ਟਰੱਕ ’ਚੋਂ ਨਸ਼ੀਲੀਆਂ ਗੋਲੀਆਂ ਬਰਾਮਦ
ਪਰਮਜੀਤ ਸਿੰਘ
ਫਾਜ਼ਿਲਕਾ, 2 ਦਸੰਬਰ
ਡਾਇਰੈਕਟਰ ਜਨਰਲ ਪੁਲੀਸ ਪੰਜਾਬ ਚੰਡੀਗੜ੍ਹ ਆਈਪੀਐੱਸ ਗੌਰਵ ਯਾਦਵ ਅਤੇ ਡਿਪਟੀ ਇੰਸਪੈਕਟਰ ਜਨਰਲ ਫਿਰੋਜ਼ਪੁਰ ਰੇਂਜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੀਪੀਐੱਸ ਸੀਨੀਅਰ ਕਪਤਾਨ ਪੁਲੀਸ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਫਾਜ਼ਿਲਕਾ ਪੁਲੀਸ ਨੇ ਰਾਜਸਥਾਨ ਤੋਂ ਆ ਰਹੇ ਟਰੱਕ ਵਿੱਚੋਂ ਨਸ਼ੀਲੀਆਂ ਗੋਲੀਆਂ ਦੀ ਖੇਪ ਬਰਾਮਦ ਕੀਤੀ ਹੈ।
ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਬਲਕਾਰ ਸਿੰਘ ਪੀਪੀਐੱਸ ਉਪ ਕਪਤਾਨ ਪੁਲੀਸ (ਜਾਂਚ) ਫਾਜ਼ਿਲਕਾ ਦੀ ਨਿਗਰਾਨੀ ਹੇਠ ਇੰਸਪੈਕਟਰ ਸਚਿਨ, ਇੰਚਾਰਜ ਸੀਆਈਏ-2 ਫਾਜ਼ਿਲਕਾ ਕੈਂਪ ਐਟ ਅਬੋਹਰ ਦੀ ਟੀਮ ਨੇ ਅਬੋਹਰ-ਗੰਗਾਨਗਰ ਮਾਰਗ ’ਤੇ ਲਾਏ ਨਾਕੇ ਦੌਰਾਨ ਰਾਜਸਥਾਨ ਦੇ ਸ੍ਰੀ ਗੰਗਾਨਗਰ ਤੋਂ ਆ ਰਹੇ ਟਰੱਕ ਨੂੰ ਰੋਕਿਆ ਤਾਂ ਮੁਲਜ਼ਮ ਮਾਂਗੀ ਲਾਲ ਬਿਸ਼ਨੋਈ ਨਾਕੇ ਤੋਂ ਥੋੜਾ ਪਿੱਛੇ ਟਰੱਕ ਰੋਕ ਕੇ ਮੌਕੇ ਤੋਂ ਫਰਾਰ ਹੋ ਗਿਆ। ਟਰੱਕ ਕੈਟਲ ਫੀਡ ਨਾਲ ਭਰਿਆ ਹੋਇਆ ਸੀ, ਜਿਸ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ ਕੁੱਲ 1,71,500 ਨਸ਼ੀਲੀਆਂ ਗੋਲੀਆਂ ਅਤੇ 14 ਕਿਲੋਗ੍ਰਾਮ ਪੋਸਤ ਬਰਾਮਦ ਹੋਇਆ। ਮੁਲਜ਼ਮ ਖ਼ਿਲਾਫ਼ ਥਾਣਾ ਖੂਈਆਂ ਸਰਵਰ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੁਲਜ਼ਮ ਮਾਂਗੀ ਲਾਲ ਦੀ ਭਾਲ ਜਾਰੀ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਪੁਲੀਸ ਵਚਨਬੱਧ ਹੈ ਅਤੇ ਕਿਸੇ ਵੀ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ।