ਬਨੂੜ ਖੇਤਰ ਵਿੱਚ ਪਹਿਲੀ ਵਾਰ ਬੀਜਿਆ ਨਰਮਾ
ਕਰਮਜੀਤ ਸਿੰਘ ਚਿੱਲਾ
ਬਨੂੜ, 6 ਜੁਲਾਈ
ਬਨੂੜ ਖੇਤਰ ਵਿੱਚ ਪਹਿਲੀ ਵਾਰ ਇੱਕ ਕਿਸਾਨ ਨੇ ਨਰਮੇ ਦੀ ਫ਼ਸਲ ਬੀਜੀ ਹੈ। ਦਲਜੀਤ ਸਿੰਘ ਨਾਮ ਦਾ ਕਿਸਾਨ ਜਿਸ ਦਾ ਪਿਛੋਕੜ ਬਠਿੰਡਾ ਦਾ ਹੈ, ਨੇ ਪਿੰਡ ਕਰਾਲਾ ਅਤੇ ਖਲੌਰ ਵਿੱਚ ਸਥਿਤ ਆਪਣੀ ਜ਼ਮੀਨ ’ਤੇ ਨਰਮੇ ਦੀ ਬਿਜਾਈ ਕੀਤੀ ਹੋਈ ਹੈ। ਦੋਵੇਂ ਥਾਵਾਂ ਉੱਤੇ ਉਕਤ ਕਿਸਾਨ ਨੇ ਪੰਜ-ਪੰਜ ਏਕੜ ਰਕਬੇ ਵਿੱਚ ਨਰਮੇ ਦੀ ਫ਼ਸਲ ਬੀਜੀ ਹੋਈ ਹੈ।
ਜ਼ਿਲ੍ਹਾ ਮੁਹਾਲੀ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਮੇਲ ਸਿੰਘ ਦੀ ਅਗਵਾਈ ਹੇਠਲੀ ਵਿਭਾਗ ਦੀ ਟੀਮ ਜਿਸ ਵਿੱਚ ਏਡੀਓ ਸ਼ੁਭਕਰਨ ਸਿੰਘ, ਏਈਓ ਅਜੈ ਸ਼ਰਮਾ, ਬੀਟੀਐੱਮ ਡਾ. ਜਗਦੀਪ ਸਿੰਘ ਸ਼ਾਮਲ ਸਨ, ਨੇ ਉਕਤ ਦੋਹਾਂ ਥਾਵਾਂ ਉੱਤੇ ਜਾ ਕੇ ਨਰਮੇ ਦੀ ਫ਼ਸਲ ਦਾ ਜਾਇਜ਼ਾ ਲਿਆ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਖਲੌਰ ਵਿੱਚ ਬੀਜੇ ਨਰਮੇ ਵਿੱਚ ਚਿੱਟੀ ਮੱਖੀ ਅਤੇ ਭੂਰੀ ਜੂੰ ਦਾ ਮਾਮੂਲੀ ਹਮਲਾ ਹੈ। ਕਰਾਲਾ ਵਿੱਚ ਹਰਾ ਤੇਲਾ ਹੋਣਾ ਪਾਇਆ ਗਿਆ। ਉਨ੍ਹਾਂ ਕਿਸਾਨ ਨੂੰ ਪਹਿਲੀ ਸਪਰੇਅ ਪੀਏਯੂ ਨਿੰਮ ਦੇ ਘੋਲ ਦੀ ਸਿਫਾਰਿਸ਼ ਕੀਤੀ ਜੋ ਕਿ ਕਿਸਾਨ ਆਪਣੇ ਪੱਧਰ ’ਤੇ ਚਾਰ ਕਿੱਲੋ ਨਿੰਮ ਦੇ ਪੱਤੇ/ਨਿਮੋਲੀਆਂ 10 ਲਿਟਰ ਪਾਣੀ ਵਿੱਚ ਉਬਾਲ ਕੇ 1200 ਲਿਟਰ ਪਾਣੀ ਵਿੱਚ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਰਮੇ ਦੀ ਫ਼ਸਲ ਵਿੱਚ ਪਲਣ ਵਾਲੇ ਮਿੱਤਰ ਕੀੜੇ ਉੱਪਰ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ। ਇਸ ਦੌਰਾਨ ਕੈਮੀਕਲ ਕੰਟਰੋਲ ਬਾਰੇ ਵੀ ਕਿਸਾਨ ਨੂੰ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨੰਬਰਦਾਰ ਸਤਨਾਮ ਸਿੰਘ, ਹੈਪੀ ਆਦਿ ਹਾਜ਼ਰ ਸਨ।