ਨਰਿੰਦਰ ਸਿੰਘ ਪੰਨੂ ਦੀਆਂ ਦੋ ਪੁਸਤਕਾਂ ਲੋਕ ਅਰਪਣ
ਪੱਤਰ ਪ੍ਰੇਰਕ
ਤਰਨ ਤਾਰਨ, 27 ਨਵੰਬਰ
ਪੰਜਾਬੀ ਸਾਹਿਤ ਸਭਾ ਤੇ ਸੱਭਿਆਚਾਰਕ ਕੇਂਦਰ ਤਰਨ ਤਾਰਨ ਵੱਲੋਂ ਇਥੋਂ ਦੀ ਭਾਈ ਮੋਹਣ ਸਿੰਘ ਵੈਦ ਯਾਦਗਾਰੀ ਲਾਇਬ੍ਰੇਰੀ ਵਿੱਚ ਅੱਜ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨਰਿੰਦਰ ਸਿੰਘ ਪੰਨੂ ਦੀਆਂ ਦੋ ਪੁਸਤਕਾਂ ‘‘ਦਸ ਕਿੱਲੇ ਜ਼ਮੀਨ’’ ਅਤੇ ‘‘ਮੇਰਾ ਪੀਟ’’ ਲੋਕ ਅਰਪਣ ਕੀਤੀਆਂ ਗਈਆਂ| ਸਮਾਗਮ ਵਿੱਚ ਨਾਮੀ ਸਾਹਿਤਕਾਰਾਂ ਨੇ ਭਾਗ ਲਿਆ। ਉਨ੍ਹਾਂ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਹਿਤ ਪੜ੍ਹਣ ਦੀ ਰੁੱਚੀ ਨੂੰ ਹੋਰ ਤੇਜ਼ ਕਰਨ ਲਈ ਲੋਕਾਂ ਦੇ ਮਸਲਿਆਂ ਨੂੰ ਕੇਂਦਰਿਤ ਕਰ ਕੇ ਸਾਹਿਤ ਦੀ ਰਚਨਾ ਕਰਨ ਵੱਲ ਧਿਆਨ ਦੇਣ ’ਤੇ ਜ਼ੋਰ ਦਿੱਤਾ| ਇਸ ਮੌਕੇ ਬਲਬੀਰ ਸਿੰਘ ਭੈਲ, ਕੀਰਤ ਪ੍ਰਤਾਪ ਪੰਨੂ, ਜਸਬੀਰ ਸਿੰਘ ਝਬਾਲ, ਹਰਦਿਆਲ ਸਿੰਘ ਪੰਨੂ, ਬਰਕਤ ਸਿੰਘ ਵੋਹਰਾ, ਜਸਵਿੰਦਰ ਸਿੰਘ ਢਿੱਲੋ ਤੇ ਕਾਬਲ ਸਿੰਘ ਖੱਬੇ ਡੋਗਰਾ ਨੇ ਪੁਸਤਕਾਂ ’ਤੇ ਕੀਤੀ ਚਰਚਾ ਵਿੱਚ ਭਾਗ ਲਿਆ। ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਸੁਖਵਿੰਦਰ ਸਿੰਘ ਖਾਰਾ, ਬਲਬੀਰ ਸਿੰਘ ਬੇਲੀ, ਕਵਲਜੀਤ ਸਿੰਘ ਢਿੱਲੋਂ, ਕਵਲਜੀਤ ਕੌਰ ਢਿੱਲੋਂ ਦਬੁਰਜੀ, ਮਨਦੀਪ ਸਿੰਘ ਰਾਜਨ, ਜਗਜੀਤ ਸਿੰਘ ਖਹਿਰਾ, ਮਾਸਟਰ ਜਸਵਿੰਦਰ ਸਿੰਘ ਚਾਹਲ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ| ਸਟੇਜ ਦੀ ਸੇਵਾ ਹਰਭਜਨ ਸਿੰਘ ਭਗਤ ਵੱਲੋਂ ਨਿਭਾਈ ਗਈ।
ਪੁਸਤਕ ‘ਡਾ. ਅਨੂਪ ਸਿੰਘ: ਸਾਹਿਤ ਅਤੇ ਚਿੰਤਨ ਸਰੋਕਾਰ’ ਰਿਲੀਜ਼
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ਇੱਥੋਂ ਦੇ ਬੇਰਿੰਗ ਯੂਨੀਅਨ ਕ੍ਰਿਸ਼ਚੀਅਨ ਕਾਲਜ ’ਚ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜੀਐੱਨਡੀਯੂ ਅੰਮ੍ਰਿਤਸਰ ਦੇ ਡਾ. ਪਵਨ ਕੁਮਾਰ ਦੁਆਰਾ ਸੰਪਾਦਿਤ ਪੁਸਤਕ ‘ਡਾ. ਅਨੂਪ ਸਿੰਘ: ਸਾਹਿਤ ਅਤੇ ਚਿੰਤਨ ਸਰੋਕਾਰ’ ਰਿਲੀਜ਼ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਪ੍ਰਗਤੀਸ਼ੀਲ ਲੇਖਕ ਸੰਘ ਪੰਜਾਬ ਪ੍ਰਧਾਨ ਪ੍ਰੋ. ਸੁਰਜੀਤ ਜੱਜ ਨੇ ਕੀਤੀ। ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਸ਼ਾਇਰ ਡਾ. ਰਵਿੰਦਰ ਨੇ ਸ਼ਿਰਕਤ ਕੀਤੀ। ਡਾ. ਪਵਨ ਕੁਮਾਰ ਵੱਲੋਂ ਡਾ. ਅਨੂਪ ਸਿੰਘ ਦੇ ਸਾਹਿਤਕ ਕਾਰਜ ਦਾ ਲੇਖਾ ਜੋਖਾ ਕਰਦੀ ਇਹ ਪੁਸਤਕ ਇਕ ਇਤਿਹਾਸਕ ਦਸਤਾਵੇਜ਼ ਵੀ ਹੈ। ਲਗਭਗ 400 ਪੰਨਿਆਂ ਦੀ ਇਸ ਵੱਡ-ਆਕਾਰੀ ਪੁਸਤਕ ਵਿੱਚ ਡਾ. ਕੁਮਾਰ ਨੇ ਡਾ. ਅਨੂਪ ਸਿੰਘ ਦੇ ਸਾਰੇ ਵਿਸ਼ਲੇਸ਼ਕਾਂ ਨੂੰ ਸ਼ਾਮਲ ਕਰਨ ਦਾ ਯਤਨ ਕੀਤਾ ਹੈ।