ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਜਾਰੀ
ਪੱਤਰ ਪ੍ਰੇਰਕ
ਅੰਮ੍ਰਿਤਸਰ, 24 ਫਰਵਰੀ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅੱਜ ਨਾਨਕਸ਼ਾਹੀ ਸੰਮਤ 556 (ਸਾਲ 2024-25) ਦਾ ਕੈਲੰਡਰ ਜਥੇਦਾਰ ਗਿਆਨੀ ਰਘਬੀਰ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਰੀ ਕੀਤਾ। ਇਸ ਵਾਰ ਦਾ ਨਾਨਕਸ਼ਾਹੀ ਕੈਲੰਡਰ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਕੀਤਾ ਗਿਆ ਹੈ।
ਕੈਲੰਡਰ ਜਾਰੀ ਕਰਨ ਮੌਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਉਹ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਮਨਾਉਣ। ਉਨ੍ਹਾਂ ਸਿੱਖ ਸੰਗਤ ਨੂੰ ਨਾਨਕਸ਼ਾਹੀ ਕੈਲੰਡਰ ਹਰ ਗੁਰੂ-ਘਰ ਅਤੇ ਆਪੋ-ਆਪਣੇ ਘਰਾਂ ਵਿੱਚ ਲਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਨਾਨਕਸ਼ਾਹੀ ਸੰਮਤ ਅਨੁਸਾਰ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਤੋਂ ਹੁੰਦੀ ਹੈ। ਨਾਨਕਸ਼ਾਹੀ ਸੰਮਤ 556 ਦਾ ਕੈਲੰਡਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਦੇ ਜੋਤੀ ਜੋਤਿ ਦਿਵਸ ਨੂੰ ਸਮਰਪਿਤ ਹੈ ਅਤੇ ਇਹ ਸ਼ਤਾਬਦੀ ਦਿਹਾੜਾ ਸਿੱਖ ਕੌਮ ਵੱਲੋਂ ਸਤੰਬਰ ਮਹੀਨੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਮਨਾਇਆ ਜਾਵੇਗਾ। ਉਨ੍ਹਾਂ ਆਉਣ ਵਾਲੇ ਨਾਨਕਸ਼ਾਹੀ ਸੰਮਤ 556 ਦੀ ਸਿੱਖ ਸੰਗਤ ਨੂੰ ਵਧਾਈ ਦਿੱਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਰਾਜਿੰਦਰ ਸਿੰਘ ਮਹਿਤਾ, ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸਤਵਿੰਦਰ ਸਿੰਘ ਟੌਹੜਾ, ਓਐੱਸਡੀ ਸਤਬੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਤੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਮੌਜੂਦ ਸਨ।