ਨਰਗਿਸ ਮੁਹੰਮਦੀ ਦੇ ਬੱਚਿਆਂ ਨੇ ਸਵੀਕਾਰਿਆ ਨੋਬੇਲ ਸ਼ਾਂਤੀ ਪੁਰਸਕਾਰ
ਹੇਲਸਿੰਕੀ, 10 ਦਸੰਬਰ
ਜੇਲ੍ਹ ਵਿੱਚ ਬੰਦ ਇਰਾਨੀ ਕਾਰਕੁਨ ਨਰਗਿਸ ਮੁਹੰਮਦੀ ਦੇ ਬੱਚਿਆਂ ਨੇ ਅੱਜ ਨਾਰਵੇ ਦੀ ਰਾਜਧਾਨੀ ਵਿੱਚ ਇੱਕ ਸਮਾਰੋਹ ਦੌਰਾਨ ਉਸ ਦੀ ਤਰਫ਼ੋਂ ਇਸ ਸਾਲ ਦਾ ਨੋਬੇਲ ਸ਼ਾਂਤੀ ਪੁਰਸਕਾਰ ਸਵੀਕਾਰਿਆ। ਮੁਹੰਮਦੀ ਆਪਣੇ ਦੇਸ਼ ਵਿੱਚ ਮਹਿਲਾਵਾਂ ਦੇ ਅਧਿਕਾਰਾਂ ਅਤੇ ਜਮਹੂਰੀਅਤ ਲਈ ਮੁਹਿੰਮ ਚਲਾਉਣ ਦੇ ਨਾਲ-ਨਾਲ ਮੌਤ ਦੀ ਸਜ਼ਾ ਖ਼ਿਲਾਫ਼ ਸਰਗਰਮ ਰਹੀ ਹੈ। ਮੁਹੰਮਦੀ ਦੇ 17 ਸਾਲਾ ਜੌੜੇ ਬੱਚਿਆਂ ਅਲੀ ਅਤੇ ਕਿਆਨਾ ਰਹਿਮਾਨੀ ਨੇ ਓਸਲੋ ਸਿਟੀ ਹਾਲ ਵਿੱਚ ਇਹ ਪੁਰਸਕਾਰ ਪ੍ਰਾਪਤ ਕੀਤਾ, ਜਿਸ ਮਗਰੋਂ ਉਨ੍ਹਾਂ ਆਪਣੀ ਮਾਂ ਦੇ ਨਾਂ ’ਤੇ ਨੋਬੇਲ ਸ਼ਾਂਤੀ ਪੁਰਸਕਾਰ ਭਾਸ਼ਨ ਦਿੱਤਾ। ਦੋਵੇਂ ਬੱਚੇ ਆਪਣੇ ਪਿਤਾ ਨਾਲ ਪੈਰਿਸ ਵਿੱਚ ਜਲਾਵਤਨੀ ਕੱਟ ਰਹੇ ਹਨ।
ਮੁਹੰਮਦੀ (51) ਨੂੰ ਅਕਤੂਬਰ ’ਚ 2023 ਨੋਬੇਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਗਿਆ ਸੀ। ਉਹ ਫਿਲਹਾਲ ਤਹਿਰਾਨ ਦੀ ਇੱਕ ਜੇਲ੍ਹ ਵਿੱਚ ਬੰਦ ਹੈ। ਇਰਾਨ ਵਿੱਚ ਇਸ ਤੋਂ ਪਹਿਲਾਂ ਵੀ ਉਸ ਨੂੰ ਕਈ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਕਈ ਸਾਲ ਜੇਲ੍ਹ ਵਿੱਚ ਰਹਿ ਚੁੱਕੀ ਹੈ। ਓਸਲੋ ਵਿੱਚ ਸ਼ਨਿੱਚਰਵਾਰ ਨੂੰ ਪ੍ਰੈੱਸ ਮਿਲਣੀ ਦੌਰਾਨ ਕਿਆਨਾ ਰਹਿਮਾਨੀ ਨੇ ਆਪਣੀ ਮਾਂ ਦਾ ਇੱਕ ਸੰਦੇਸ਼ ਪੜ੍ਹਿਆ ਜਿਸ ਵਿੱਚ ਉਨ੍ਹਾਂ ‘ਅਸਹਿਮਤੀ, ਪ੍ਰਦਰਸ਼ਨਕਾਰੀਆਂ ਅਤੇ ਮਨੁੱਖ ਅਧਿਕਾਰਾਂ ਦੇ ਰਾਖਿਆਂ ਦੀ ਆਵਾਜ਼ ਨੂੰ ਦੁਨੀਆ ਤੱਕ ਪਹੁੰਚਾਉਣ’ ਵਿੱਚ ਕੌਮਾਂਤਰੀ ਮੀਡੀਆ ਵੱਲੋਂ ਨਿਭਾਈ ਗਈ ਭੂਮਿਕਾ ਦੀ ਪ੍ਰਸ਼ੰਸਾ ਕੀਤੀ। ਮੁਹੰਮਦੀ ਨੇ ਆਪਣੇ ਸੰਦੇਸ਼ ਵਿੱਚ ਕਿਹਾ, ‘‘ਇਰਾਨੀ ਸਮਾਜ ਨੂੰ ਆਲਮੀ ਸਮਰਥਨ ਦੀ ਲੋੜ ਹੈ ਅਤੇ ਤੁਸੀਂ, ਪੱਤਰਕਾਰ ਅਤੇ ਮੀਡੀਆ ਕਰਮੀ ਇਸਲਾਮੀ ਗਣਤੰਤਰ ਸਰਕਾਰ ਦੇ ਵਿਨਾਸ਼ਕਾਰੀ ਜ਼ੁਲਮ ਖ਼ਿਲਾਫ਼ ਸਖ਼ਤ ਸੰਘਰਸ਼ ਵਿੱਚ ਸਾਡੇ ਸਭ ਤੋਂ ਵੱਡੇ ਅਤੇ ਸਭ ਤੋਂ ਮਹੱਤਵਪੂਰਨ ਸਹਿਯੋਗੀ ਹੋ। ਤੁਹਾਡੀਆਂ ਕੋਸ਼ਿਸ਼ਾਂ ਲਈ, ਤੁਸੀਂ ਸਾਡੇ ਲਈ ਜੋ ਕੁੱਝ ਵੀ ਕੀਤਾ ਹੈ ਉਸ ਲਈ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ।’’ ਕਿਆਨਾ ਰਹਿਮਾਨੀ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਮਾਂ ਨਾਲ ਫਿਰ ਮਿਲਣ ਦੀ ਉਮੀਦ ਬਹੁਤ ਘੱਟ ਹੈ। ਉਨ੍ਹਾਂ ਕਿਹਾ, ‘‘ਸ਼ਾਇਦ ਮੈਂ ਉਨ੍ਹਾਂ ਨੂੰ 30 ਜਾਂ 40 ਸਾਲ ਵਿੱਚ ਦੇਖ ਸਕਾਂਗੀ ਪਰ ਮੈਨੂੰ ਲੱਗਦਾ ਹੈ ਕਿ ਮੈਂ ਉਨ੍ਹਾਂ ਨੂੰ ਮੁੜ ਨਹੀਂ ਦੇਖ ਸਕਾਂਗੀ ਪਰ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਮੇਰੀ ਮਾਂ ਹਮੇਸ਼ਾ ਮੇਰੇ ਦਿਲ ਵਿੱਚ ਰਹੇਗੀ।’’ ਇਸ ਤੋਂ ਪਹਿਲਾਂ ਮੁਹੰਮਦੀ ਦੇ ਪਤੀ ਤਾਗੀ ਰਹਿਮਾਨੀ ਨੇ ਕਿਹਾ ਸੀ ਕਿ ਉਸ ਨੇ 11 ਸਾਲ ਤੋਂ ਆਪਣੀ ਪਤਨੀ ਨੂੰ ਨਹੀਂ ਦੇਖਿਆ ਹੈ ਅਤੇ ਉਸ ਦੇ ਬੱਚਿਆਂ ਨੇ ਸੱਤ ਸਾਲ ਤੋਂ ਆਪਣੀ ਮਾਂ ਨੂੰ ਨਹੀਂ ਦੇਖਿਆ ਹੈ। ਪੁਰਸਕਾਰਾਂ ਦੇ 122 ਸਾਲ ਦੇ ਇਤਿਹਾਸ ਵਿੱਚ ਇਹ ਪੰਜਵਾਂ ਮੌਕਾ ਹੈ ਕਿ ਸ਼ਾਂਤੀ ਪੁਰਸਕਾਰ ਕਿਸੇ ਅਜਿਹੇ ਵਿਅਕਤੀ ਨੂੰ ਦਿੱਤਾ ਗਿਆ ਹੈ ਜੋ ਜੇਲ੍ਹ ’ਚ ਹੈ ਜਾਂ ਘਰ ਵਿੱਚ ਨਜ਼ਰਬੰਦ ਹੈ। -ਏਪੀ