For the best experience, open
https://m.punjabitribuneonline.com
on your mobile browser.
Advertisement

ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਕੌਮਾਂਤਰੀ ਨਸ਼ਾ ਤਸਕਰ ਗਰੋਹ ਦਾ ਮੁਖੀ ਗ੍ਰਿਫ਼ਤਾਰ

09:03 AM Mar 10, 2024 IST
ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਕੌਮਾਂਤਰੀ ਨਸ਼ਾ ਤਸਕਰ ਗਰੋਹ ਦਾ ਮੁਖੀ ਗ੍ਰਿਫ਼ਤਾਰ
ਜ਼ਾਫਰ ਸਾਦਿਕ ਨੂੰ ਗ੍ਰਿਫ਼ਤਾਰ ਕਰਕੇ ਲਿਜਾਂਦੇ ਹੋਏ ਐੱਨਸੀਬੀ ਦੇ ਅਧਿਕਾਰੀ। -ਫੋਟੋ: ਏਐੱਨਆਈ
Advertisement

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 9 ਮਾਰਚ
ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੇ ਅਧਿਕਾਰੀਆਂ ਨੇ ਅੱਜ ਤੜਕੇ ਇੱਕ ਕੌਮਾਂਤਰੀ ਨਸ਼ਾ ਤਸਕਰ ਗਰੋਹ ਦਾ ਪਰਦਾਫਾਸ਼ ਕਰਦਿਆਂ ਇਸ ਦੇ ਮੁਖੀ ਜਾਫਰ ਸਾਦਿਕ ਉਰਫ ਬੇਜੋਸ (36) ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਾਫਰ ਸਾਦਿਕ ਇੱਕ ਸਾਬਕਾ ਡੀਐੱਮਕੇ ਆਗੂ ਹੈ, ਜਿਸ ਨੂੰ ਡਰੱਗ ਰੈਕੇਟ ਵਿੱਚ ਉਸ ਦੀ ਭੂਮਿਕਾ ਦਾ ਪਤਾ ਲੱਗਣ ਮਗਰੋਂ ਪਾਰਟੀ ਤੋਂ ਕੱਢ ਦਿੱਤਾ ਗਿਆ ਸੀ। ਸਾਦਿਕ ਫਰਵਰੀ ਦੇ ਆਖਰੀ ਹਫ਼ਤੇ ਤੋਂ ਫਰਾਰ ਸੀ, ਜਦਕਿ ਉਸ ਦੇ ਤਿੰਨ ਸਾਥੀਆਂ ਨੂੰ ਦਿੱਲੀ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅਧਿਕਾਰੀਆਂ ਨੇ ਸਾਦਿਕ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਸ ਨੂੰ ਜੈਪੁਰ, ਰਾਜਸਥਾਨ ਦੇ ਇਕ ਹੋਟਲ ਵਿੱਚੋਂ ਫੜਿਆ ਗਿਆ ਹੈ। ਇਸ ਸਬੰਧ ਵਿੱਚ ਐਨਸੀਬੀ ਨੇ ਕੁਝ ਮਹੀਨੇ ਪਹਿਲਾਂ ਨਿਊਜ਼ੀਲੈਂਡ ਦੇ ਕਸਟਮ ਅਧਿਕਾਰੀਆਂ ਤੇ ਆਸਟ੍ਰੇਲੀਆਈ ਪੁਲੀਸ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਜਾਂਚ ਆਰੰਭੀ ਸੀ। ਉਨ੍ਹਾਂ ਦੱਸਿਆ ਕਿ ਜਾਫਰ ਸਾਦਿਕ ਤੇ ਉਸ ਦੇ ਸਾਥੀ ਭਾਰਤ ਤੋਂ ਉਕਤ ਦੋਵੇਂ ਦੇਸ਼ਾਂ ਨੂੰ ਖੋਪੇ ਦੇ ਪਾਊਡਰ ਵਿੱਚ ਲੁਕੋ ਕੇ ਸਿੰਥੈਟਿਕ ਨਸ਼ਿਆਂ ਦੀ ਤਸਕਰੀ ਕਰਿਆ ਕਰਦੇ ਸਨ।
ਇਸ ਸਬੰਧ ਵਿੱਚ ਯੂਐੱਸ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀਈਏ) ਨੇ ਜਾਣਕਾਰੀ ਦਿੱਤੀ ਸੀ ਕਿ ਨਸ਼ੇ ਦੀਆਂ ਇਹ ਖੇਪਾਂ ਦਿੱਲੀ ਤੋਂ ਭੇਜੀਆਂ ਜਾਂਦੀਆਂ ਸਨ। ਜ਼ਿਕਰਯੋਗ ਹੈ ਕਿ ਜਿਸ ਸਿੰਥੈਟਿਕ ਨਸ਼ੇ ਦੀ ਇਹ ਗਰੋਹ ਤਸਕਰੀ ਕਰਦਾ ਸੀ, ਉਸ ਦੀ ਇਸ ਵੇਲੇ ਵਿਸ਼ਵ ਪੱਧਰ ’ਤੇ ਸਭ ਤੋਂ ਵੱਧ ਮੰਗ ਹੈ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਇਹ ਨਸ਼ਾ ਲਗਪਗ 1.5 ਕਰੋੜ ਰੁਪਏ ਪ੍ਰਤੀ ਕਿੱਲੋ ਵਿੱਚ ਵਿਕਦਾ ਹੈ। ਲਗਪਗ ਚਾਰ ਮਹੀਨੇ ਚੱਲੀ ਜਾਂਚ ਮਗਰੋਂ ਐੱਨਸੀਬੀ ਅਤੇ ਦਿੱਲੀ ਪੁਲੀਸ ਦੇ ਅਧਿਕਾਰੀਆਂ ਦੀ ਇੱਕ ਸੰਯੁਕਤ ਟੀਮ ਨੂੰ ਸੂਹ ਮਿਲੀ ਸੀ ਕਿ ਇੱਕ ਹੋਰ ਖੇਪ ਆਸਟਰੇਲੀਆ ਭੇਜਣ ਦੀ ਯੋਜਨਾ ਹੈ। ਦੋ ਹਫ਼ਤੇ ਪਹਿਲਾਂ ਇਸ ਸਬੰਧ ਵਿੱਚ ਪੱਛਮੀ ਦਿੱਲੀ ਦੇ ਬਸਾਈ ਦਾਰਾਪੁਰ ਵਿੱਚ ਇੱਕ ਗੋਦਾਮ ’ਤੇ ਛਾਪਾ ਵੀ ਮਾਰਿਆ ਗਿਆ ਸੀ, ਜਿਥੇ ਕੁਝ ਵਿਅਕਤੀ ਨਸ਼ੇ ਦੀ ਪੈਕਿੰਗ ਕਰਦੇ ਫੜੇ ਗਏ ਸਨ। ਉਸ ਵੇਲੇ 50 ਕਿੱਲੋ ਸਿੰਥੈਟਿਕ ਨਸ਼ਾ ਤੇ ਗਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ ਕੀਤੇ ਗਏ ਸਨ। ਮੁਲਜ਼ਮ ਪਿਛਲੇ ਤਿੰਨ ਸਾਲਾਂ ਵਿੱਚ 45 ਵਾਰ ਲਗਪਗ 3500 ਕਿੱਲੋ ਨਸ਼ਿਆਂ ਦੀ ਖੇਪ ਵਿਦੇਸ਼ ਭੇਜ ਚੁੱਕੇ ਹਨ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿੱਚ ਕੀਮਤ 2,000 ਕਰੋੜ ਰੁਪਏ ਬਣਦੀ ਹੈ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸਾਦਿਕ ਚੇਨਈ ਨਿਵਾਸੀ ਅਤੇ ਤਾਮਿਲ ਫਿਲਮ ਨਿਰਮਾਤਾ ਦੇ ਇੱਕ ਗਠਜੋੜ ਦਾ ਮਾਸਟਰਮਾਈਂਡ ਸੀ। ਸਾਦਿਕ ਰੀਅਲ ਅਸਟੇਟ ਦੇ ਕਾਰੋਬਾਰ ਵਿੱਚ ਵੀ ਸ਼ਾਮਲ ਸੀ ਤੇ ਐੱਨਸੀਬੀ ਅਧਿਕਾਰੀਆਂ ਨੇ ਮਾਈਲਾਪੁਰ ਵਿੱਚ ਉਸ ਦੇ ਘਰ ਦੀ ਤਲਾਸ਼ੀ ਦੌਰਾਨ ਕੁਝ ਦਸਤਾਵੇਜ਼ ਬਰਾਮਦ ਕੀਤੇ ਸਨ।

Advertisement

6 ਕਰੋੜ ਦੀ ਹੈਰੋਇਨ ਸਮੇਤ ਪੰਜ ਕਾਬੂ

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਪੁਲੀਸ ਨੇ ਕੌਮੀ ਰਾਜਧਾਨੀ ਤੇ ਉੱਤਰ ਪ੍ਰਦੇਸ਼ ਵਿੱਚ ਕਈ ਥਾਈਂ ਛਾਪੇ ਮਾਰ ਕੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੇ ਕਬਜ਼ੇ ’ਚੋਂ 6 ਕਰੋੜ ਰੁਪਏ ਦੀ ਕੀਮਤ ਦੀ 900 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਡੀਸੀ (ਅਪਰਾਧ) ਅਮਿਤ ਗੋਇਲ ਨੇ ਦੱਸਿਆ ਕਿ ਪਹਿਲੀ ਕਾਰਵਾਈ ਦੌਰਾਨ ਮਹੇਸ਼ ਉਰਫ਼ ਨਾਨੂ (37) ਵਾਸੀ ਸ਼ਾਹਦਰਾ ਨੂੰ ਮਾਨਸਰੋਵਰ ਪਾਰਕ ਤੋਂ ਲਾਲ ਰੰਗ ਦੀ ਸਕੂਟੀ ਸਮੇਤ ਕਾਬੂ ਕਰਕੇ 170 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸੇ ਤਰ੍ਹਾਂ ਪੱਛਮੀ ਵਿਹਾਰ ਖੇਤਰ ਤੋਂ ਵਿਕਾਸ ਉਰਫ਼ ਵਿੱਕੀ (46) ਵਾਸੀ ਪਟੇਲ ਨਗਰ ਨੂੰ ਕਾਬੂ ਕਰਕੇ 460 ਗ੍ਰਾਮ ਹੈਰੋਇਨ ਤੇ 1.2 ਲੱਖ ਦੀ ਨਕਦੀ ਬਰਾਮਦ ਕੀਤੀ ਗਈ। ਪੁੱਛ ਪੜਤਾਲ ਮਗਰੋਂ ਪੁਲੀਸ ਨੇ ਬਵਾਨਾ ਵਾਸੀ ਲਾਲ ਮੁਹੰਮਦ (51) ਤੇ ਸਦਰ ਬਾਜ਼ਾਰ ਵਾਸੀ ਸਤਿਆਨ ਮੰਡਲ (35) ਨੂੰ ਗ੍ਰਿਫ਼ਤਾਰ ਕੀਤਾ। ਤੀਸਰੇ ਆਪ੍ਰੇਸ਼ਨ ਵਿੱਚ ਡਾਬਰੀ ਚੌਕ ਇਲਾਕੇ ਤੋਂ ਇਸ਼ਾਂਤ ਵਧਵਾ ਉਰਫ਼ ਈਸ਼ਾਨ ਨੂੰ 300 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ।

Advertisement
Author Image

sukhwinder singh

View all posts

Advertisement
Advertisement
×