ਨੀਲੇ ਰੰਗ ’ਚ ਰੰਗਿਆ ਨਰਿੰਦਰ ਮੋਦੀ ਸਟੇਡੀਅਮ
ਅਹਿਮਦਾਬਾਦ, 19 ਨਵੰਬਰ
ਭਾਰਤ ਅਤੇ ਆਸਟਰੇਲੀਆ ਵਿਚਾਲੇ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਦੌਰਾਨ ਅੱਜ ਮੋਟੇਰਾ ਦਾ ਨਰਿੰਦਰ ਮੋਦੀ ਸਟੇਡੀਅਮ ਨੀਲੇ ਰੰਗ ’ਚ ਰੰਗਿਆ ਗਿਆ। ਹਜ਼ਾਰਾਂ ਦਰਸ਼ਕ ਨੀਲੇ ਰੰਗ ਦੀਆਂ ਜਰਸੀਆਂ ਪਹਿਨ ਕੇ ਸਟੇਡੀਅਮ ’ਚ ਪਹੁੰਚੇ ਜਦਕਿ ਕਈ ਲੋਕ ਐਨ ਮੌਕੇ ’ਤੇ ਸਟੇਡੀਅਮ ਦੇ ਬਾਹਰ ਜਰਸੀਆਂ ਖਰੀਦਦੇ ਦੇਖੇ ਗਏ। ਨੀਲੇ ਰੰਗ ਦੀਆਂ ਜਰਸੀਆਂ ਤੋਂ ਇਲਾਵਾ ਕੇਸਰੀ, ਸਫ਼ੇਦ ਅਤੇ ਹਰੇ ਰੰਗ ਦੀਆਂ ‘ਪਗੜੀ’ ਵਰਗੀਆਂ ਰਵਾਇਤੀ ਭਾਰਤੀ ਟੋਪੀਆਂ ਅਤੇ ਬੱਲੇਬਾਜ਼ ਵਿਰਾਟ ਕੋਹਲੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਸਕਾਂ ਦੀ ਜ਼ਿਆਦਾ ਵਿਕਰੀ ਹੋਈ। ਕਈ ਪ੍ਰਸ਼ੰਸਕਾਂ ਨੇ ਚਿਹਰੇ ’ਤੇ ਤਿਰੰਗੇ ਵੀ ਬਣਵਾਏ। ਦਰਸ਼ਕਾਂ ਵਿੱਚ ਕੁਝ ਆਸਟਰੇਲਿਆਈ ਵੀ ਸ਼ਾਮਲ ਸਨ। ਇਸ ਦੌਰਾਨ ਦੱਖਣੀ ਅਫ਼ਰੀਕਾ ਤੋਂ ਆਏ ਬੈਨ ਫਰਡੀਨੰਦ ਨੇ ਕਿਹਾ, ‘‘ਮੈਂ ਦੱਖਣ ਅਫ਼ਰੀਕੀ ਹਾਂ। ਮੈਂ ਇੱਥੇ ਇਸ ਕਰਕੇ ਆਇਆ ਹਾਂ ਕਿਉਂਕਿ ਮੈਂ ਭਾਰਤੀ ਕ੍ਰਿਕਟ ਟੀਮ ਦਾ ਪ੍ਰਸ਼ੰਸਕ ਹਾਂ। ਇਹ ਮਾਇਨੇ ਨਹੀਂ ਰੱਖਦਾ ਕਿ ਅੱਜ ਕੌਣ ਜਿੱਤਦਾ ਹੈ, ਇਹ ਇੱਕ ਇਤਿਹਾਸਕ ਮੁਕਾਬਲਾ ਹੈ, ਕਿਉਂਕਿ ਦੋਵਾਂ ਮਜ਼ਬੂਤ ਟੀਮਾਂ ਹਨ।’’ ਇਸੇ ਦੌਰਾਨ ਇੱਕ ਵਿਅਕਤੀ ਵਿਨੈ ਅਗਰਵਾਲ ਨੇ ਕਿਹਾ ਕਿ ਉਹ ਨੇਪਾਲ ਤੋਂ ਭਾਰਤੀ ਟੀਮ ਦੇ ਸਮਰਥਨ ਲਈ ਆਇਆ ਹੈ। ਪੰਜਾਬ ਤੋਂ ਆਏ 70 ਵਰ੍ਹਿਆਂ ਦੇ ਸੁਖਬੀਰ ਸਿੰਘ ਨੇ ਕਿਹਾ, ‘‘ਉਮਰ ਸਿਰਫ ਇੱਕ ਅੰਕੜਾ ਹੈ। ਜਿੰਨਾ ਚਿਰ ਮੈਂ ਤੁਰਦਾ-ਫਿਰਦਾ ਰਹਾਂਗਾ ਮੈਂ ਭਾਰਤੀ ਟੀਮ ਨੂੰ ਦੇਖਣ ਆਉਂਦਾ ਰਹਾਂਗਾ। ਮੈਂ, ਵਿਰਾਟ ਦਾ ਪ੍ਰਸ਼ੰਸਕ ਹਾਂ।’’ -ਪੀਟੀਆਈ
ਡਿਜ਼ਨੀ ਹੌਟਸਟਾਰ ’ਤੇ ਰਿਕਾਰਡ 5.9 ਕਰੋੜ ਦਰਸ਼ਕਾਂ ਨੇ ਦੇਖਿਆ ਮੈਚ
ਨਵੀਂ ਦਿੱਲੀ: ਡਿਜ਼ਨੀ ਹੌਟਸਟਾਰ ’ਤੇ ਅੱਜ ਭਾਰਤ-ਆਸਟਰੇਲੀਆ ਵਿਚਾਲੇ ਕ੍ਰਿਕਟ ਵਿਸ਼ਵ ਕੱਪ ਫਾਈਨਲ ਮੈਚ ਦੌਰਾਨ ਦਰਸ਼ਕਾਂ ਦੀ ਗਿਣਤੀ ਰਿਕਾਰਡ 5.9 ਕਰੋੜ ਤੋਂ ਪਾਰ ਹੋ ਗਈ। ਓਟੀਟੀ ਪਲੈਟਫਾਰਮ ਨੇ ਅੱਜ ਇਹ ਜਾਣਕਾਰੀ ਦਿੱਤੀ। ਓਟੀਟੀ ਪਲੈਟਫਾਰਮ ਡਿਜ਼ਨੀ ਹੌਟਸਟਾਰ ’ਤੇ ਫਾਈਨਲ ਮੈਚ ਲਈ ਲਾਈਵ ਸਟਰੀਮ ਦੌਰਾਨ ਦਰਸ਼ਕਾਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ, ਜੋ ਕਿ ਲਗਪਗ 5.9 ਕਰੋੜ ਸੀ। ਦਰਸ਼ਕਾਂ ਦੀ ਇਹ ਗਿਣਤੀ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਸੈਮੀਫਾਈਨਲ ਮੈਚ ਦੌਰਾਨ ਇਸ ਪਲੈਟਫਾਰਮ ’ਤੇ ਦਰਜ 5.2 ਕਰੋੜ ਦਰਸ਼ਕਾਂ ਦੀ ਗਿਣਤੀ ਤੋਂ ਵੱਧ ਹੈ। -ਪੀਟੀਆਈ