ਨੰਗਲ ਡੈਮ ਤਲਵਾੜਾ ਰੇਲ ਪ੍ਰਾਜੈਕਟ: ਜ਼ਮੀਨ ਮਾਲਕਾਂ ਵੱਲੋਂ ਪ੍ਰਸ਼ਾਸਨ ’ਤੇ ਬੇਨਿਯਮੀਆਂ ਦੇ ਦੋਸ਼
ਦੀਪਕ ਠਾਕੁਰ
ਤਲਵਾੜਾ, 9 ਮਾਰਚ
ਇੱਥੇ ਨੰਗਲ ਡੈਮ-ਤਲਵਾੜਾ ਵਾਇਆ ਊਨਾ ਰੇਲ ਪ੍ਰਾਜੈਕਟ ਲਈ ਸੂਬੇ ਦੇ ਸਰਹੱਦੀ ਪਿੰਡਾਂ ’ਚ ਐਕੁਆਇਰ ਕੀਤੀ ਜਾ ਰਹੀ ਜ਼ਮੀਨ ਮਾਮਲੇ ’ਚ ਸਥਾਨਕ ਲੋਕਾਂ ਨੇ ਪ੍ਰਸ਼ਾਸਨ ’ਤੇ ਬੇਨਿਯਮੀਆਂ ਦੇ ਦੋਸ਼ ਲਗਾਏ ਹਨ। ਪਿੰਡ ਕਰਟੋਲੀ ’ਚ ਬਣਾਏ ਜਾ ਰਹੇ ਰੇਲਵੇ ਸਟੇਸ਼ਨ ਲਈ ਐਵਾਰਡ ਕੀਤੀ ਜ਼ਮੀਨ ਤੋਂ ਵੱਧ ’ਤੇ ਜ਼ਬਰੀ ਕਬਜ਼ਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਰਟੋਲੀ ਦੀ ਵਸਨੀਕ ਸੰਤੋਸ਼ ਕੁਮਾਰੀ ਅਤੇ ਉਸ ਦੀ ਦਰਾਣੀ ਪ੍ਰਵੀਨ ਕੁਮਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਰਾਮਗੜ੍ਹ ਸੀਕਰੀ ’ਚ ਵੀ ਜ਼ਮੀਨ ਪੈਂਦੀ ਹੈ। ਇਸ ਨੂੰ ਪ੍ਰਸ਼ਾਸਨ ਨੇ ਤਜਵੀਜ਼ਤ ਰੇਲਵੇ ਪ੍ਰਾਜੈਕਟ ਲਈ ਐਕੁਆਇਰ ਕੀਤਾ ਹੈ। ਹਦਬਸਤ ਨੰਬਰ 620 ਵਿੱਚ ਖਸਰਾ ਨੰਬਰ 404/1 ’ਚ ਉਨ੍ਹਾਂ ਦੀ ਕੁੱਲ ਇੱਕ ਕਨਾਲ ਦੋ ਮਰਲੇ ਜ਼ਮੀਨ ਹੈ। ਇਸ ਵਿੱਚੋਂ ਪ੍ਰਸ਼ਾਸਨ ਨੇ 15/12 /2021 ਨੂੰ ਐਵਾਰਡ ਕਰ ਕੇ ਤਿੰਨ ਮਰਲੇ ਥਾਂ ਐਕੁਆਇਰ ਕੀਤੀ ਸੀ। ਇਸ ਦਾ ਦੋਵਾਂ ਪਰਿਵਾਰਾਂ ਨੂੰ ਕਰੀਬ 63 ਹਜ਼ਾਰ ਰੁਪਏ ਬਤੌਰ ਮੁਆਵਜ਼ਾ ਮਿਲਿਆ ਸੀ ਪਰ ਹੁਣ ਠੇਕੇਦਾਰਾਂ ਵੱਲੋਂ ਉਨ੍ਹਾਂ ਦੀ ਬਚਦੀ 19 ਮਰਲੇ ਥਾਂ ’ਤੇ ਬਿਨਾਂ ਐਵਾਰਡ ਅਤੇ ਮੁਆਵਜ਼ਾ ਅਦਾ ਕੀਤੇ ਕਬਜ਼ਾ ਕਰ ਲਿਆ ਗਿਆ ਹੈ। ਰੋਕਣ ਦੇ ਬਾਵਜੂਦ ਉਨ੍ਹਾਂ ਦੀ ਮਾਲਕੀ ਵਾਲੀ ਜ਼ਮੀਨ ’ਤੇ 20 ਫੁੱਟ ਤੋਂ ਵੱਧ ਭਰਤੀ ਪਾ ਦਿੱਤੀ ਹੈ। ਪੀੜਤਾਂ ਨੇ ਐੱਸਡੀਐੱਮ ਮੁਕੇਰੀਆਂ-ਕਮ-ਲੈਂਡ ਐਕੂਜਿਸ਼ਨ ਕੁਲੈਕਟਰ ਕੋਲ਼ ਵੀ ਇਨਸਾਫ਼ ਦੀ ਅਪੀਲ ਕੀਤੀ ਸੀ ਪਰ ਕੋਈ ਸੁਣਵਾਈ ਨਹੀਂ ਹੋਈ।
ਪਿੰਡ ਦੇ ਨੰਬਰਦਾਰ ਸੰਜੀਵ ਕੁਮਾਰ ਨੇ ਦੱਸਿਆ ਕਿ ਰੇਲ ਪ੍ਰਾਜੈਕਟ ਲਈ ਸਰਹੱਦੀ ਪਿੰਡ ਭਟੋਲੀ, ਭਵਨੌਰ, ਰਾਮਗੜ੍ਹ ਸੀਕਰੀ, ਕਰਟੌਲੀ ਅਤੇ ਨੰਗਲ ਖਨੌੜਾ ਦੀ ਜ਼ਮੀਨ ਐਕੁਆਇਰ ਕਰਨ ਲਈ ਪ੍ਰਸ਼ਾਸਨ ਨੇ 15 ਦਸੰਬਰ 2021, 6 ਜਨਵਰੀ 2022, 3 ਜਨਵਰੀ ਅਤੇ 14 ਜੂਨ 2024 ’ਚ ਐਵਾਰਡ ਕੀਤੇ ਸਨ। ਪ੍ਰਸ਼ਾਸਨ ਦੇ ਮਾਲ ਵਿਭਾਗ ਕੀਤੀ ਪੈਮਾਇਸ਼ ’ਚ ਐਵਾਰਡ ਵਿਚ ਦਰਜ ਐਕੁਆਇਰ ਜ਼ਮੀਨ ਨਾਲ ਮੇਲ ਨਹੀਂ ਖਾਂਦੀ। ਉਨ੍ਹਾਂ ਦੀ ਪਿੰਡ ਕਰਟੌਲੀ ’ਚ ਖਸਰਾ ਨੰਬਰ 116/ 1 ’ਚ 3 ਕਨਾਲ 18 ਮਰਲੇ ਜ਼ਮੀਨ ਹੈ ਜਦਕਿ 116/ 2 ਵਿੱਚ ਛੱਜੂ ਰਾਮ ਵਗੈਰਾ ਦੀ ਇੱਕ ਕਨਾਲ ਜ਼ਮੀਨ ਮਕਿਹਮਾ ਮਾਲ ਮੁਤਾਬਕ ਦਰਜ ਹੈ। ਪ੍ਰਸ਼ਾਸਨ ਨੇ ਛੱਜੂ ਰਾਮ ਆਦਿ ਦਾ ਪਹਿਲਾਂ ਇੱਕ ਕਨਾਲ 11 ਮਰਲੇ ਅਤੇ ਫਿਰ 14 ਮਰਲੇ ਦਾ ਕੁੱਲ 2 ਕਨਾਲ 05 ਮਰਲੇ ਦਾ ਐਵਾਰਡ ਕਰ ਦਿੱਤਾ ਹੈ ਜਦੋਂਕਿ ਉਹ ਅਸਲ ਵਿੱਚ ਇੱਕ ਕਨਾਲ ਦਾ ਮਾਲਕ ਹੈ। ਪੀੜਤਾਂ ਨੇ ਪ੍ਰਸ਼ਾਸਨ ’ਤੇ ਪਹਿਲਾਂ ਜ਼ਮੀਨ ਦੇ ਘੱਟ ਭਾਅ ਦੇਣ ਤੇ ਹੁਣ ਐਵਾਰਡ ਕੀਤੀ ਜ਼ਮੀਨ ਤੋਂ ਵਾਧੂ ਜ਼ਮੀਨ ਜ਼ਬਰੀ ਦੱਬਣ ਦੇ ਦੋਸ਼ ਲਗਾਏ ਹਨ। ਨੰਬਰਦਾਰ ਸੰਜੀਵ ਕੁਮਾਰ ਨੇ ਪ੍ਰਸ਼ਾਸਨ ’ਤੇ ਰੇਲਵੇ ਪ੍ਰਾਜੈਕਟ ਲਈ ਐਕੁਆਇਰ ਕੀਤੀ ਜਾ ਰਹੀ ਜ਼ਮੀਨ ’ਚ ਵੱਡੇ ਪੱਧਰ ’ਤੇ ਬੇਨਿਯਮੀਆਂ ਹੋਣ ਤੇ ਕਿਸੇ ਵੱਡੇ ਜ਼ਮੀਨ ਘਪਲੇ ਦੀ ਗੱਲ ਆਖੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਪੀੜਤ ਲਿਖਤੀ ਸ਼ਿਕਾਇਤ ਦਰਜ ਕਰਵਾਉਣ: ਅਧਿਕਾਰੀ
ਐੱਸਡੀਐੱਮ ਮੁਕੇਰੀਆਂ-ਕਮ-ਲੈਂਡ ਐਕੂਜਿਸ਼ਨ ਅਧਿਕਾਰੀ ਕੰਵਲਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ਼ ਰੋਜ਼ਾਨਾ ਕਈ ਪੱਤਰ ਆਉਂਦੇ ਹਨ। ਅਧਿਕਾਰੀ ਨੇ ਕਿਹਾ ਕਿ ਪੀੜਤ ਲਿਖਤੀ ਪੱਤਰ ਰਾਹੀਂ ਆਪਣੀ ਸ਼ਿਕਾਇਤ ਦਫ਼ਤਰ ਵਿਚ ਦਰਜ ਕਰਵਾਉਣ। ਉਨ੍ਹਾਂ ਕਿਹਾ ਕਿ ਲਿਖਤੀ ਸ਼ਿਕਾਇਤ ਦਾ ਸਮੇਂ ਸਿਰ ਨਿਬੇੜਾ ਕੀਤਾ ਜਾਵੇਗਾ।