ਨਰੋਟ ਜੈਮਲ ਸਿੰਘ ’ਚ ਚੋਣ ਲੜਨ ਦੇ ਚਾਹਵਾਨ ਸਿਆਸਤਦਾਨਾਂ ਤੱਕ ਪਹੁੰਚ ਬਣਾਉਣ ਲੱਗੇ
ਐੱਨ ਪੀ ਧਵਨ
ਪਠਾਨਕੋਟ, 10 ਦਸੰਬਰ
ਜ਼ਿਲ੍ਹਾ ਪਠਾਨਕੋਟ ਦੇ ਵਿਧਾਨ ਸਭਾ ਹਲਕਾ ਭੋਆ ਦੀ ਇੱਕੋ-ਇੱਕ ਨਗਰ ਪੰਚਾਇਤ ਨਰੋਟ ਜੈਮਲ ਸਿੰਘ ਵਿੱਚ ਚੋਣਾਂ ਦੀ ਤਰੀਕ 21 ਦਸੰਬਰ ਦਾ ਐਲਾਨ ਹੁੰਦੇ ਸਾਰ ਹੀ ਰਾਜਨੀਤਿਕ ਸਰਗਰਮੀਆਂ ਤੇਜ਼ ਹੋ ਗਈਆਂ ਹਨ।
ਇਸ ਵਾਰ ਇਸ ਨਗਰ ਪੰਚਾਇਤ ਚੋਣ ਵਿੱਚ 3679 ਮਤਦਾਤਾ ਨਗਰ ਪੰਚਾਇਤ ਅੰਦਰ ਪੈਂਦੇ ਕੁੱਲ 11 ਵਾਰਡਾਂ ਦੇ ਉਮੀਦਵਾਰਾਂ ਦਾ ਰਾਜਸੀ ਭਵਿੱਖ ਤੈਅ ਕਰਨਗੇ। ਚੋਣ ਲੜਨ ਦੇ ਚਾਹਵਾਨਾਂ ਨੇ ਟਿਕਟ ਪ੍ਰਾਪਤ ਕਰਨ ਲਈ ਆਪੋ-ਆਪਣੇ ਰਾਜਸੀ ਆਗੂਆਂ ਤੱਕ ਪਹੁੰਚ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਪਿਛਲੀ ਵਾਰ ਮੁਕਾਬਲਾ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਵਿੱਚ ਰਿਹਾ ਸੀ ਪਰ ਇਸ ਵਾਰ ਸਮੀਕਰਨ ਬਦਲੇ ਹੋਏ ਹਨ ਅਤੇ ‘ਆਪ’ ਸਰਕਾਰ ਸੱਤਾ ਵਿੱਚ ਹੈ। ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਖੁਦ ਇਸੇ ਹਲਕੇ ਦੇ ਹਨ। ਇਸ ਕਰਕੇ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਰਮਿਆਨ ਹੋਣ ਦੀ ਸੰਭਾਵਨਾ ਹੈ। ਪਿਛਲੀ ਵਾਰ ਭਾਜਪਾ ਖਾਤਾ ਨਹੀਂ ਖੋਲ੍ਹ ਸਕੀ ਸੀ ਅਤੇ ਇਸ ਵਾਰ ਵੀ ਭਾਜਪਾ ਨੂੰ ਉਮੀਦਵਾਰ ਤਲਾਸ਼ਣ ਵਿੱਚ ਕਾਫੀ ਜੱਦੋ-ਜਹਿਦ ਕਰਨੀ ਪਵੇਗੀ।
ਨਰੋਟ ਜੈਮਲ ਸਿੰਘ ਨੂੰ ਨਗਰ ਪੰਚਾਇਤ ਦਾ ਦਰਜਾ ਸਾਲ 2016 ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੀ ਸਰਕਾਰ ਦੌਰਾਨ ਮਿਲਿਆ ਸੀ ਪਰ ਉਸ ਵੇਲੇ ਭਾਜਪਾ ਆਪਣੇ ਰਾਜਕਾਲ ਅੰਦਰ ਇਸ ਨਗਰ ਪੰਚਾਇਤ ਦੀ ਚੋਣ ਨਹੀਂ ਕਰਵਾ ਸਕੀ ਸੀ। ਸਾਲ 2017 ਵਿੱਚ ਕਾਂਗਰਸ ਪਾਰਟੀ ਪੰਜਾਬ ਅੰਦਰ ਸੱਤਾ ਵਿੱਚ ਆਉਣ ਬਾਅਦ ਇਸ ਦੀ ਪਹਿਲੀ ਚੋਣ ਇਸ ਹਲਕੇ ਦੇ ਕਾਂਗਰਸੀ ਵਿਧਾਇਕ ਜੋਗਿੰਦਰ ਪਾਲ ਦੇ ਸਮੇਂ ਵਿੱਚ 17 ਦਸੰਬਰ 2017 ਨੂੰ ਹੋਈ ਸੀ। ਉਸ ਵੇਲੇ ਨਗਰ ਪੰਚਾਇਤ ਚੋਣ ਵਿੱਚ ਕਾਂਗਰਸ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦੀ ਅਗਵਾਈ ਵਿੱਚ ਸਾਰੇ 11 ਵਾਰਡਾਂ ’ਚ ਜਿੱਤ ਪ੍ਰਾਪਤ ਕਰ ਲਈ ਸੀ। ਇਹ ਚੋਣ ਦਸੰਬਰ 2022 ਵਿੱਚ ਹੋਣੀ ਸੀ ਪਰ ਕਿਸੇ ਨਾ ਕਿਸੇ ਕਾਰਨ ਕਰਕੇ 2 ਸਾਲ ਤੋਂ ਲਟਕਦੀ ਰਹੀ ਹੈ। ਹੁਣ 21 ਦਸੰਬਰ ਨੂੰ ਹੋਣ ਵਾਲੀ ਚੋਣ ਵਿੱਚ ਕੀ ਕਾਂਗਰਸ ਆਪਣਾ ਕਿਲ੍ਹਾ ਮੁੜ ਕਾਇਮ ਕਰ ਸਕੇਗੀ ਜਾਂ ਨਹੀਂ, ਇਹ ਤਾਂ ਚੋਣ ਬਾਅਦ ਹੀ ਪਤਾ ਲੱਗੇਗਾ।
ਨਗਰ ਪੰਚਾਇਤ ਵਿੱਚ ਨੇ ਗਿਆਰਾਂ ਵਾਰਡ
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਰਮਜੀਤ ਸਿੰਘ ਤਲਵੰਡੀ ਨੇ ਦੱਸਿਆ ਕਿ ਇਸ ਨਗਰ ਪੰਚਾਇਤ ਅੰਦਰ ਕੁੱਲ 11 ਵਾਰਡ ਹਨ ਜਿਨ੍ਹਾਂ ਵਿੱਚ 3679 ਵੋਟਰ ਹਨ। ਉਨ੍ਹਾਂ ਕਿਹਾ ਕਿ ਵਾਰਡ ਨੰਬਰ-1 ਔਰਤਾਂ, ਵਾਰਡ ਨੰਬਰ-2 ਜਨਰਲ, ਵਾਰਡ ਨੰਬਰ-3 ਅਨੁਸੂਚਿਤ ਜਾਤੀ (ਔਰਤ), ਵਾਰਡ ਨੰਬਰ-4 ਅਨੁਸੂਚਿਤ ਜਾਤੀ, ਵਾਰਡ ਨੰਬਰ-5 ਔਰਤਾਂ, ਵਾਰਡ ਨੰਬਰ-6 ਅਨੁਸੂਚਿਤ ਜਾਤੀ, ਵਾਰਡ ਨੰਬਰ-7 ਅਨੁਸੂਚਿਤ ਜਾਤੀ (ਔਰਤਾਂ), ਵਾਰਡ ਨੰਬਰ-8 ਬੀਸੀ (ਪੱਛੜੀ ਸ਼੍ਰੇਣੀ), ਵਾਰਡ ਨੰਬਰ-9 ਔਰਤਾਂ, ਵਾਰਡ ਨੰਬਰ-10 ਅਨੁਸੂਚਿਤ ਜਾਤੀ ਅਤੇ ਵਾਰਡ ਨੰਬਰ-11 ਜਨਰਲ ਵਰਗ ਦੇ ਉਮੀਦਵਾਰਾਂ ਲਈ ਰਾਖਵੇਂ ਹਨ।