਕਰ ਯੂਰਪ ਵਿੱਚ ਧਰਮ ਅਤੇ ਰਾਜ ਨੂੰ ਇੱਕ ਦੂਜੇ ਤੋਂ ਅਲੱਗ ਕਰਨ ਲਈ ਵੱਖ-ਵੱਖ ਲਹਿਰਾਂ ਚੱਲ ਰਹੀਆਂ ਸਨ ਉਸ ਸਮੇਂ (1780 ਵਿੱਚ) ਮਹਾਰਾਜਾ ਰਣਜੀਤ ਦਾ ਜਨਮ ਹੋਇਆ। ਜਿਸ ਸਮੇਂ ਫਰਾਂਸ ਦੀ ਕ੍ਰਾਂਤੀ ਦੇ ਪ੍ਰਭਾਵ ਸੰਸਾਰ ਨੂੰ ਧਰਮ ਨਿਰਪੱਖਤਾ ਵੱਲ ਪ੍ਰੇਰਿਤ ਕਰ ਰਹੇ ਸਨ ਤਕਰੀਬਨ ਉਸ ਸਮੇਂ ਪੰਜਾਬ ਵਿੱਚ ਧਰਮ ਆਧਾਰਿਤ ਨਿਰਪੱਖ ਰਾਜ ਦਾ ਮਾਡਲ ਹੋਂਦ ਵਿੱਚ ਆਇਆ। ਨੌਜਵਾਨ ਰਣਜੀਤ ਸਿੰਘ ਨੇ ਮਿਸਲਾਂ ਨੂੰ ਇਕੱਠਾ ਕਰ ਕੇ ਸਿੱਖ ਰਾਜ ਕਾਇਮ ਕੀਤਾ। ਇਹ ਰਾਜ ਭਾਵੇਂ ਲੰਬਾ ਸਮਾ ਟਿਕ ਨਹੀਂ ਸਕਿਆ, ਫਿਰ ਵੀ ਇਸ ਦੀਆਂ ਪ੍ਰਾਪਤੀਆਂ ਸਿੱਖ ਯਾਦ ਦਾ ਹਿੱਸਾ ਹਨ। ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਥਾਪਿਤ ਹੋਏ ਇਸ ਰਾਜ ਦੀਆਂ ਬਾਤਾਂ ਨੂੰ ਹਰਭਜਨ ਸਿੰਘ ਚੀਮਾ ਨੇ ਆਪਣੀ ਪੁਸਤਕ ‘ਮਹਾਰਾਜਾ ਰਣਜੀਤ ਸਿੰਘ ਅਤੇ ਸਿੱਖ ਰਾਜ ਦੀਆਂ ਬਾਤਾਂ’ (ਕੀਮਤ: 600 ਰੁਪਏ; ਸਿੰਘ ਬ੍ਰਦਰਜ਼, ਅੰਮ੍ਰਿਤਸਰ) ਵਿੱਚ ਬਿਆਨ ਕੀਤਾ ਹੈ।
ਇਸ ਪੁਸਤਕ ਦੇ ਕੁੱਲ 22 ਅਧਿਆਇ ਹਨ। ਭੂਮਿਕਾ ਵਿੱਚ ਲੇਖਕ ਨੇ ਨਵੇਂ ਤੱਥ ਅਤੇ ਨਵੀਂ ਖੋਜ ਦੇ ਸਿਰਲੇਖ ਨਾਲ ਦਾਅਵਾ ਕੀਤਾ ਹੈ ਕਿ ਇਸ ਪੁਸਤਕ ਵਿੱਚ ਉਸ ਨੇ ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ ਅਤੇ ਜੀਵਨ ਖ਼ਾਸ ਕਰਕੇ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਨਵੀਂ ਜਾਣਕਾਰੀ ਪੇਸ਼ ਕੀਤੀ ਹੈ। ਲੇਖਕ ਕੋਲ ਨਵੇਂ ਤੱਥ ਜਾਂ ਨਵੀਂ ਵਿਆਖਿਆ ਦਾ ਦਾਅਵਾ ਨਾ ਹੋਵੇ ਤਾਂ ਉਸ ਵਿੱਚ ਪੁਸਤਕ ਲਿਖਣ ਲਈ ਊਰਜਾ ਜਾਂ ਜੋਸ਼ ਪੈਦਾ ਨਹੀਂ ਹੁੰਦਾ। ਇਸ ਪੁਸਤਕ ਦੀ ਬਣਤਰ ਅਤੇ ਪਾਠ ਤੋਂ ਪਤਾ ਲੱਗਦਾ ਹੈ ਕਿ ਲੇਖਕ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਲੱਭਣ ਲਈ ਕਾਫ਼ੀ ਮਿਹਨਤ ਕੀਤੀ ਹੈ। ਉਸ ਨੇ ਸਭ ਤੋਂ ਪਹਿਲਾਂ ਇਸ ਕਾਰਜ ਲਈ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖੇ ਸਾਹਿਤ ਦਾ ਅਧਿਐਨ ਕੀਤਾ ਹੈ। ਇਸ ਅਧਿਐਨ ਨੇ ਕਈ ਅਣਸੁਲਝੇ ਸਵਾਲ ਦਿੱਤੇ, ਇਤਿਹਾਸਕਾਰਾਂ ਅਤੇ ਲੇਖਕਾਂ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਬੰਧੀ ਖੜ੍ਹੇ ਕੀਤੇ ਸਵਾਲਾਂ ਦੇ ਜਵਾਬ ਦੇਣ ਲਈ ਉਸ ਨੇ ਇਹ ਪੁਸਤਕ ਲਿਖੀ ਹੈ। ਇਸ ਦੇ ਸ਼ੁਰੂ ਵਿੱਚ ਲੇਖਕ ਨੇ ਕੁਝ ਅਹਿਮ ਪ੍ਰਸ਼ਨਾਂ ਦੀ ਸੂਚੀ ਦਿੱਤੀ ਹੈ ਜੋ ਖੋਜ ਦੀ ਮੰਗ ਕਰਦੇ ਹਨ। ਉਸ ਨੇ ਆਪ ਇਤਿਹਾਸਕ ਦ੍ਰਿਸ਼ਟੀ ਤੋਂ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਖੋਜਣ ਦਾ ਯਤਨ ਵੀ ਕੀਤਾ ਹੈ। ਖ਼ਾਲਸਾ ਰਾਜ ਦਾ ਪਤਨ ਵੱਡੀ ਇਤਿਹਾਸਕ ਘਟਨਾ ਸੀ ਜੋ ਬਸਤੀਵਾਦੀਆਂ ਦੇ ਪੱਖ ’ਚ ਭੁਗਤੀ। ਇਸ ਪਤਨ ਦੇ ਕਾਰਨਾਂ ਦੀ ਖੋਜ ਵਿੱਚ ਲੱਗੇ ਪੰਜਾਬੀ ਇਤਿਹਾਸਕਾਰ ਅੰਗਰੇਜ਼ ਲਿਖਾਰੀਆਂ ਦੇ ਵਿਛਾਏ ਜਾਲ ਵਿੱਚ ਉਲਝ ਗਏ ਹਨ। ਇਹ ਪੁਸਤਕ ਅਜਿਹੇ ਅਨੇਕਾਂ ਸਵਾਲਾਂ ਨੂੰ ਸੰਬੋਧਿਤ ਹੈ।
ਮਹਾਰਾਜਾ ਰਣਜੀਤ ਸਿੰਘ ਦੀ ਸ਼ਖ਼ਸੀਅਤ ਅਤੇ ਜੀਵਨ ਬਾਰੇ ਸੰਖੇਪ ਜਾਣਕਾਰੀ ਦੇਣ ਉਪਰੰਤ ਦੂਸਰਾ ਅਧਿਆਇ ਮਹਾਰਾਜਾ ਰਣਜੀਤ ਸਿੰਘ ਦੇ ਆਖ਼ਰੀ ਪੰਦਰਾਂ ਦਿਨਾਂ ਬਾਰੇ ਹੈ। ਆਮ ਇਤਿਹਾਸ ਦੀਆਂ ਕਿਤਾਬਾਂ ਵਿੱਚ ਘਟਨਾਵਾਂ ਦੀ ਲੜੀ ਹੇਠਾਂ ਤੋਂ ਉਪਰ ਵੱਲ ਜਾਂਦੀ ਹੈ ਜਦੋਂਕਿ ਇਸ ਪੁਸਤਕ ਦੀ ਵਿਧੀ ਵੱਖਰੀ ਹੈ। ਲੇਖਕ ਅਨੁਸਾਰ ਸਿੱਖ ਰਾਜ ਸਮੇਂ ਸਿੱਖਾਂ ਦੀ ਬਹਾਦਰੀ ਅਤੇ ਫ਼ੌਜੀ ਸ਼ਕਤੀ ਤੋਂ ਬਰਤਾਨਵੀ ਸ਼ਾਸਕ ਵੀ ਤ੍ਰਹਿੰਦੇ ਸਨ। ਇਸ ਕਰਕੇ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਨਾਲ ਸੰਧੀ ਕੀਤੀ ਅਤੇ ਸਿੱਧਾ ਹਮਲਾ ਕਰਨ ਦੀ ਬਜਾਇ ਅਸਿੱਧੇ ਢੰਗ ਨਾਲ ਸਿੱਖ ਰਾਜ ਨੂੰ ਖ਼ਤਮ ਕਰਨ ਦੀਆਂ ਗੋਂਦਾਂ ਗੁੰਦੀਆਂ। ਲੇਖਕ ਨੇ ਮੁੱਦਕੀ ਦੀ ਲੜਾਈ ਨੂੰ ਇੱਕ ਅਸਾਵੀਂ ਜੰਗ ਵਜੋਂ ਇੱਕ ਵੱਖਰੇ ਅਧਿਆਇ ਵਿੱਚ ਪੇਸ਼ ਕੀਤਾ ਹੈ। ਇਸ ਤੋਂ ਅਗਾਂਹ ਅੰਗਰੇਜ਼ਾਂ ਦੇ ਸਿੱਖ ਰਾਜ ਉਪਰ ਹਮਲੇ ਨੂੰ ਫਰੇਬ ਅਤੇ ਮੱਕਾਰੀ ਦੀ ਦਾਸਤਾਨ ਵਜੋਂ ਬਿਆਨ ਕੀਤਾ ਹੈ। ਸਿੱਖ ਰਾਜ ਦੇ ਜਮਨਾ ਵੱਲ ਫੈਲਾਅ ਨਾ ਹੋਣ ਦੇ ਕਾਰਨਾਂ ਦਾ ਅਧਿਐਨ ਕਰਦਿਆਂ ਲੇਖਕ ਨੇ ਨਤੀਜਾ ਕੱਢਿਆ ਹੈ ਕਿ ਯੂਰਪ ਵਿੱਚ ਨੈਪੋਲੀਅਨ ਦੀਆਂ ਹਾਰਾਂ ਦਾ ਕਾਰਨ ਸੀ ਕਿ ਸਿੱਖ ਰਾਜ ਦੀ ਹੱਦ ਸਤਲੁਜ ਤਕ ਸੀਮਤ ਹੋ ਕੇ ਰਹਿ ਗਈ। ਇਸ ਤਰ੍ਹਾਂ ਜੇਕਰ ਹਿੰਦੋਸਤਾਨ ’ਤੇ ਰੂਸ ਦੇ ਹਮਲੇ ਦਾ ਡਰ ਨਾ ਹੁੰਦਾ ਤਾਂ ਪਹਿਲੇ ਐਂਗਲੋ-ਸਿੱਖ ਯੁੱਧ ਦੀ ਨੌਬਤ ਨਾ ਆਉਂਦੀ। ਇਸ ਤੋਂ ਅਗਲੇ ਅਧਿਆਇ ਵਿਚ ਮਹਾਰਾਣੀ ਜਿੰਦਾਂ ਦੀ ਪਹਿਲੇ ਯੁੱਧ ਵਿੱਚ ਭੂਮਿਕਾ ਦਾ ਅਧਿਐਨ ਪੇਸ਼ ਕੀਤਾ ਹੈ ਅਤੇ ਲੇਖਕ ਦੀ ਧਾਰਨਾ ਹੈ ਕਿ ਮਹਾਰਾਣੀ ਉਪਰ ਗੱਦਾਰਾਂ ਦਾ ਪ੍ਰਭਾਵ ਸੀ ਜਦੋਂਕਿ ਸਿੱਖ ਸਰਦਾਰਾਂ ਨੇ ਸੰਕਟ ਸਮੇਂ ਮਹਾਰਾਣੀ ਦਾ ਸਾਥ ਦਿੱਤਾ, ਪਰ ਇਨ੍ਹਾਂ ਨੂੰ ਮਹਾਰਾਣੀ ਦੇ ਫ਼ੈਸਲਿਆਂ ਕਰਕੇ ਰੋਕਿਆ ਗਿਆ ਸੀ। ਲੇਖਕ ਦੀ ਧਾਰਨਾ ਹੈ ਕਿ ਮਹਾਰਾਣੀ ਦੀ ਭੂਮਿਕਾ ਸ਼ੱਕ ਦੇ ਘੇਰੇ ਵਿਚ ਸੀ ਬੇਸ਼ੱਕ ਉਸ ਦੇ ਖਿਲਾਫ਼ ਸਬੂਤ ਨਹੀਂ ਸਨ। ਪਹਿਲੇ ਯੁੱਧ ਦਾ ਇਹ ਪ੍ਰਭਾਵ ਪਿਆ ਕਿ ਸਿੱਖ ਰਾਜ ਦੇ ਅੰਦੂਰਨੀ ਮਾਮਲਿਆਂ ਵਿੱਚ ਅੰਗਰੇਜ਼ਾਂ ਦੀ ਦਖਲਅੰਦਾਜ਼ੀ ਵਧ ਗਈ ਸੀ। ਅਗਲੇ ਤਿੰਨ ਅਧਿਆਇ ਵੀ ਮਹਾਰਾਜੇ ਦੀ ਵਿਦੇਸ਼ ਨੀਤੀ ਨਾਲ ਸਬੰਧਿਤ ਹਨ। ਅੰਤਲੇ ਤਿੰਨ ਅਧਿਆਇ ਵੀ ਦਿਲਚਸਪ ਹਨ ਜਿਨ੍ਹਾਂ ਵਿੱਚ ਸਰਦਾਰ ਹਰੀ ਸਿੰਘ ਨਲੂਆ ਦੀ ਰਹੱਸਮਈ ਸ਼ਹੀਦੀ, ਭਾਰਤ ਸੁੰਤਤਰਤਾ ਸੰਗਰਾਮ ਦੀ ਪਹਿਲੀ ਜੰਗ ਵਿੱਚ ਪੰਜਾਬੀਆਂ ਅਤੇ ਹਿੰਦੋਸਤਾਨੀਆਂ ਦੀ ਮਾਨਸਿਕਤਾ ਅਤੇ ਸਿੱਖ ਰਾਜ ਦੇ ਸੰਦਰਭ ਵਿੱਚ ਅਜੋਕੇ ਪੰਜਾਬ ਦੀ ਰਾਜਨੀਤੀ ਸਬੰਧੀ ਵੀ ਲੇਖਕ ਨੇ ਆਪਣੀ ਰਾਇ ਪ੍ਰਗਟ ਕੀਤੀ ਹੈ।
ਇਸ ਪੁਸਤਕ ਦਾ ਸਿਰਲੇਖ ਸਿੱਖ ਰਾਜ ਦੀਆਂ ਬਾਤਾਂ ਹੈ, ਪਰ ਪੁਸਤਕ ਵਿੱਚ ਕਥਾ ਬਿਰਤਾਂਤ ਨਹੀਂ ਹੈ। ਇਸ ਵਿੱਚ ਕਥਾ ਰਸ ਨਾਲੋਂ ਸਿੱਖ ਰਾਜ ਸਬੰਧੀ ਸਵਾਲਾਂ ਦਾ ਜਵਾਬ ਖੋਜਣ ਲਈ ਗੰਭੀਰ ਸੰਵਾਦ ਰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੇਖਕ ਨੇ ਸਿੱਖ ਰਾਜ ਦੀ ਉਸਾਰੀ ਅਤੇ ਇਸ ਦੀ ਕਾਰਜ ਸ਼ੈਲੀ ਨਾਲੋਂ ਇਸ ਦੇ ਪਤਨ ਦਾ ਵਧੇਰੇ ਅਧਿਐਨ ਕੀਤਾ ਹੈ। ਪੁਸਤਕ ਦੇ ਪਾਠਾਂ ਦੇ ਸਿਰਲੇਖ ਪ੍ਰਸ਼ਨਮਈ ਹਨ ਜਿਨ੍ਹਾਂ ਤੋਂ ਪਾਠਕ ਨੂੰ ਲੇਖਕ ਦੀ ਰਾਇ ਦਾ ਅੰਦਾਜ਼ਾ ਲੱਗ ਜਾਂਦਾ ਹੈ। ਇਸ ਕਰਕੇ ਜਾਪਦਾ ਹੈ ਕਿ ਲੇਖਕ ਨੇ ਆਪਣੀ ਤਿਆਰ ਕੀਤੀ ਰਾਇ ਮੁਤਾਬਿਕ ਇਤਿਹਾਸਕ ਬਿਰਤਾਂਤ ਸਿਰਜਿਆ ਹੈ। ਪੁਸਤਕ ਵਿੱਚ ਬਿਆਨ ਕੀਤੀਆਂ ਘਟਨਾਵਾਂ ਇਤਿਹਾਸਕ ਤਰਤੀਬ ਵਿੱਚ ਬਿਆਨ ਕੀਤੀਆਂ ਜਾਂਦੀਆਂ ਤਾਂ ਇਹ ਪੁਸਤਕ ਹੋਰ ਵਧੀਆ ਬਣ ਸਕਦੀ ਸੀ।
ਈ-ਮੇਲ: gsspatiala@gmail.com

Advertisement

Advertisement