ਸੈਲਾਨੀ ਵੀਜ਼ੇ ’ਤੇ ਰੂਸ ਗਏ ਨਰੈਣ ਸਿੰਘ ਨੂੰ ਜੰਗ ’ਚ ਧੱਕਿਆ
ਗੁਰਦੇਵ ਸਿੰਘ
ਬਲਾਚੌਰ, 9 ਮਾਰਚ
ਰੂਸ-ਯੂਕਰੇਨ ਜੰਗ ਵਿੱਚ ਧੱਕੇ ਪੰਜਾਬੀ ਨੌਜਵਾਨਾਂ ਵਿੱਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੀ ਬਲਾਚੌਰ ਸਬ ਡਿਵੀਜ਼ਨ ਦੇ ਪਿੰਡ ਗਰਲੋਂ ਬੇਟ ਦਾ ਨਰੈਣ ਸਿੰਘ (21) ਵੀ ਸ਼ਾਮਲ ਹੈ।
ਉਸ ਦੇ ਪਿਤਾ ਗੁਰਬੰਤ ਸਿੰਘ ਅਤੇ ਮਾਤਾ ਗੁਰਮੀਤ ਕੌਰ ਨੇ ਦੱਸਿਆ ਕਿ ਨਵਾਂ ਸਾਲ ਚੜ੍ਹਨ ਤੋਂ ਕੁਝ ਦਿਨ ਪਹਿਲਾਂ ਨਰੈਣ ਸਿੰਘ ਆਪਣੇ ਦੋਸਤਾਂ ਨਾਲ ਸੈਲਾਨੀ ਵੀਜ਼ੇ ’ਤੇ ਰੂਸ ਗਿਆ ਸੀ। ਮਾਪਿਆਂ ਨੂੰ ਇਹ ਵੀ ਨਹੀਂ ਪਤਾ ਕਿ ਉਸ ਨੂੰ ਕਿਹੜੇ ਟਰੈਵਲ ਏਜੰਟ ਨੇ ਕਿੰਨੇ ਪੈਸਿਆਂ ਵਿੱਚ ਭੇਜਿਆ ਹੈ। ਨਰੈਣ ਸਿੰਘ ਉਨ੍ਹਾਂ ਤੋਂ ਸਿਰਫ 6,000 ਰੁਪਏ ਲੈ ਕੇ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਲ 2023 ਵਿੱਚ ਪਹਿਲਾਂ ਵੀ ਕੁਝ ਦਿਨਾਂ ਲਈ ਨਰੈਣ ਸਿੰਘ ਸੈਲਾਨੀ ਵੀਜ਼ੇ ’ਤੇ ਜਾ ਚੁੱਕਿਆ ਹੈ। ਉੁਨ੍ਹਾਂ ਕਿਹਾ ਕਿ ਨਰੈਣ ਦੱਸਦਾ ਸੀ ਕਿ ਉਸ ਦੇ ਦੋਸਤ ਰਲ-ਮਿਲ ਕੇ ਖਰਚਾ ਕਰਕੇ ਜਾ ਰਹੇ ਹਨ। ਉਨ੍ਹਾਂ ਭਰੇ ਮਨ ਨਾਲ ਦੱਸਿਆ ਕਿ ਸ਼ਨਿਚਰਵਾਰ ਨਰੈਣ ਸਿੰਘ ਦਾ ਫੋਨ ਆਇਆ ਸੀ ਅਤੇ ਉਹ ਬਹੁਤ ਡਰਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਬਹੁਤ ਤੰਗ ਕੀਤਾ ਗਿਆ ਅਤੇ ਬਾਅਦ ਵਿੱਚ ਫੌਜ ਹਵਾਲੇ ਕਰ ਦਿੱਤਾ ਗਿਆ ਅਤੇ ਧੱਕੇ ਨਾਲ ਫੌਜ ਦੀ ਸਿਖਲਾਈ ਦਿੱਤੀ ਗਈ ਅਤੇ ਉਨ੍ਹਾਂ ਨੂੰ ਰੂਸ-ਯੂਕਰੇਨ ਜੰਗ ਵਿੱਚ ਜਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਨਰੈਣ ਸਿੰਘ ਦੇ ਛੋਟੇ ਭਰਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਵੀਡੀਓ ਜਿਸ ਵਿੱਚ ਨਰੈਣ ਸਿੰਘ ਸਮੇਤ 7 ਨੌਜਵਾਨ ਅਪੀਲ ਕਰ ਰਹੇ ਹਨ ਕਿ ਉਨ੍ਹਾਂ ਨੂੰ ਸੈਲਾਨੀ ਵੀਜ਼ੇ ’ਤੇ ਲਿਆ ਕੇ ਪਹਿਲਾਂ ਬੇਲਾਰੂਸ ਲਿਜਾਇਆ ਗਿਆ ਤੇ ਬਾਅਦ ਵਿੱਚ ਉਨ੍ਹਾਂ ਨੂੰ ਪੁਲੀਸ ਨੇ ਫੜ ਲਿਆ ਜਿਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਬਤੌਰ ਹੈਲਪਰ ਇੱਕ ਸਾਲ ਰੂਸੀ ਫੌਜ ਵਿੱਚ ਕੰਮ ਕਰਨਾ ਪਵੇਗਾ ਅਤੇ ਅਜਿਹਾ ਨਾ ਕਰਨ ’ਤੇ 10 ਸਾਲ ਦੀ ਜੇਲ੍ਹ ਕੱਟਣੀ ਪਵੇਗੀ। ਉਸ ਦੇ ਮਾਪਿਆਂ ਨੇ ਦੱਸਿਆ ਕਿ ਨਰੈਣ ਸਿੰਘ ਇਸ ਵੇਲੇ ਯੂਕਰੇਨ ਵਿੱਚ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪੁੱਤਰ ਨੂੰ ਭਾਰਤ ਵਾਪਸ ਲਿਆਉਣ ਲਈ ਚਾਰਾਜੋਈ ਕੀਤੀ ਜਾਵੇ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਕਈ ਨੌਜਵਾਨ ਰੂਸ-ਯੂਕਰੇਨ ਜੰਗ ਵਿੱਚ ਫਸੇ ਹੋਏ ਹਨ ਅਤੇ ਉਨ੍ਹਾਂ ਦੇ ਮਾਪੇ ਉਨ੍ਹਾਂ ਦੀ ਵਾਪਸੀ ਦਾ ਰਾਹ ਤੱਕ ਰਹੇ ਹਨ।