For the best experience, open
https://m.punjabitribuneonline.com
on your mobile browser.
Advertisement

ਨਾਨਕ ਵੇਲ਼ਾ

06:16 AM Mar 07, 2024 IST
ਨਾਨਕ ਵੇਲ਼ਾ
Advertisement

ਜਗਦੀਸ਼ ਪਾਪੜਾ

Advertisement

ਗੱਲ 15 ਜਨਵਰੀ 2003 ਦੀ ਹੈ। ਅਸੀਂ ਪੀਪਲਜ਼ ਥੀਏਟਰ ਲਹਿਰਾਗਾਗਾ ਦੀ ਟੀਮ, ਸੈਮੁਅਲ ਜੌਨ ਦੀ ਅਗਵਾਈ ਵਿੱਚ ਤਖਤੂਪੁਰੇ ਦੇ ਮੇਲੇ ਵਿੱਚ ਨਾਟਕ ਕਰਨ ਪਹੁੰਚ ਗਏ। ਕਮਿਊਨਿਸਟ ਪਾਰਟੀ ਨੇ ਮੇਲੇ ਵਿੱਚ ਪ੍ਰੋਗਰਾਮ ਰੱਖਿਆ ਹੋਇਆ ਸੀ। ਮਿੱਟੀ ਨਾਲ ਭਰੀਆਂ ਟਰਾਲੀਆਂ ਦੀ ਸਟੇਜ ਅਜੇ ਬਣਨੀ ਸੀ। ਤਿਆਰੀਆਂ ਭਾਰਤੀ ਇਨਕਲਾਬ ਵਾਂਗ ਮੱਠੀ ਚਾਲੇ ਹੋ ਰਹੀਆਂ ਸਨ। ਆਦਤਨ ਮੈਨੂੰ ਨੇੜਲੀ ਕਿਤਾਬਾਂ ਦੀ ਸਟਾਲ ਨੇ ਖਿੱਚ ਲਿਆ।
‘ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ’। ਇਸ ਸਿਰਲੇਖ ਵਾਲੀ ਪੁਰਾਣੀ ਜਿਹੀ ਕਿਤਾਬ ਚੁੱਕਣ ਲਈ ਮੇਰਾ ਹੱਥ ਆਪ ਮੁਹਾਰੇ ਅੱਗੇ ਵਧਿਆ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਪੰਜ ਸੌ ਸਫ਼ੇ ਦੀ ਕਿਤਾਬ ਦੇ ਸੰਪਾਦਕ ਦਾ ਨਾਂ ਪ੍ਰੀਤਮ ਸਿੰਘ। 1969 ਵਿੱਚ ਛਪੀ, ਗੁਰੂ ਨਾਨਕ ਦੇ ਪੰਜ ਸੌ ਸਾਲਾ ਪ੍ਰਕਾਸ਼ ਵਰ੍ਹੇ ਮੌਕੇ। ਕੀਮਤ ਬਾਰਾਂ ਰੁਪਏ ਪਰ ਕੱਟ ਕੇ ਵੀਹ ਰੁਪਏ ਕੀਤੀ ਹੋਈ। ਗੱਤੇ ਦੀ ਜਿਲਦ ਪਲਟੀ ਤਾਂ ਅੰਦਰ ਲੇਖ ਸੂਚੀ। ਪ੍ਰੋ. ਪ੍ਰੀਤਮ ਸਿੰਘ ਸਮੇਤ 33 ਸਿਰਕੱਢ ਵਿਦਵਾਨਾਂ ਦੇ ਲੇਖਾਂ ਵਿੱਚ ਗੁਰੂ ਨਾਨਕ ਦੀ ਜੀਵਨੀ ਅਤੇ ਉਦਾਸੀਆਂ ਦੇ ਵੇਰਵਿਆਂ ਤੋਂ ਇਲਾਵਾ ਨਾਨਕ ਬਾਣੀ ਦੇ ਇਤਿਹਾਸਕ, ਸਮਾਜਿਕ, ਧਾਰਮਿਕ, ਸੱਭਿਆਚਾਰਕ, ਦਾਰਸ਼ਨਿਕ, ਸਿਧਾਂਤਕ ਪੱਖ ਅਤੇ ਭਾਸ਼ਾ, ਵਿਸ਼ਾ ਵਸਤੂ, ਸ਼ਬਦ ਚੋਣ, ਅਲੰਕਾਰ, ਬਿੰਬ ਸਿਰਜਣਾ, ਧੁਨੀ ਵਿਉਂਤ, ਕਾਵਿ ਭਾਵਨਾ, ਸੁਹਜ ਬੋਧ ਅਤੇ ਕੁਦਰਤ ਵਰਨਣ ਬਾਰੇ ਭਰਪੂਰ ਜਾਣਕਾਰੀ ਸੀ। ਗੁਰੂ ਨਾਨਕ ਬਾਰੇ ਜਾਨਣ ਲਈ ਖਜ਼ਾਨਾ ਮਿਲ ਗਿਆ ਸੀ।
ਉਦੋਂ ਤੱਕ ਮੈਂ ਖੱਬੇ ਪੱਖੀ ਜਾਂ ਕਹਿ ਲਓ ਕਿ ਮਾਰਕਸੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਗਿਆ ਸੀ। ਗੁਰਸਿੱਖ ਪਰਿਵਾਰ ਵਿੱਚ ਪਾਲਣ ਪੋਸ਼ਣ ਕਾਰਨ ਸਿੱਖ ਧਰਮ ਅਤੇ ਇਤਿਹਾਸ ਲਈ ਡੂੰਘੀ ਦਿਲਚਸਪੀ ਆਪ-ਮੁਹਾਰੀ ਸੀ। ਵੈਸੇ ਮੇਰੇ ਜ਼ਿਹਨ ਅੰਦਰ ਸਿੱਖੀ ਅਤੇ ਮਾਰਕਸਵਾਦ ਦੇ ਭੇੜ ਦਾ ਅਨੁਭਵ ਕਦੇ ਵੀ ਨਹੀਂ ਹੋਇਆ ਸਗੋਂ ਇਹ ਜਦੋਂ ਕਿਤੇ ਵੀ ਮੇਰੇ ਖਿਆਲਾਂ ਵਿੱਚ ਇੱਕ ਦੂਜੇ ਨੂੰ ਟੱਕਰੇ ਤਾਂ ਜੱਫੀ ਪਾ ਕੇ ਹੀ ਮਿਲੇ। ਜਿਵੇਂ ਮੈਂ ਸੋਚਦਾ ਸੀ ਕਿ ਮਾਰਕਸ ਬਾਰੇ ਪੂਰੀ ਜਾਣਕਾਰੀ ਹੋਣ ਤੋਂ ਬਿਨਾਂ ਮਾਰਕਸਵਾਦ ਬਾਰੇ ਹਰ ਗੱਲ ਅਧੂਰੀ ਹੋਵੇਗੀ, ਇਸੇ ਤਰ੍ਹਾਂ ਗੁਰੂ ਨਾਨਕ ਨੂੰ ਡੂੰਘਿਆਈ ਤੱਕ ਜਾਣੇ ਬਿਨਾਂ ਸਿੱਖੀ ਦੀ ਮੁਕੰਮਲ ਗੱਲ ਕਰਨ ਦਾ ਦਾਅਵਾ ਠੀਕ ਨਹੀਂ। ਸਿੱਖੀ, ਸਿੱਖ ਇਤਿਹਾਸ ਅਤੇ ਸਿੱਖ ਰਾਜ ਬਾਰੇ ਤਾਂ ਬਹੁਤ ਕਿਤਾਬਾਂ ਪੜ੍ਹਨ ਨੂੰ ਮਿਲੀਆਂ ਪਰ ਗੁਰੂ ਨਾਨਕ ਦੇ ਜੀਵਨ, ਫ਼ਲਸਫ਼ੇ ਅਤੇ ਚਿੰਤਨ ਬਾਰੇ ਜਾਣਕਾਰੀ ਜਨਮ ਸਾਖੀਆਂ ਦੇ ਤੱਤ ਨਿਚੋੜ ਪਿੱਛੋਂ ਬਹੁਤ ਲੇਟ ਸਾਹਮਣੇ ਆਈ। ਬਚਪਨ ’ਚ ਘਰੇ ਪਈ ਭਾਈ ਬਾਲੇ ਵਾਲੀ ਜਨਮ ਸਾਖੀ ਹੀ ਗੁਰੂ ਜੀ ਬਾਰੇ ਜਾਣਕਾਰੀ ਦਾ ਸਰੋਤ ਸੀ। ਜਿਉਂ ਜਿਉਂ ਦ੍ਰਿਸ਼ਟੀਕੋਣ ਮੋਕਲਾ ਹੁੰਦਾ ਗਿਆ, ਘਟਨਾਵਾਂ ਤੇ ਮਹਾਨ ਮਨੁੱਖਾਂ ਨੂੰ ਸਮੇਂ, ਸਥਾਨ, ਸਥਿਤੀਆਂ ਅਤੇ ਪ੍ਰਸੰਗ ਨਾਲ ਮੇਚ ਕੇ ਜਾਨਣ, ਸਮਝਣ ਦਾ ਸੁਭਾਅ ਬਣਦਾ ਗਿਆ।
ਪੁਸਤਕ ਵਿੱਚੋਂ ਜਦੋਂ ਹਿੰਮਤ ਸਿੰਘ ਸੋਢੀ ਦਾ ਲੇਖ (ਗੁਰੂ ਨਾਨਕ ਦਾ ਸਾਮਿਅਕ ਪਿਛੋਕੜ) ਪੜ੍ਹਨਾ ਸ਼ੁਰੂ ਕੀਤਾ ਤਾਂ ਮੇਰੀ ਜਗਿਆਸਾ ਦਾ ਲਾਵਾ ਫੁੱਟ ਪਿਆ ਜੋ ਗੁਰੂ ਨਾਨਕ ਦੇ ਸਮੇਂ ਦੇ ਸੰਸਾਰ ਬਾਰੇ ਜਾਨਣ ਲਈ ਉਤਾਵਲੀ ਸੀ। ਲੇਖ ਦੇ ਪਹਿਲੇ ਤਿੰਨ ਚਾਰ ਸਫਿਆਂ ਉੱਤੇ ਗੁਰੂ ਨਾਨਕ ਦੇ ਇਸ ਜਗਤ ਵਿੱਚ ਵਿਚਰਨ (1469-1539) ਦੇ ਸਮੇਂ ਦੀਆਂ ਯੁੱਗ ਪਲਟਾਊ ਸੰਸਾਰ ਪੱਧਰੀ ਘਟਨਾਵਾਂ, ਮੁੱਖ ਸਖ਼ਸ਼ੀਅਤਾਂ ਅਤੇ ਵਰਤਾਰਿਆਂ ਦਾ ਜਿ਼ਕਰ ਕਰਦਿਆਂ ਲੇਖਕ ਦੱਸਦਾ ਹੈ ਕਿ ਮਨੁੱਖੀ ਇਤਿਹਾਸ ਵਿੱਚ ਇਸ ਕਾਲ ਤੋਂ ਪਹਿਲਾਂ ਜਾਂ ਬਾਅਦ ਵਿੱਚ (ਕੇਵਲ ਵੀਹਵੀਂ ਸਦੀ ਦੇ ਪਹਿਲੇ ਸੱਤਰ ਸਾਲਾਂ ਨੂੰ ਛੱਡ ਕੇ) ਸੱਤਰ, ਅੱਸੀ ਜਾਂ ਸੌ ਸਾਲ ਦਾ ਸਮੁੱਚਾ ਸਮਾਂ ਇਤਨਾ ਨਿਰਣੇਕਾਰੀ ਨਹੀਂ ਹੋਇਆ ਜਿੰਨਾ ਗੁਰੂ ਨਾਨਕ ਦੇ ਜੀਵਨ ਕਾਲ ਦਾ ਸਮਾਂ ਸੀ। ਨਾਲ ਹੀ ਇੱਕ, ਦੋ ਜਾਂ ਚਾਰ ਲਾਈਨਾਂ ਵਿੱਚ ਉਨ੍ਹਾਂ ਘਟਨਾਵਾਂ, ਵਰਤਾਰਿਆਂ ਅਤੇ ਸ਼ਖ਼ਸੀਅਤਾਂ ਦਾ ਜਿ਼ਕਰ ਸੀ ਜਿਨ੍ਹਾਂ ਦਾ ਤਾਅਲੁਕ ਗੁਰੂ ਨਾਨਕ ਕਾਲ ਨਾਲ ਹੈ ਜਿਵੇਂ ਕੋਲੰਬਸ, ਵਾਸਕੋ ਡੀ ਗਾਮਾ ਤੇ ਫਰਡੀਨੈਂਡ ਮੈਗਲਾਨ ਦੀਆਂ ਲੰਮੀਆਂ ਸਮੁੰਦਰੀ ਯਾਤਰਾਵਾਂ, ਮਾਰਟਿਨ ਲੂਥਰ, ਕੋਪਰਨਿਕਸ, ਮੈਕਿਆਵਲੀ, ਲਿਓਨਾਰਦੋ ਦ ਵਿੰਚੀ ਅਤੇ ਯੂਰੋਪ ਦੀ ਪੁਨਰ ਜਾਗ੍ਰਿਤੀ, ਈਸਾਈਆਂ ਦੇ ਪੂਰਬੀ ਚਰਚ ਹੇਗਾ ਸੋਫੀਆ ਦਾ ਪਤਨ ਅਤੇ ਅਰਬਾਂ ਦੀ ਸਲਤਨਤ ਦੀ ਚੜ੍ਹਤ, ਹਿੰਦ ਵਿੱਚ ਮੁਗ਼ਲ ਰਾਜ, ਪ੍ਰਿੰਟਿੰਗ ਪ੍ਰੈੱਸ ਦੀ ਆਮਦ ਨਾਲ ਵੱਡੀਆਂ ਛਲਾਂਗਾਂ, ਯੂਰੋਪ ’ਚ ਉਗਮੇ ਪੂੰਜੀਵਾਦੀ ਨਿਜ਼ਾਮ ਦਾ ਬਸਤੀਵਾਦੀ ਨੀਤੀਆਂ ਦਾ ਪਸਾਰ। ਅੱਗੇ ਜਾ ਕੇ ਵੈਦਿਕ ਕਾਲ, ਬੁੱਧ, ਭਗਤੀ ਲਹਿਰ, ਸੂਫ਼ੀ ਮੱਤ ਤੇ ਜੋਗੀਆਂ ਸਿੱਧਾਂ ਬਾਰੇ ਜਾਣਕਾਰੀ ਸੀ।
ਹਿੰਮਤ ਸਿੰਘ ਸੋਢੀ ਨੇ ਲੇਖ ਦਾ ਅੰਤ ਇਸ ਵਾਕ ਨਾਲ ਕੀਤਾ ਸੀ: ‘ਗੁਰੂ ਨਾਨਕ ਦੀ ਬਾਣੀ ਵਿੱਚੋਂ ਗੁਰੂ ਨਾਨਕ ਦੇ ਸਮੇਂ ਦਾ ਅਤੇ ਲਟ ਲਟ ਮਘ ਰਹੇ ਉਸ ਦੇ ਦਿਲ ਦਾ ਪਤਾ ਮਿਲਦਾ ਹੈ।’ ਸੋ, ਨਾਨਕ ਬਾਣੀ ਦੇ ਚੌਖਟੇ ਵਿੱਚ ਗੁਰੂ ਨਾਨਕ ਨੂੰ ਸਮਝਣ ਲਈ ਗੁਰਬਾਣੀ ਵਿਆਕਰਣ ਅਤੇ ਭਾਸ਼ਾ ਵਿਗਿਆਨ ਦੇ ਡੂੰਘੇ ਅਧਿਐਨ ਦੀ ਲੋੜ ਸੀ ਪਰ ਮੈਨੂੰ ਗੁਰੂ ਨਾਨਕ ਦੇ ਸਮਕਾਲੀ ਸੰਸਾਰ ਦੀ ਮੋਟੀ ਜਿਹੀ ਰੂਪ ਰੇਖਾ ਮਿਲ ਗਈ ਸੀ। ਵਿਸਥਾਰ ਲਈ ਕਾਫ਼ੀ ਮਿਹਨਤ ਕਰਨੀ ਪੈਣੀ ਸੀ। ਵਿਚਾਰ ਹਵਾ ਵਿੱਚ ਲਟਕਦਾ ਰਿਹਾ ਪਰ ਲੋਪ ਨਹੀਂ ਹੋਇਆ। ਅਚਨਚੇਤ ਕਰੋਨਾ ਦੀ ਬਿੱਜ ਆ ਡਿੱਗੀ। ਇਸ ਦਾ ਭੈਅ ਮੌਤ ਵਰਗਾ ਸੀ। ਸਾਹਿਤ ਸਿਰਜਣਾ ਨੂੰ ਮੌਤ ਵਰਗੀ ਚੁੱਪ ਕਈ ਵਾਰ ਬੜੀ ਰਾਸ ਆਉਂਦੀ ਹੈ। ਸੋ, ਮੈਂ ਕਰੋਨਾ ਦੇ ਕਰਫਿਊ ਦੀ ਚੁੱਪ ਨੂੰ ਗੁਰੂ ਨਾਨਕ ਦੇ ਸਮਕਾਲੀ ਸੰਸਾਰ ਬਾਰੇ ਜਾਨਣ ਦੀ ਪ੍ਰਕਿਰਿਆ ਲਈ ਵਰਤਿਆ।
ਇਉਂ ਗੁਰੂ ਨਾਨਕ ਕਾਲ ਬਾਰੇ ਹਿੰਮਤ ਸਿੰਘ ਸੋਢੀ ਦੇ ਲੇਖ ਅੰਦਰਲੇ ਇਸ਼ਾਰੇ ਮੇਰੀ ਕਿਤਾਬ ‘ਨਾਨਕ ਵੇਲ਼ਾ’ ਲਈ ਪਨੀਰੀ ਦੀ ਗੁੱਥੀ ਸਾਬਤ ਹੋਏ। ਥੋੜ੍ਹੀ ਜਿਹੀ ਗੱਲ ਇਸ ਦੇ ਸਿਰਲੇਖ ਬਾਰੇ। ਮੈਂ ਇਸ ਦਾ ਨਾਂ ਰੱਖਿਆ ਸੀ: ਗੁਰੂ ਨਾਨਕ ਦਾ ਸਮਕਾਲੀ ਸੰਸਾਰ। ਪ੍ਰਕਾਸ਼ਕ ਵੱਲੋਂ ਕਿਤਾਬ ਛਾਪਣ ਲਈ ਹਾਂ ਕਰਨ ਤੋਂ ਬਾਅਦ ਖਰੜਾ ਆਪਣੇ ਮਿੱਤਰ (ਮਰਹੂਮ) ਨਾਮਦੇਵ ਸਿੰਘ ਭੁਟਾਲ ਨੂੰ ਆਮ ਪਾਠਕ ਵਜੋਂ ਪੜ੍ਹਨ ਲਈ ਦਿੱਤਾ। ਉਸ ਨੇ ਕੁਝ ਸੁਝਾਵਾਂ ਸਮੇਤ ਠੀਕ ਕਿਹਾ। ਫਿਰ ਵਿਦਵਾਨ ਅਨੁਵਾਦਕ ਚਰਨ ਗਿੱਲ ਤੋਂ ਸੁਝਾਅ ਮੰਗੇ। ਉਨ੍ਹਾਂ ਨੀਝ ਨਾਲ ਦੇਖਣ ਪਰਖਣ ਤੋਂ ਬਾਅਦ ਜਿੱਥੇ ਕੁਝ ਤਬਦੀਲੀਆਂ ਦਾ ਸੁਝਾਅ ਦਿੱਤਾ ਉੱਥੇ ਪਹਿਲੇ ਪੰਨੇ ਦੇ ਸਿਖ਼ਰ ਉੱਤੇ ਪੈਨਸਿਲ ਨਾਲ ਲਿਖ ਦਿੱਤਾ: ਨਾਨਕ ਵੇਲ਼ਾ। ਮੈਂ ਕਿਹਾ: ਬਹੁਤ ਖ਼ੂਬ।
‘ਨਾਨਕ ਵੇਲ਼ਾ’ ਛਪਣ ਲਈ ਜਾਣ ਦੇ ਅਖੀਰਲੇ ਪੜਾਅ ਤੱਕ ਪ੍ਰਕਾਸ਼ਕ ਇਸ ਦੇ ਨਾਂ ਬਾਰੇ ਦੁਬਿਧਾ ਵਿੱਚ ਰਿਹਾ। ਆਖਿ਼ਰ ਫ਼ੈਸਲਾ ਹੋਇਆ ਕਿ ਜਿਹੜਾ ਵੀ ਕੋਈ ਕਿਸੇ ਨੂੰ ਪਿਆਰ ਕਰਦਾ ਹੈ, ਉਸ ਦਾ ਸਤਿਕਾਰ ਕਰਦਾ ਹੈ, ਉਸ ਦੀ ਮਹਾਨਤਾ ਤੋਂ ਵਾਰੇ ਵਾਰੇ ਜਾਂਦਾ ਹੈ, ਉਸ ਲਈ ਨਾਂ ਜਾਂ ਸੰਬੋਧਨੀ ਸ਼ਬਦ ਦਾ ਮਹੱਤਵ ਮਾਇਨੇ ਨਹੀਂ ਰੱਖਦਾ। ਸੋ ‘ਨਾਨਕ ਵੇਲ਼ਾ’ ਛਪ ਕੇ ਤਿਆਰ ਹੋ ਗਈ ਅਤੇ ਪਹਿਲੀ ਨਵੰਬਰ 2022 ਨੂੰ ਗ਼ਦਰੀ ਬਾਬਿਆਂ ਦੇ ਮੇਲੇ ਵਿੱਚ ਪਾਠਕਾਂ ਤੱਕ ਪਹੁੰਚ ਗਈ।
ਸੰਪਰਕ: 98155-94795

Advertisement
Author Image

joginder kumar

View all posts

Advertisement
Advertisement
×