ਨਰੈਣਗੜ੍ਹ ਸੋਹੀਆਂ ਦੀ ਪੰਚਾਇਤ ਵੱਲੋਂ ਮੁੱਖ ਅਧਿਆਪਕਾ ’ਤੇ ਗੰਭੀਰ ਦੋਸ਼
ਲਖਵੀਰ ਸਿੰਘ ਚੀਮਾ
ਟੱਲੇਵਾਲ, 24 ਜੁਲਾਈ
ਪਿੰਡ ਨਰੈਣਗੜ੍ਹ ਸੋਹੀਆਂ ਵਿੱਚ ਪੰਚਾਇਤ ਅਤੇ ਪਤਵੰਤਿਆਂ ਵੱਲੋਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀ ਮੁੱਖ ਅਧਿਆਪਕਾ ’ਤੇ ਕਈ ਦੋਸ਼ ਲਗਾਉਂਦਿਆਂ ਨਾਅਰੇਬਾਜ਼ੀ ਕਰ ਕੇ ਰੋਸ ਜ਼ਾਹਰ ਕੀਤਾ ਗਿਆ। ਸਰਪੰਚ ਤੇਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਮੁੱਖ ਅਧਿਆਪਕਾ ਵੱਲੋਂ ਸਕੂਲ ਦੀ ਬਿਹਤਰੀ ਲਈ ਗ੍ਰਾਮ ਪੰਚਾਇਤ ਨਾਲ ਤਾਲਮੇਲ ਨਹੀਂ ਰੱਖਿਆ ਜਾ ਰਿਹਾ ਅਤੇ ਆਪਣੀ ਮਨਮਰਜ਼ੀ ਨਾਲ ਹੀ ਬੱਚਿਆਂ ਨੂੰ ਪੜ੍ਹਾਉਣ ਲਈ ਪਿੰਡ ਦੀ ਹੀ ਇੱਕ ਲੜਕੀ ਨੂੰ ਰੱਖਿਆ ਹੋਇਆ ਹੈ, ਜਿਸ ਨੂੰ ਚਾਰ ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਸਕੂਲ ਵਿੱਚ ਪੜ੍ਹਦੇ ਬੱਚਿਆਂ ਲਈ ਖਾਣਾ ਵੀ ਵਧੀਆ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਗ੍ਰਾਮ ਪੰਚਾਇਤ ਵੱਲੋਂ ਸਕੂਲ ਦੀ ਨਿਗਰਾਨੀ ਲਈ ਸਕੂਲ ਅੰਦਰ ਕੈਮਰੇ ਲਗਵਾਏ ਗਏ ਸਨ, ਪਰ ਮੁੱਖ ਅਧਿਆਪਕਾ ਵੱਲੋਂ ਕਥਿਤ ਤੌਰ ’ਤੇ ਕੈਮਰਿਆਂ ਦੇ ਮੂੰਹ ਹੋਰ ਪਾਸੇ ਘੁਮਾ ਦਿੱਤੇ ਗਏ ਤੇ ਸਕੂਲ ਅੰਦਰ ਪਿਆ ਕਬਾੜ ਆਪਣੀ ਮਰਜ਼ੀ ਨਾਲ ਵੇਚ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਅੱਜ ਤੋਂ 6 ਮਹੀਨੇ ਪਹਿਲਾਂ ਗ੍ਰਾਮ ਪੰਚਾਇਤ ਵੱਲੋਂ ਮੁੱਖ ਅਧਿਆਪਕਾ ਖਿਲਾਫ਼ ਡੀਈਓ ਨੂੰ ਦਿੱਤੀ ਲਿਖਤੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਨੇੜਲੇ ਪਿੰਡਾਂ ਦੇ ਸਕੂਲ ‘ਚ ਡੈਪੂਟੇਸ਼ਨ ’ਤੇ ਭੇਜ ਦਿੱਤਾ ਸੀ, ਪਰ ਹੁਣ ਮੁੜ ਸਿੱਖਿਆ ਵਿਭਾਗ ਵੱਲੋਂ ਇਸ ਅਧਿਆਪਕਾਂ ਨੂੰ ਨਰੈਣਗੜ੍ਹ ਸਕੂਲ ਵਿੱਚ ਭੇਜ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਅਧਿਆਪਕਾ ਨੂੰ ਸਕੂਲ ’ਚੋਂ ਬਦਲ ਕੇ ਨਵਾਂ ਮੁੱਖ ਅਧਿਆਪਕ ਭੇਜਿਆ ਜਾਵੇ। ਇਸ ਮੌਕੇ ਪੰਚ ਸੁਖਵਿੰਦਰ ਸਿੰਘ, ਜਗਜੀਤ ਸਿੰਘ, ਬਲਵੀਰ ਕੌਰ, ਲਖਵੀਰ ਕੌਰ, ਨੰਬਰਦਾਰ ਦਲਜੀਤ ਸਿੰਘ, ਨੰਬਰਦਾਰ ਜਗਜੀਵਨ ਸਿੰਘ, ਸੁਰਜੀਤ ਕੌਰ, ਪਰਮਜੀਤ ਕੌਰ, ਸਰਬਜੀਤ ਕੌਰ, ਦਲਜੀਤ ਕੌਰ, ਗੁਰਪ੍ਰੀਤ ਕੌਰ ਹਾਜ਼ਰ ਸਨ।
ਮੁੱਖ ਅਧਿਆਪਕਾ ਨੇ ਦੋਸ਼ ਨਕਾਰੇ
ਮੁੱਖ ਅਧਿਆਪਕਾ ਪਰਮਿੰਦਰ ਕੌਰ ਨੇ ਗ੍ਰਾਮ ਪੰਚਾਇਤ ਤੇ ਪਤਵੰਤਿਆਂ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਪਣੀ ਡਿਊਟੀ ਨਿਭਾ ਰਹੀ ਹੈ। ਸਕੂਲ ਅੰਦਰ ਕੈਮਰੇ ਸਿੱਖਿਆ ਵਿਭਾਗ ਹੀ ਲਗਾ ਸਕਦਾ ਹੈ। ਪੰਚਾਇਤ ਨੂੰ ਸਕੂਲ ਅੰਦਰ ਆਪਣੇ ਕੈਮਰੇ ਲਾਉਣ ਦਾ ਹੱਕ ਨਹੀਂ ਹੈ। ਸਕੂਲ ਦਾ ਕਬਾੜ ਵੇਚੇ ਜਾਣ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਵੇਚੇ ਗਏ ਕਬਾੜ ਦੇ ਪੈਸੇ ਸਕੂਲੀ ਬੱਚਿਆਂ ਦੀ ਭਲਾਈ ਲਈ ਖਰਚੇ ਜਾਣਗੇ।