ਦੀਪਿਕਾ ਤੇ ਰਣਵੀਰ ਦੇ ਘਰ ਆਈ ਨੰਨ੍ਹੀ ਪਰੀ
ਨਵੀਂ ਦਿੱਲੀ: ਬੌਲੀਵੁੱਡ ਦੀ ਸਟਾਰ ਜੋੜੀ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦੇ ਘਰ ਅੱਜ ਧੀ ਨੇ ਜਨਮ ਲਿਆ ਹੈ। ਇਹ ਇਸ ਜੋੜੇ ਦਾ ਪਹਿਲਾ ਬੱਚਾ ਹੈ। ‘ਰਾਮਲੀਲਾ’, ‘ਬਾਜੀਰਾਓ ਮਸਤਾਨੀ’ ਤੇ ‘83’ ਜਿਹੀਆਂ ਫ਼ਿਲਮਾਂ ਵਿਚ ਇਕੱਠਿਆਂ ਨਜ਼ਰ ਆਈ ਇਸ ਜੋੜੀ ਨੇ ਇਕ ਸਾਂਝੀ ਇੰਸਟਾਗ੍ਰਾਮ ਪੋਸਟ ਰਾਹੀਂ ਘਰ ਵਿਚ ਧੀ ਦੇ ਆਉਣ ਦੀ ਖ਼ੁਸ਼ੀ ਸਾਂਝੀ ਕੀਤੀ। ਉਨ੍ਹਾਂ ਲਿਖਿਆ, ‘‘ਵੈਲਕਮ ਬੇਬੀ ਗਰਲ! 8.9.2024।’’ ਦੀਪਿਕਾ ਨੂੰ ਸ਼ਨਿੱਚਰਵਾਰ ਨੂੰ ਮੁੰਬਈ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਆਲੀਆ ਭੱਟ, ਅਰਜੁੁਨ ਕਪੂਰ ਤੇ ਅਨੰਨਿਆ ਪਾਂਡੇ ਸਣੇ ਫ਼ਿਲਮ ਇੰਡਸਟਰੀ ਦੇ ਕਈ ਸਹਿ-ਕਰਮੀਆਂ ਨੇ ਦੀਪਿਕਾ ਤੇ ਰਣਵੀਰ ਨੂੰ ਸੋਸ਼ਲ ਮੀਡੀਆ ’ਤੇ ਵਧਾਈ ਦਿੱਤੀ ਹੈ। ਭੱਟ ਨੇ ਇਸ ਜੋੜੇ ਦੀ ਪੋਸਟ ਦੇ ਕੁਮੈਂਟਸ ਸੈਕਸ਼ਨ ਵਿਚ ਲੜੀਵਾਰ ਦਿਲ ਤੇ ਜਸ਼ਨਾਂ ਵਾਲੀ ਇਮੋਜੀ’ਜ਼ ਸਾਂਝੀਆਂ ਕੀਤੀਆਂ। ਅਰਜੁਨ ਕਪੂਰ ਨੇ ਕਿਹਾ, ‘‘ਲਕਸ਼ਮੀ ਆਈ ਹੈ!!! ਰਾਣੀ ਇਥੇ ਹੈ।’’ ਅਨੰਨਿਆ ਪਾਂਡੇ ਨੇ ਲਿਖਿਆ, ‘‘ਬੇਬੀ ਗਰਲ! ਮੁਬਾਰਕਾਂ।’’ ਸ਼੍ਰਧਾ ਕਪੂਰ, ਕ੍ਰਿਤੀ ਸੈਨਨ, ਸ਼ਰਵਰੀ, ਸੋਨਾਕਸ਼ੀ ਸਿਨਹਾ ਤੇ ਸੰਜੇ ਕਪੂਰ ਸਣੇ ਕੁਝ ਹੋਰ ਫ਼ਿਲਮੀ ਹਸਤੀਆਂ ਨੇ ਨਵੇਂ ਬਣੇ ਮਾਪਿਆਂ ਨੂੰ ਵਧਾਈ ਦਿੱਤੀ। -ਪੀਟੀਆਈ