For the best experience, open
https://m.punjabitribuneonline.com
on your mobile browser.
Advertisement

ਨਰਿੰਦਰ ਮੋਦੀ ਪ੍ਰਧਾਨ ਮੰਤਰੀ ਮਨੋਨੀਤ

07:29 AM Jun 08, 2024 IST
ਨਰਿੰਦਰ ਮੋਦੀ ਪ੍ਰਧਾਨ ਮੰਤਰੀ ਮਨੋਨੀਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਰਕਾਰ ਬਣਾਉਣ ਦਾ ਸੱਦਾ ਪੱਤਰ ਿਦੰਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ। -ਫੋਟੋ: ਮੁਕੇਸ਼ ਅਗਰਵਾਲ
Advertisement

ਨਵੀਂ ਦਿੱਲੀ, 7 ਜੂਨ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਐੱਨਡੀਏ ਸੰਸਦੀ ਦਲ ਦੇ ਆਗੂ ਨਰਿੰਦਰ ਮੋਦੀ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਮਨੋਨੀਤ ਕੀਤਾ ਹੈ। ਨਵੀਂ ਸਰਕਾਰ ਹੁਣ ਐਤਵਾਰ ਸ਼ਾਮ ਨੂੰ ਹਲਫ਼ ਲਏਗੀ। ਰਾਸ਼ਟਰਪਤੀ ਮੁਰਮੂ ਨੇ ਸ੍ਰੀ ਮੋਦੀ ਨੂੰ ਅੱਜ ਸ਼ਾਮੀਂ ਰਾਸ਼ਟਰਪਤੀ ਭਵਨ ਸੱਦ ਕੇ ਰਸਮੀ ਨਿਯੁਕਤੀ ਪੱਤਰ ਸੌਂਪਿਆ। ਰਾਸ਼ਟਰਪਤੀ ਭਵਨ ਦੇ ਅਹਾਤੇ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਮਨੋਨੀਤ ਕੀਤਾ ਹੈ। ਉਨ੍ਹਾਂ ਕਿਹਾ, ‘‘ਰਾਸ਼ਟਰਪਤੀ ਨੇ ਮੈਨੂੰ ਮਨੋਨੀਤ ਪ੍ਰਧਾਨ ਮੰਤਰੀ ਵਜੋਂ ਕੰਮ ਕਰਨ ਲਈ ਕਿਹਾ ਹੈ ਤੇ ਉਨ੍ਹਾਂ ਮੈਨੂੰ ਹਲਫ਼ਦਾਰੀ ਸਮਾਗਮ ਬਾਰੇ ਸੂਚਿਤ ਕਰ ਦਿੱਤਾ ਹੈ।’’ ਸ੍ਰੀ ਮੋਦੀ ਕਿਹਾ ਕਿ ਰਾਸ਼ਟਰਪਤੀ ਭਵਨ ਐਤਵਾਰ ਤੱਕ ਹਲਫ਼ਦਾਰੀ ਸਮਾਗਮ ਲਈ ਤਿਆਰੀਆਂ ਮੁਕੰਮਲ ਕਰ ਲਏਗਾ ਤੇ ਉਦੋਂ ਤੱਕ ਉਹ ਆਪਣੇ ਕੈਬਨਿਟ ਮੰਤਰੀਆਂ ਦੀ ਸੂਚੀ ਰਾਸ਼ਟਰਪਤੀ ਨੂੰ ਸੌਂਪ ਦੇਣਗੇ। ਸ੍ਰੀ ਮੋਦੀ ਨੇ ਕਿਹਾ, ‘‘18ਵੀਂ ਲੋਕ ਸਭਾ ਉਨ੍ਹਾਂ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਦਿਸ਼ਾ ਵਿਚ ਅਹਿਮ ਮੀਲ ਪੱਥਰ ਹੈ ਜਦੋਂ ਦੇਸ਼ 2047 ਵਿਚ ਆਜ਼ਾਦੀ ਦੇ ਸੌ ਸਾਲਾਂ ਦੇ ਜਸ਼ਨ ਮਨਾਏਗਾ।’’ ਉਨ੍ਹਾਂ ਕਿਹਾ ਕਿ 18ਵੀਂ ਲੋਕ ਸਭਾ ਨਵੀਂ ਊਰਜਾ ਤੇ ਨੌਜਵਾਨ ਊਰਜਾ ਵਾਲਾ ਸਦਨ ਹੈ ਤੇ ਲੋਕਾਂ ਨੇ ਐੱਨਡੀਏ ਸਰਕਾਰ ਨੂੰ ਇਕ ਹੋਰ ਮੌਕਾ ਦਿੱਤਾ ਹੈ।
ਇਸ ਤੋਂ ਪਹਿਲਾਂ ਅੱਜ ਦਿਨ ਵੇਲੇ ਨਰਿੰਦਰ ਮੋਦੀ ਨੇ ਐੱਨਡੀਏ ਸੰਸਦੀ ਦਲ ਦਾ ਆਗੂ ਚੁਣੇ ਜਾਣ ਮਗਰੋਂ ਰਾਸ਼ਟਰਪਤੀ ਦਰੋਪਦੀ ਮੁਰਮੂ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਉਨ੍ਹਾਂ ਰਾਸ਼ਟਰਪਤੀ ਨੂੰ ਐੱਨਡੀਏ ਭਾਈਵਾਲਾਂ ਦੀ ਹਮਾਇਤ ਵਾਲਾ ਪੱਤਰ ਤੇ ਸੰਸਦ ਮੈਂਬਰਾਂ ਦੀ ਸੂਚੀ ਵੀ ਸੌਂਪੀ। ਸੰਸਦ ਦੇ ਕੇਂਦਰੀ ਹਾਲ ਵਿਚ ਐੱਨਡੀਏ ਭਾਈਵਾਲਾਂ ਦੀ ਬੈਠਕ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐੱਨਡੀਏ ਸੰਸਦੀ ਦਲ, ਭਾਜਪਾ ਸੰਸਦੀ ਦਲ ਤੇ ਲੋਕ ਸਭਾ ਦਾ ਆਗੂ ਚੁਣੇ ਜਾਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦੀ ਤਜਵੀਜ਼ ਰੱਖੀ, ਜਿਸ ਦੀ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਟੀਡੀਪੀ ਆਗੂ ਚੰਦਰਬਾਬੂ ਨਾਇਡੂ ਨੇ ਤਾਈਦ ਕੀਤੀ। ਨਾਇਡੂ ਨੇ ਕਿਹਾ, ‘‘ਅਸੀਂ ਖ਼ੁਸ਼ਕਿਸਮਤ ਹਾਂ ਕਿ ਸਾਡੇ ਕੋਲ ਸਹੀ ਸਮੇਂ ’ਤੇ ਸਹੀ ਆਗੂ ਹੈ।’’ ਰਾਜਨਾਥ ਸਿੰਘ ਨੇ ਕਿਹਾ ਕਿ ਐੱਨਡੀਏ ਗੱਠਜੋੜ ‘ਮਜਬੂਰੀ ’ਤੇ ਨਹੀਂ ਬਲਕਿ ਵਚਨਬੱਧਤਾ ਉੱਤੇ ਅਧਾਰਿਤ ਹੈ।’’ਐੱਨਡੀਏ ਸੰਸਦੀ ਦਲ ਦਾ ਆਗੂ ਚੁਣੇ ਜਾਣ ਮਗਰੋਂ ਆਪਣੇ ਸੰਬੋਧਨ ਵਿਚ ਸ੍ਰੀ ਮੋਦੀ ਨੇ ਕਿਹਾ, ‘‘ਐੱਨਡੀਏ ਸੱਤਾ ਵਿਚ ਸੀ, ਸੱਤਾ ਵਿਚ ਹੈ ਤੇ ਸੱਤਾ ਵਿਚ ਰਹੇਗਾ।’’ ਉਨ੍ਹਾਂ ਐੱਨਡੀਏ ਦੇ ਬਾਨੀਆਂ ਅਟਲ ਬਿਹਾਰੀ ਵਾਜਪਾਈ ਤੋਂ ਲੈ ਕੇ ਪ੍ਰਕਾਸ਼ ਸਿੰਘ ਬਾਦਲ ਤੱਕ ਸਾਰਿਆਂ ਨੂੰ ਸਲਾਮ ਕੀਤਾ। ਉਨ੍ਹਾਂ ਕਿਹਾ, ‘‘ਜਿਹੜਾ ਬੀਜ ਸਾਡੇ ਆਗੂਆਂ ਨੇ ਬੀਜਿਆ ਸੀ, ਉਹ ਅੱਜ ਇਕ ਵੱਡਾ ਦਰੱਖ਼ਤ ਬਣ ਗਿਆ ਹੈ।’’ ਮੋਦੀ ਨੇ ਕਿਹਾ ਕਿ ਉਹ ਆਪਣੀ ਅਗਲੀ ਸਰਕਾਰ ਵਿਚ ਸਾਰੇ ਫੈਸਲਿਆਂ ਵਿਚ ਸਰਬਸੰਮਤੀ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਅਗਲੇ ਕਾਰਜਕਾਲ ਵਿਚ ਉਨ੍ਹਾਂ ਦੀ ਸਰਕਾਰ ਅਗਲੇ ਦਸ ਸਾਲ ਵਿਚ ਸੁਸ਼ਾਸਨ, ਵਿਕਾਸ, ਜੀਵਨ ਦੀ ਗੁਣਵੱਤਾ ਤੇ ਆਮ ਨਾਗਰਿਕਾਂ ਦੇ ਜ਼ਿੰਦਗੀ ਵਿਚ ਘੱਟੋ-ਘੱਟ ਦਖਲ ਉੱਤੇ ਧਿਆਨ ਕੇਂਦਰਤ ਕਰੇਗੀ। ਉਨ੍ਹਾਂ ਕਿਹਾ ਕਿ ਇਸ ਗੱਠਜੋੜ ਵਿਚ ਆਪਸੀ ਵਿਸ਼ਵਾਸ ਅਹਿਮ ਹੈ। ਸ੍ਰੀ ਮੋਦੀ ਨੇ ਦਾਅਵਾ ਕੀਤਾ ਕਿ ਐੱਨਡੀਏ ਜਿੱਤ ਨੂੰ ਹਜ਼ਮ ਕਰਨਾ ਜਾਣਦਾ ਹੈ। ਉਨ੍ਹਾਂ ਕਿਹਾ, ‘‘ਜੇਕਰ ਅਸੀਂ ਗੱਠਜੋੜ ਦੇ ਇਤਿਹਾਸ ਉੱਤੇ ਅੰਕੜਿਆਂ ਦੇ ਲਿਹਾਜ਼ ਨਾਲ ਨਜ਼ਰ ਮਾਰੀਏ ਤਾਂ ਇਹ ਸਭ ਤੋਂ ਮਜ਼ਬੂਤ ਗੱਠਜੋੜ ਹੈ।’’ ਬੈਠਕ ਵਿਚ ਤੇਲਗੂ ਦੇਸ਼ਮ ਪਾਰਟੀ ਦੇ ਐੱਨ.ਚੰਦਰਬਾਬੂ ਨਾਇਡੂ, ਜੇਡੀਯੂ ਦੇ ਨਿਤੀਸ਼ ਕੁਮਾਰ, ਸ਼ਿਵ ਸੈਨਾ ਦੇ ਏਕਨਾਥ ਸ਼ਿੰਦੇ, ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਚਿਰਾਗ ਪਾਸਵਾਨ, ਜੇਡੀਐੱਸ ਦੇ ਐੱਚਡੀ ਕੁਮਾਰਸਵਾਮੀ, ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਅਜੀਤ ਪਵਾਰ, ਅਪਨਾ ਦਲ (ਐੱਸ) ਦੀ ਅਨੂਪ੍ਰਿਆ ਪਟੇਲ, ਜਨ ਸੈਨਾ ਪਾਰਟੀ ਦੇ ਪਵਨ ਕਲਿਆਣ ਅਤੇ ਭਾਜਪਾ ਤੇ ਐੱਨਡੀਏ ਦੀਆਂ ਹੋਰ ਸਹਿਯੋਗੀ ਪਾਰਟੀਆਂ ਦੇ ਨਵੇਂ ਚੁਣੇ ਸੰਸਦ ਮੈਂਬਰ ਸ਼ਾਮਲ ਹੋਏ। ਸ੍ਰੀ ਮੋਦੀ ਨੇ ਐੱਨਡੀਏ ਦੇ ਜੇਤੂ ਆਗੂਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਉਨ੍ਹਾਂ ਨੂੰ ਲੱਖਾਂ ਜ਼ਮੀਨੀ ਵਰਕਰਾਂ ਨੂੰ ਸਲਾਮ ਕਰਨਾ ਚਾਹੀਦਾ ਹੈ, ਜਿਨ੍ਹਾਂ ਇਹ ਜਿੱਤ ਯਕੀਨੀ ਬਣਾਉਣ ਲਈ ਕੰਮ ਕੀਤਾ। ਉਨ੍ਹਾਂ ਕਿਹਾ, ‘‘ਸਾਡੇ ਦੇਸ਼ ਦੇ ਇਤਿਹਾਸ ਵਿਚ ਇਹ ਸਭ ਤੋਂ ਸਫ਼ਲ ਗੱਠਜੋੜ ਹੈ। ਇਸ ਨੇ ਤਿੰਨ ਸਫ਼ਲ ਕਾਰਜਕਾਲ ਪੂਰੇ ਕੀਤੇ ਹਨ ਤੇ ਹੁਣ ਆਪਣੇ ਚੌਥੇ ਕਾਰਜਕਾਲ ਵਿਚ ਦਾਖਲ ਹੋ ਰਹੇ ਹਾਂ।’’ ਉਨ੍ਹਾਂ ਕਿਹਾ, ‘‘ਐੱਨਡੀਏ ਗੱਠਜੋੜ ਉਨ੍ਹਾਂ ਪਾਰਟੀਆਂ ਦਾ ਸਮੂਹ ਨਹੀਂ, ਜੋ ਸੱਤਾ ਲਈ ਇਕੱਠੇ ਹੋਏ ਹਨ, ਇਹ ‘ਦੇਸ਼ ਪਹਿਲਾਂ’ ਦੇ ਸਿਧਾਂਤ ਲਈ ਵਚਨਬੱਧ ਹੈ।’’ ਉਨ੍ਹਾਂ ਕਿਹਾ, ‘‘ਮੇਰੇ ਲਈ ਐੱਨਡੀਏ ਦਾ ਮਤਲਬ ਨਵਾਂ ਭਾਰਤ, ਵਿਕਸਤ ਭਾਰਤ ਤੇ ਖਾਹਿਸ਼ਾਂ ਰੱਖਣ ਵਾਲਾ ਭਾਰਤ ਹੈ।’’ ਮੋਦੀ ਨੇ ਕਿਹਾ, ‘‘ਸਾਡੇ ਦਸ ਸਾਲ ਸਿਰਫ਼ ਇਕ ਟਰੇਲਰ ਸੀ। ਅਸੀਂ ਆਪਣੇ ਦੇਸ਼ ਦੇ ਵਿਕਾਸ ਲਈ ਬਹੁਤ ਮਿਹਨਤ ਤੇ ਤੇਜ਼ੀ ਨਾਲ ਕੰਮ ਕਰਾਂਗੇ। ਲੋਕ ਜਾਣਦੇ ਹਨ ਕਿ ਅਸੀਂ ਕਰ ਦਿਖਾਵਾਂਗੇ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਸੰਸਦੀ ਬਹਿਸ ਦੀ ਕਮੀ ਮਹਿਸੂਸ ਕਰ ਰਹੇ ਸਨ ਤੇ ਆਸ ਕਰਦੇ ਹਨ ਕਿ ਵਿਰੋਧੀ ਧਿਰਾਂ ਦੇ ਸੰਸਦ ਮੈਂਬਰ ਵੀ ਸੰਸਦ ਵਿਚ ਆਉਣ ’ਤੇ ਰਾਸ਼ਟਰ ਨਿਰਮਾਣ ਵਿਚ ਯੋਗਦਾਨ ਪਾਉਣਗੇ।

Advertisement

ਲਾਲ ਕਿ੍ਰਸ਼ਨ ਅਡਵਾਨੀ ਤੇ (ਸੱਜੇ) ਐੱਨਡੀਏ ਦੀ ਸੰਸਦੀ ਪਾਰਟੀ ਦੀ ਮੀਟਿੰਗ ਦੌਰਾਨ ਚੰਦਰਬਾਬੂ ਨਾਇਡੂ ਤੇ ਨਿਤੀਸ਼ ਕੁਮਾਰ ਨੂੰ ਮਿਲਦੇ ਹੋਏ ਨਰਿੰਦਰ ਮੋਦੀ। -ਫੋਟੋਆਂ: ਪੀਟੀਆਈ

ਸ੍ਰੀ ਮੋਦੀ ਨੇ ਕਿਹਾ, ‘‘ਸਾਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਪਹਿਲੀ ਵਾਰ ਸਾਡਾ ਕੋਈ ਨੁਮਾਇੰਦਾ ਕੇਰਲ ਵਿਚ ਜਿੱਤਿਆ ਹੈ। ਅਰੁਣਾਚਲ ਪ੍ਰਦੇਸ਼ ਵਿਚ ਸਾਡਾ ਪ੍ਰਦਰਸ਼ਨ ਸ਼ਾਨਦਾਰ ਰਿਹਾ। ਸਿੱਕਮ ਵਿਚ ਅਸੀਂ ਹੂੰਝਾਫੇਰ ਜਿੱਤ ਦਰਜ ਕੀਤੀ। ਆਂਧਰਾ ਪ੍ਰਦੇਸ਼ ਵਿਚ ਇਹ ਇਤਿਹਾਸਕ ਜਿੱਤ ਹੈ। ਜਿਸ ਤਰ੍ਹਾਂ ਤਾਮਿਲ ਨਾਡੂ ਵਿਚ ਐੱਨਡੀਏ ਦਾ ਵੋਟ ਫੀਸਦ ਵਧਿਆ ਹੈ, ਇਹ ਸਪਸ਼ਟ ਰੂਪ ਵਿਚ ਦਰਸਾਉਂਦਾ ਹੈ ਕਿ ਭਵਿੱਖ ਵਿਚ ਕੀ ਹੋਣ ਵਾਲਾ ਹੈ।’’ ਸ੍ਰੀ ਮੋਦੀ ਨੇ ਮਖੌਲੀਆ ਅੰਦਾਜ਼ ਵਿਚ ਐੱਨਡੀਏ ਦੇ ਸੰਸਦ ਮੈਂਬਰਾਂ ਨੂੰ ਸਲਾਹ ਦਿੱਤੀ ਕਿ ਉਹ ‘ਅਫ਼ਵਾਹਾਂ ਫੈਲਾਉਣ ਵਾਲਿਆਂ ਦੀਆਂ ਗੱਲਾਂ ਵਿਚ ਨਾ ਆਉਣ, ਜੋ ਅੱਜਕੱਲ੍ਹ ਸਰਕਾਰ ਬਣਾਉਣ ਲਈ ਜੋੜ ਤੋੜ ਵਿਚ ਰੁੱਝੇ ਹਨ।’ ਉਨ੍ਹਾਂ ਕਿਹਾ, ‘‘ਸਾਡੇ ਐੱਨਡੀਏ ਭਾਈਵਾਲ ਇਥੇ ਮੌਜੂਦ ਹਨ। ਉਹ ਮੈਨੂੰ ਚੰਗੀ ਸਲਾਹ ਦੇਣਗੇ ਤੇ ਅਸੀਂ ਸਹੀ ਕੰਮ ਕਰਾਂਗੇ। ਜੇ ਕੋਈ ਤੁਹਾਨੂੰ ਦਿੱਲੀ ਆਉਣ ਲਈ ਤਿਆਰ ਹੋਣ ਲਈ ਕਹੇ ਤਾਂ ਵਿਸ਼ਵਾਸ ਨਾ ਕਰੋ। ਚਾਰ ਵਾਰ ਤਸਦੀਕ ਕਰੋ।’’
ਉਂਜ ਰਾਸ਼ਟਰਪਤੀ ਭਵਨ ਜਾਣ ਤੋਂ ਪਹਿਲਾਂ ਸ੍ਰੀ ਮੋਦੀ ਭਾਜਪਾ ਦੇ ਸੀਨੀਅਰ ਨੇਤਾਵਾਂ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਨੂੰ ਮਿਲੇ ਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਇਹ ਦੋਵੇਂ ਆਗੂ ਐੱਨਡੀਏ ਗੱਠਜੋੜ ਦੇ ਥੰਮ੍ਹ ਮੰਨੇ ਜਾਂਦੇ ਹਨ। ਰਾਸ਼ਟਰਪਤੀ ਕੋਲ ਦਾਅਵਾ ਪੇਸ਼ ਕਰਨ ਨਾਲ ਸ੍ਰੀ ਮੋਦੀ ਦਾ ਲਗਾਤਾਰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਤੈਅ ਹੋ ਗਿਆ ਹੈ। -ਪੀਟੀਆਈ

ਨਾਇਡੂ ਵੱਲੋਂ ਖੇਤਰੀ ਇੱਛਾਵਾਂ ਤੇ ਕੌਮੀ ਹਿੱਤਾਂ ’ਚ ਤਵਾਜ਼ਨ ਬਣਾਉਣ ਦੀ ਵਕਾਲਤ

ਨਵੀਂ ਦਿੱਲੀ: ਭਾਜਪਾ ਦੇ ਅਹਿਮ ਭਾਈਵਾਲਾਂ ਟੀਡੀਪੀ ਮੁਖੀ ਐੱਨ.ਚੰਦਰਬਾਬੂ ਨਾਇਡੂ ਤੇ ਜੇਡੀਯੂ ਸੁਪਰੀਮੋ ਨਿਤੀਸ਼ ਕੁਮਾਰ ਨੇ ਐੱੱਨਡੀਏ ਸੰਸਦੀ ਦਲ ਦੇ ਆਗੂ ਵਜੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਦੀ ਤਜਵੀਜ਼ ਦੀ ਤਾਈਦ ਕਰਦਿਆਂ ਖੇਤਰੀ ਇੱਛਾਵਾਂ ਤੇ ਕੌਮੀ ਹਿੱਤਾਂ ਵਿਚ ਤਵਾਜ਼ਨ ਬਣਾ ਕੇ ਰੱਖਣ ਦਾ ਸੁਨੇਹਾ ਦਿੱਤਾ। ਐੱਨਡੀਏ ਸੰਸਦੀ ਦਲ ਦੀ ਬੈਠਕ ਦੌਰਾਨ ਭਾਜਪਾ ਦੇ ਭਾਈਵਾਲਾਂ ਜੇਡੀਐੱਸ ਆਗੂ ਐੱਚ.ਡੀ.ਕੁਮਾਰਸਵਾਮੀ, ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ, ਐੱਨਸੀਪੀ ਆਗੂ ਅਜੀਤ ਪਵਾਰ, ਹਿੰਦੁਸਤਾਨ ਅਵਾਮ ਮੋਰਚਾ ਦੇ ਮੁਖੀ ਜੀਤਨ ਰਾਮ ਮਾਂਝੀ ਸਣੇ ਹੋਰਨਾਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਪੇਸ਼ ਮਤੇ ਦੀ ਹਮਾਇਤ ਕੀਤੀ। ਕੇਂਦਰੀ ਹਾਲ ਦੇ ਸੰਵਿਧਾਨ ਸਭਾ ਵਿਚ ਹੋਈ ਬੈਠਕ ਦੌਰਾਨ ਕਈ ਹਲਕੇ ਫੁਲਕੇ ਪਲ ਵੀ ਦੇਖਣ ਨੂੰ ਮਿਲੇ। ਸ਼ਿੰਦੇ ਨੇ ਗੱਠਜੋੜ ਨੂੰ ‘ਫੈਵੀਕੋਲ ਬੌਂਡ’ ਦੱਸਿਆ। ਨਿਤੀਸ਼ ਕੁਮਾਰ ਨੇ ਮੋਦੀ ਦੇ ਪੈਰ ਛੂਹਣ ਦੀ ਕੋਸ਼ਿਸ਼ ਕੀਤੀ, ਪਰ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਵਿਚਾਲੇ ਹੀ ਰੋਕ ਦਿੱਤਾ। ਸ੍ਰੀ ਮੋਦੀ ਨੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਪਿੱਠ ਵੀ ਥਾਪੜੀ। ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਆਗੂ ਚਿਰਾਗ ਪਾਸਵਾਨ ਮੋਦੀ ਨੂੰ ਵਾਰ ਵਾਰ ‘ਸਰ’ ਕਹਿ ਕੇ ਸੰਬੋਧਨ ਕਰਦੇ ਰਹੇ।

ਐੱਨਡੀਏ ਦਾ ਮਤਲਬ ਨਾਇਡੂ-ਨਿਤੀਸ਼ ਨਿਰਭਰ ਗੱਠਜੋੜ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਇੱਥੇ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ’ਤੇ ਨਿਸ਼ਾਨਾ ਸੇਧਦਿਆਂ ਇਸ ਨੂੰ ‘ਨਾਇਡੂ ਨਿਰਭਰ ਗੱਠਜੋੜ ਜਾਂ ਨਿਤੀਸ਼ ਨਿਤੀਸ਼ ਨਿਰਭਰ ਗੱਠਜੋੜ’ ਕਰਾਰ ਦਿੱਤਾ ਹੈ। ਕਾਂਗਰਸ ਦੇ ਤਰਜਮਾਨ ਪਵਨ ਖੇੜਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਚੋਣ ਨਤੀਜਿਆਂ ਤੋਂ ਇੰਨੀ ਘਬਰਾ ਗਈ ਹੈ ਕਿ ਚੋਣ ਹਾਰ ਨੂੰ ਲੈ ਕੇ ਅਯੁੱਧਿਆ ਦੇ ਵਾਸੀਆਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ। ਪਵਨ ਖੇੜਾ ਨੇ ਕਿਹਾ, ‘‘ਮਹਾਰਾਸ਼ਟਰ ਦੇ ਲੋਕਾਂ ਨੇ ਭਾਜਪਾ ਨੂੰ ਕਰਾਰੀ ਹਾਰ ਦਿੱਤੀ ਅਤੇ ਅਯੁੱਧਿਆ ਵਿੱਚ ਵੀ ਅਜਿਹਾ ਹੀ ਹੋਇਆ। ਭਾਜਪਾ ਅਯੁੱਧਿਆ ਅਤੇ ਆਸ-ਪਾਸ ਤੇ ਖੇਤਰਾਂ ਵਿੱਚ ਇੱਕ ਵੀ ਸੀਟ ਨਹੀਂ ਜਿੱਤ ਸਕੀ ਅਤੇ ਇਸ ਲਈ ਉਹ ਬਦਲੇ ਦੀ ਭਾਵਨਾ ਨਾਲ ਅਯੁੱਧਿਆ ਦੇ ਲੋਕਾਂ ਨਾਲ ਦੁਰਵਿਵਹਾਰ ਕਰ ਰਹੀ ਹੈ।’’ ਕਾਂਗਰਸ ਨੇਤਾ ਨੇ ਭਾਜਪਾ ਦੇ ਨਾਲ-ਨਾਲ ਮੋਦੀ ਦੇ ਤੀਜੇ ਕਾਰਜਕਾਲ ’ਤੇ ਤਾਅਨਾ ਮਾਰਦਿਆਂ ਕਿਹਾ, ‘‘ਐੱਨਡੀਏ ਦਾ ਮਤਲਬ ਨਾਇਡੂ ਨਿਰਭਰ ਗੱਠਜੋੜ, ਐੱਨਡੀਏ ਦਾ ਮਤਲਬ ਨਿਤੀਸ਼ ਨਿਰਭਰ ਗੱਠਜੋੜ।’’ -ਪੀਟੀਆਈ

ਲੋਕਾਂ ਨੇ ਮੋਦੀ ਨੂੰ ਦੇਸ਼ ’ਤੇ ਸ਼ਾਸਨ ਕਰਨ ਲਈ ਫਤਵਾ ਨਹੀਂ ਦਿੱਤਾ: ਡੀਐੱਮਕੇ

ਚੇਨੱਈ: ਤਾਮਿਲਨਾਡੂ ’ਚ ਹਾਕਮ ਧਿਰ ਦ੍ਰਾਵਿੜ ਮੁਨੇਤਰਾ ਕੜਗਮ (ਡੀਐੱਮਕੇ) ਨੇ ਅੱਜ ਦਾਅਵਾ ਕੀਤਾ ਕਿ ਲੋਕਾਂ ਨੇ ਨਰਿੰਦਰ ਮੋਦੀ ਨੂੰ ਦੇਸ਼ ’ਤੇ ਸ਼ਾਸਨ ਕਰਨ ਲਈ ਫਤਵਾ ਨਹੀਂ ਦਿੱਤਾ ਹੈ ਬਲਕਿ ਹਾਲਾਤ ਅਨੁਸਾਰ ਉਹ ‘ਦੂਸਰਿਆਂ ਦੀ ਮਿਹਰਬਾਨੀ’ ਦੇ ਸਹਾਰੇ ਪ੍ਰਧਾਨ ਮੰਤਰੀ ਬਣ ਜਾਣਗੇ। ਡੀਐੱਮਕੇ ਨੇ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਲਈ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਤੇ ਜਨਤਾ ਦਲ (ਯੂ) ਸਮੇਤ ਐੱਨਡੀਏ ਸਹਿਯੋਗੀਆਂ ਤੋਂ ਮਿਲੀ ਹਮਾਇਤ ਵੱਲ ਇਸ਼ਾਰਾ ਕੀਤਾ ਹੈ। ਡੀਐੱਮਕੇ ਦੇ ਤਾਮਿਲ ਮੁੱਖ ਪੱਤਰ ‘ਮੁਰਾਸੋਲੀ’ ਨੇ ਆਪਣੀ ਸੰਪਾਦਕੀ ’ਚ ਕਿਹਾ ਹੈ ਕਿ ਮੋਦੀ ਨੇ ਭਗਵਾਨ ਰਾਮ ਦੇ ਨਾਂ ’ਤੇ ਵੋਟਾਂ ਮੰਗੀਆਂ ਅਤੇ ਜਦੋਂ ਉਨ੍ਹਾਂ ਦੀ ਮੁਹਿੰਮ ਕਾਮਯਾਬ ਨਾ ਹੋਈ ਤਾਂ ਉਨ੍ਹਾਂ ਦਾਅਵਾ ਕੀਤਾ ਕਿ ‘ਉਹ ਭਗਵਾਨ ਦੇ ਅਵਤਾਰ ਹਨ’ ਪਰ ਹੁਣ ਉਹ ਟੀਡੀਪੀ ਮੁਖੀ ਚੰਦਰ ਬਾਬੂ ਨਾਇਡੂ ਤੇ ਜੇਡੀਯੂ ਮੁਖੀ ਨਿਤੀਸ਼ ਕੁਮਾਰ ਦੀ ਹਮਾਇਤ ਨਾਲ ਹੀ ਪ੍ਰਧਾਨ ਮੰਤਰੀ ਬਣਨਗੇ। ਇਸ ਵਿੱਚ ਕਿਹਾ ਗਿਆ ਹੈ ਕਿ ਇਸ ਲਈ ਸਾਰੀਆਂ ਨਾਕਾਮੀਆਂ ਦੀ ਜ਼ਿੰਮੇਵਾਰੀ ਵੀ ਮੋਦੀ ਨੂੰ ਹੀ ਲੈਣੀ ਚਾਹੀਦੀ ਹੈ। -ਪੀਟੀਆਈ

ਸਮਾਜਵਾਦੀ ਪਾਰਟੀ ਤੇ ਕਾਂਗਰਸ ਨੇ ਐੱਨਡੀਏ ਦੀ ਮੀਟਿੰਗ ’ਚ ਜੈਯੰਤ ਚੌਧਰੀ ਨੂੰ ਸੀਟ ਨਾ ਮਿਲਣ ’ਤੇ ਤਨਜ਼ ਕੱਸਿਆ

ਲਖਨਊ: ਸਮਾਜਵਾਦੀ ਪਾਰਟੀ ਅਤੇ ਕਾਂਗਰਸ ਨੇ ਨਰਿੰਦਰ ਮੋਦੀ ਨੂੰ ਨੇਤਾ ਚੁਣਨ ਲਈ ਹੋਈ ਕੌਮੀ ਜਮਹੂਰੀ ਗੱਠਜੋੜ (ਐੱਨਡੀਏ) ਦੀਆਂ ਭਾਈਵਾਲ ਸੰਸਦੀ ਪਾਰਟੀਆਂ ਦੀ ਮੀਟਿੰਗ ਵਿੱਚ ਆਰਐੱਲਡੀ ਮੁਖੀ ਜੈਯੰਤ ਚੌਧਰੀ ਨੂੰ ਐੱਨਡੀਏ ਦੇ ਹੋਰ ਆਗੂਆਂ ਦੇ ਨਾਲ ਕੁਰਸੀ ਨਾ ਦਿੱਤੇ ਜਾਣ ’ਤੇ ਤਨਜ਼ ਕੱਸਿਆ ਹੈ। ਸਪਾ ਨੇ ਕਿਹਾ, ‘‘ਇਸ ਨਾਲ ਭਾਜਪਾ ਦੀ ਜਾਟ ਸਮਾਜ ਪ੍ਰਤੀ ਨਫ਼ਰਤ ਅਤੇ ਚੌਧਰੀ ਚਰਨ ਸਿੰਘ ਪ੍ਰਤੀ ਝੂਠੇ ਸਨਮਾਨ ਦਾ ਪਰਦਾਫਾਸ਼ ਹੋ ਗਿਆ ਹੈ।’’ ਸਮਾਜਵਾਦੀ ਪਾਰਟੀ ਦੇ ਅਧਿਕਾਰਤ ‘ਐਕਸ’ ਹੈਂਡਲ ’ਤੇ ਪਾਈ ਗਈ ਇਕ ਪੋਸਟ ਵਿੱਚ ਐੱਨਡੀਏ ਦੀ ਮੀਟਿੰਗ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ ਗਿਆ ਹੈ ਕਿ ਆਰਐੱਲਡੀ ਪਾਰਟੀ ਦੇ ਮੁਖੀ ਜੈਯੰਤ ਚੌਧਰੀ ਨੂੰ ਸਟੇਜ ’ਤੇ ਸੀਟ ਤੱਕ ਨਹੀਂ ਦਿੱਤੀ ਗਈ ਜਦਕਿ ਉਨ੍ਹਾਂ ਦੀਆਂ ਦੋ ਲੋਕ ਸਭਾ ਸੀਟਾਂ ਹਨ। ਦੂਜੇ ਪਾਸੇ ਇਕ-ਇਕ ਸੀਟ ਵਾਲੀਆਂ ਪਾਰਟੀਆਂ ਦੇ ਆਗੂਆਂ ਨੂੰ ਸਟੇਜ ’ਤੇ ਬਿਠਾਇਆ ਗਿਆ।’’ ਸਮਾਜਵਾਦੀ ਪਾਰਟੀ ਦੇ ਮੀਡੀਆ ਸੈੱਲ ਨੇ ਇਹ ਵੀ ਕਿਹਾ, ‘‘ਜੈਯੰਤ ਚੌਧਰੀ ਜੇਕਰ ਸੱਚੀਂ ਕਿਸਾਨ ਪੱਖੀ ਹਨ ਤਾਂ ਉਨ੍ਹਾਂ ਨੂੰ ਐੱਨਡੀਏ ਤੋਂ ਦੂਰੀ ਬਣਾਉਣੀ ਚਾਹੀਦੀ ਹੈ ਅਤੇ ਕਿਸਾਨਾਂ ਦੇ ਹਿੱਤਾਂ ਨੂੰ ਲੈ ਕੇ ਭਾਜਪਾ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ। ਛੋਟੇ ਲਾਲਚ ਦੇ ਚੱਕਰ ਵਿੱਚ ਆਪਣੇ ਸਨਮਾਨ ਤੇ ਕਿਸਾਨ ਹਿੱਤਾਂ ਦਾ ਸੌਦਾ ਭਾਜਪਾ ਨਾਲ ਨਹੀਂ ਕਰਨਾ ਚਾਹੀਦਾ।’’ ਉੱਧਰ, ਉੱਤਰ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਜੇ ਰਾਏ ਨੇ ਵੀ ਇਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ, ‘‘ਭਾਜਪਾ ਨੂੰ ਅਜਿਹੇ ਕੰਮ ਕਰਨ ਦੀ ਆਦਤ ਹੈ।’’ ਰਾਏ ਨੇ ਕਿਹਾ, ‘‘ਭਾਜਪਾ ਨੂੰ ਆਪਣੇ ਛੋਟੇ ਸਹਿਯੋਗੀਆਂ ਦੀ ਬੇਇੱਜ਼ਤੀ ਕਰਨ ਦੀ ਆਦਤ ਹੈ।’’ -ਪੀਟੀਆਈ

‘ਇੰਡੀਆ ਗੱਠਜੋੜ ਦਾ ਰਵੱਈਆ ਸੱਤਾ ਦੀ ਭੁੱਖ ਨੂੰ ਦਰਸਾਉਂਦੈ’

ਕਾਂਗਰਸ ਨੂੰ ਨਿਸ਼ਾਨਾ ਬਣਾਉਂਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਵਿਰੋਧੀ ਪਾਰਟੀ 100 ਸੀਟਾਂ ਦੇ ਅੰਕੜੇ ਨੂੰ ਵੀ ਪਾਰ ਨਹੀਂ ਕਰ ਸਕੀ ਤੇ ਪਿਛਲੀਆਂ ਤਿੰਨ ਲੋਕ ਸਭਾ ਚੋਣਾਂ ਵਿਚ ਉਨ੍ਹਾਂ ਦੀਆਂ ਕੁੱਲ ਸੀਟਾਂ ਇਸ ਚੋਣ ਵਿਚ ਭਾਜਪਾ ਦੀਆਂ ਸੀਟਾਂ ਨਾਲੋਂ ਵੀ ਘੱਟ ਰਹੀਆਂ। ਮੋਦੀ ਨੇ ਕਿਹਾ ਕਿ ਇੰਡੀਆ ਗੱਠਜੋੜ ਦੇ ਦਲਾਂ ਨੇ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਹ ਸਿਰਫ਼ ਲੋਕ ਸਭਾ ਚੋਣਾਂ ਲਈ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਰਵੱਈਆ ਉਨ੍ਹਾਂ ਦੇ ਕਿਰਦਾਰ ਤੇ ਸੱਤਾ ਦੀ ਭੁੱਖ ਨੂੰ ਦਰਸਾਉਂਦਾ ਹੈ। ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰਾਂ ’ਤੇ ਹਮਲਾ ਕਰਦਿਆਂ ਕਿਹਾ, ‘‘ਅਸੀਂ ਕਦੇ ਵੀ ਨਹੀਂ ਹਾਰੇ। 4 ਜੂਨ ਤੋਂ ਬਾਅਦ ਸਾਡਾ ਕਿਰਦਾਰ ਦਿਖਾਉਂਦਾ ਹੈ ਕਿ ਅਸੀਂ ਜਾਣਦੇ ਹਾਂ ਕਿ ਜਿੱਤ ਕਿਵੇਂ ਹਜ਼ਮ ਕਰਨੀ ਹੈ।’’ ਉਨ੍ਹਾਂ ਕਿਹਾ, ‘‘ਇਸ ਜਿੱਤ ਨੂੰ ਸਵੀਕਾਰ ਨਾ ਕਰਨ...ਇਸ ਜਿੱਤ ’ਤੇ ‘ਹਾਰ ਦਾ ਪਰਛਾਵਾਂ’ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪਰ ਅਜਿਹੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ... ਇਸ ਤਰ੍ਹਾਂ ਦੀਆਂ ਚੀਜ਼ਾਂ ਬਹੁਤ ਜਲਦ ਖ਼ਤਮ ਹੋ ਜਾਂਦੀਆਂ ਹਨ ਤੇ ਇਹ ਹੋਇਆ ਵੀ।’’

ਹਲਫ਼ਦਾਰੀ ਸਮਾਗਮ ’ਚ ਕਈ ਦੇਸ਼ਾਂ ਦੇ ਆਗੂ ਹੋਣਗੇ ਸ਼ਾਮਲ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਫ਼ਦਾਰੀ ਸਮਾਗਮ ਵਿਚ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’, ਮਾਲਦੀਵਜ਼ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ, ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਅਰਿੰਗ ਟੋਬਗੇ ਤੇ ਸ੍ਰੀਲੰਕਾ ਦੇ ਰਾਸ਼ਟਰਪਤੀ ਰਨਿਲ ਵਿਕਰਮਸਿੰਘੇ ਸ਼ਾਮਲ ਹੋ ਸਕਦੇ ਹਨ। ਸ੍ਰੀ ਮੋਦੀ ਨੇ ਇਨ੍ਹਾਂ ਵਿਚੋਂ ਬਹੁਤੇ ਆਗੂਆਂ ਨੂੰ ਫੋਨ ਕਰਕੇ ਸੱਦਾ ਦਿੱਤਾ ਹੈ। ਮਾਲਦੀਵਜ਼ ਦੇ ਰਾਸ਼ਟਰਪਤੀ ਮੁਇਜ਼ੂ ਨੇ ਸੱਦਾ ਪ੍ਰਵਾਨ ਕਰ ਲਿਆ ਤੇ ਉਹ ਸ਼ਨਿੱਚਰਵਾਰ ਨੂੰ ਨਵੀਂ ਦਿੱਲੀ ਲਈ ਰਵਾਨਾ ਹੋਣਗੇ। ਮੁਇਜ਼ੂ ਨੇ ਸ੍ਰੀ ਮੋਦੀ ਨੂੰ ਵਧਾਈ ਦਿੰਦਿਆਂ ਦੁਵੱਲੇ ਰਿਸ਼ਤਿਆਂ ਦੀ ਬਿਹਤਰੀ ਲਈ ਮਿਲ ਕੇ ਕੰਮ ਕਰਨ ਦੀ ਇੱਛਾ ਜਤਾਈ ਸੀ। ਉਧਰ ਨੇਪਾਲ ਦੇ ਪ੍ਰਧਾਨ ਮੰਤਰੀ ‘ਪ੍ਰਚੰਡ’ ਤਿੰਨ ਰੋਜ਼ਾ ਫੇਰੀ ਲਈ ਐਤਵਾਰ ਨੂੰ ਨਵੀਂ ਦਿੱਲੀ ਪੁੱਜਣਗੇ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×