ਨਰੇਸ਼ ਮਿਸ਼ਰਾ ਤੇ ਨਾਹਲ ਨੂੰ ਮਿਲੇਗਾ ਮਹਾਕਵੀ ਸੂਰਦਾਸ ਸਨਮਾਨ
ਪੀਪੀ ਵਰਮਾ
ਪੰਚਕੂਲਾ, 10 ਅਕਤੂਬਰ
ਹਰਿਆਣਾ ਸਾਹਿਤ ਅਕਾਦਮੀ ਵੱਲੋਂ ਹਿਸਾਰ ਦੇ ਆਈਜੇ ਨਾਹਲ ਅਤੇ ਰੋਹਤਕ ਦੇ ਡਾ. ਨਰੇਸ਼ ਮਿਸ਼ਰਾ ਨੂੰ ਮਹਾਕਵੀ ਸੂਰਦਾਸ ਸਨਮਾਨ ਨਾਲ ਨਿਵਾਜਿਆ ਜਾਵੇਗਾ। ਇਸ ਤਹਿਤ ਉਨ੍ਹਾਂ ਨੂੰ 5-5 ਲੱਖ ਰੁਪਏ ਦੀ ਰਾਸ਼ੀ ਮਿਲੇਗੀ। ਹਰਿਆਣਾ ਸਾਹਿਤ ਅਕਾਦਮੀ ਦੇ ਸਾਲਾਨਾ ਪੁਰਸਕਾਰ 2022 ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ ਹਿੰਦੀ ਬੈਸਟ ਵਰਕ ਐਵਾਰਡ ਸਕੀਮ, ਹਰਿਆਣਵੀ ਬੈਸਟ ਵਰਕ ਐਵਾਰਡ, ਇੰਗਲਿਸ਼ ਬੈਸਟ ਵਰਕ ਐਵਾਰਡ ਸ਼ਾਮਲ ਹਨ। ਇਸ ਦੌਰਾਨ ਨਵੀ ਦਿੱਲੀ ਦੇ ਵਿਨੋਦ ਬੱਬਰ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸਾਹਿਤ ਅਭਿਆਸ ਪੁਰਸਕਾਰ ਦਿੱਤਾ ਗਿਆ ਹੈ। ਇਸ ਤਹਿਤ ਉਨ੍ਹਾਂ ਨੂੰ 7 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਭਿਵਾਨੀ ਦੇ ਡਾ. ਮਨੋਜ ਭਾਰਤ ਅਤੇ ਜੀਂਦ ਦੇ ਓਮ ਪ੍ਰਕਾਸ਼ ਚੌਹਾਨ ਨੂੰ ਪੰਡਤ ਮਾਧਵ ਪ੍ਰਸਾਦ ਮਿਸ਼ਰਾ ਪੁਰਸਕਾਰ ਦਿੱਤਾ ਜਾਵੇਗਾ। ਗੁਰੂਗ੍ਰਾਮ ਦੇ ਰਾਜੇਸ਼ਵਰ ਵਸ਼ਿਸ਼ਟ ਨੂੰ 2.5 ਲੱਖ ਰੁਪਏ ਦਾ ਬਾਬੂ ਬਾਲ ਮੁਕੰਦ ਗੁਪਤਾ ਪੁਰਸਕਾਰ, ਭਿਵਾਨੀ ਦੇ ਮੰਡਨ ਮਿਸ਼ਰਾ ਨੂੰ 2.5 ਲੱਖ ਰੁਪਏ ਦਾ ਲਾਲਾ ਦੇਸ਼ਬੰਧੂ ਗੁਪਤਾ ਪੁਰਸਕਾਰ, ਸੋਨੀਪਤ ਦੇ ਡਾ. ਰਾਜਕਲਾ ਦੇਸਵਾਲ ਨੂੰ 2.5 ਲੱਖ ਰੁਪਏ ਦਾ ਪੰਡਤ ਲਖਮੀਚੰਦ ਪੁਰਸਕਾਰ ਦਿੱਤਾ ਜਾਵੇਗਾ। ਹਿੰਦੀ ਸਰਵੋਤਮ ਕਾਰਜ ਪੁਰਸਕਾਰ ਸਕੀਮ ਤਹਿਤ ਸਿਰਸਾ ਦੇ ਦਿਲਬਾਗ ਸਿੰਘ ਵਿਰਕ ਨੂੰ ਗੀਤਾ ਦੋਹਾਵਾਲੀ (ਕਵਿਤਾ), ਯਮੁਨਾਨਗਰ ਦੇ ਡਾ. ਉਮੇਸ਼ ਪ੍ਰਤਾਪ ਨੂੰ ਆਮ ਕੀ ਸਾਂਝ ਪਰ (ਕਹਾਣੀ), ਅੰਬਾਲਾ ਸ਼ਹਿਰ ਦੇ ਰਮੇਸ਼ ਮਹਿਰਾ ਨੂੰ ਸੱਤ ਸਾਲ (ਨਾਵਲ) ਲਈ ਸਨਮਾਨਿਆ ਜਾਵੇਗਾ ਜਦਕਿ ਚੰਡੀਗੜ੍ਹ ਦੇ ਵੇਦ ਨੂੰ ਪ੍ਰਕਾਸ਼ ਨਾਗਪਾਲ ਦੀ ਦੇਸ਼ ਕੇ ਪ੍ਰਹਾਰੀ (ਜੀਵਨੀ), ਜਗਾਧਰੀ ਦੇ ਡਾ. ਬੀ. ਮਦਨ ਮੋਹਨ ਨੂੰ ਕਦਮ-ਕਦਮ ਕਿਨੌਰ (ਯਾਤਰਾ) ਲਈ, ਅੰਬਾਲਾ ਛਾਉਣੀ ਦੀ ਮੀਨਾ ਨਵੀਨ ਨੂੰ ਇਤਨੀ ਸੀ ਖੁਸ਼ੀ ਬਾਲ ਨਾਵਲ (ਬਾਲ ਸਾਹਿਤ) ਲਈ ਸਨਮਾਨਿਤ ਕੀਤਾ ਜਾਵੇਗਾ। ਸੋਨੀਪਤ ਦੇ ਡਾ. ਵਿਜੇ ਕੁਮਾਰ ਵੇਦਲੰਕਰ ਨੂੰ ਸੰਵਾਦ ’ਤੇ ਆਧਾਰਿਤ ਆਲੋਚਨਾ ਲਈ ਵੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ।