ਪੌਣੇ ਤਿੰਨ ਕਰੋੜ ਰੁਪਏ ਨਾਲ ਬਣੇਗੀ ਨਰਾਇਣਗੜ੍ਹ-ਖੁਜਾਲਾ ਸੜਕ: ਈਟੀਓ
ਸਿਮਰਤਪਾਲ ਸਿੰਘ ਬੇਦੀ
ਜੰਡਿਆਲਾ ਗੁਰੂ, 10 ਜਨਵਰੀ
ਇਥੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਬਾਬਾ ਜਵੰਦ ਸਿੰਘ ਦੇ ਜਨਮ ਸਥਾਨ ਨੂੰ ਜਾਂਦੀ ਸੜਕ ਅਤੇ ਗਹਿਰੀ ਨਰਾਇਣਗੜ੍ਹ ਤੋਂ ਖੁਜਾਲਾ ਵਾਇਆ ਭਗਵਾਂ-ਗਦਲੀ ਨੂੰ ਜੋੜਦੀ ਹੈ, ਨੂੰ 10 ਤੋਂ 16 ਫੁੱਟ ਚੌੜੀ ਕਰਨ ਦਾ ਨੀਂਹ ਪੱਥਰ ਰੱਖਿਆ।
ਉਨ੍ਹਾਂ ਕਿਹਾ ਜਦ ਉਹ ਬਾਬਾ ਜਵੰਦ ਸਿੰਘ ਦੇ ਜਨਮ ਸਥਾਨ ਨਤਮਸਤਕ ਹੋਣ ਲਈ ਗਏ ਸੀ ਤਾਂ ਸੰਗਤ ਨੇ ਉਨ੍ਹਾਂ ਨੂੰ ਇਹ ਹੁਕਮ ਲਗਾਇਆ ਸੀ ਕਿ ਇਹ ਸੜਕ ਚੌੜੀ ਕੀਤੀ ਜਾਵੇ। ਉਨ੍ਹਾਂ ਕਿਹਾ ਸੰਗਤ ਦਾ ਇਹ ਹੁਕਮ ਮੰਨਦੇ ਹੋਏ ਇਹ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ ਹਨ। ਉਨ੍ਹਾਂ ਕਿਹਾ ਪੌਣੇ ਤਿੰਨ ਕਰੋੜ ਰੁਪਏ ਦੀ ਲਾਗਤ ਨਾਲ ਇਹ ਸੜਕ 31 ਮਾਰਚ ਤੱਕ ਬਣ ਕੇ ਤਿਆਰ ਹੋਵੇਗੀ। ਇਸ ਸੜਕ ਦੇ ਨਿਰਮਾਣ ਨਾਲ ਇਹ ਇਲਾਕਾ 18 ਫੁੱਟ ਚੌੜੀਆਂ ਸੜਕਾਂ ਦੇ ਨਾਲ ਸਿੱਧਾ ਜੁੜ ਜਾਵੇਗਾ, ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਵੀ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਜੰਡਿਆਲਾ ਹਲਕੇ ਨੂੰ ਪੰਜਾਬ ਦੇ ਚੋਣਵੇਂ ਹਲਕਿਆਂ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਇਸ ਲਈ ਉਹ ਆਪਣੇ ਵੱਲੋਂ ਲਗਾਤਾਰ ਯਤਨ ਕਰ ਰਹੇ ਹਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਕਿਹਾ ਕਿ ਉਨ੍ਹਾਂ ਨੇ ਵਿਕਾਸ ਕੰਮਾਂ ਲਈ ਕਦੇ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ। ਇਸ ਮੌਕੇ ਸੂਬੇਦਾਰ ਛਨਾਖ ਸਿੰਘ, ਇੰਜਨੀਅਰ ਜਤਿੰਦਰ ਸਿੰਘ ਭੰਗੂ, ਪੁਸ਼ਪਿੰਦਰ ਸਿੰਘ, ਅਮਰਦੀਪ ਸਿੰਘ, ਬਲਜਿੰਦਰ ਸਿੰਘ, ਸਰਪੰਚ ਸੁਖਜਿੰਦਰ ਸਿੰਘ, ਜਸਪਾਲ ਸਿੰਘ, ਸਾਹਿਬ ਸਿੰਘ ਅਤੇ ਹੋਰ ਪਤਵੰਤੇ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।