ਨਾਨਾ ਪਾਟੇਕਰ ਨੇ ਸੈਲਫ਼ੀ ਲੈਣ ਆਏ ਪ੍ਰਸ਼ੰਸਕ ਦੇ ਥੱਪੜ ਮਾਰਿਆ, ਵੀਡੀਓ ਵਾਇਰਲ
ਮੁੰਬਈ: ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਅਦਾਕਾਰ ਨਾਨਾ ਪਾਟੇਕਰ ਸੈਲਫ਼ੀ ਲੈਣ ਦੀ ਕੋਸ਼ਿਸ਼ ਕਰ ਰਹੇ ਆਪਣੇ ਪ੍ਰਸ਼ੰਸਕ ਦੇ ਥੱਪੜ ਮਾਰਦਾ ਹੋਇਆ ਨਜ਼ਰ ਆਉਂਦਾ ਹੈ। ਇਹ ਵੀਡੀਓ ਵਾਰਾਣਸੀ ਦੀ ਦੱਸੀ ਜਾ ਰਹੀ ਹੈ। ਨਾਨਾ ਪਾਟੇਕਰ (72) ਨਿਰਦੇਸ਼ਕ ਅਨਿਲ ਸ਼ਰਮਾ ਨਾਲ ਆਪਣੀ ਅਗਲੀ ਫ਼ਿਲਮ ‘ਜਰਨੀ’ ਦੀ ਸ਼ੂਟਿੰਗ ਕਰ ਰਿਹਾ ਸੀ। ਦਸ ਸੈਕਿੰਡ ਦੇ ਇਸ ਵੀਡੀਓ ਵਿੱੱਚ ਨਾਨਾ ਪਾਟੇਕਰ ਸੂਟ ਅਤੇ ਟੋਪੀ ਪਾ ਕੇ ਫ਼ਿਲਮ ਦੀ ਸ਼ੂਟਿੰਗ ਲਈ ਤਿਆਰ ਦਿਖਾਈ ਦੇ ਰਿਹਾ ਹੈ। ਉਸੇ ਸਮੇਂ ਉਸ ਦਾ ਇੱਕ ਚਾਹੁਣ ਵਾਲਾ ਉਸ ਕੋਲ ਆਉਂਦਾ ਹੈ ਅਤੇ ਸੈਲਫ਼ੀ ਲੈਣ ਦੀ ਕੋਸ਼ਿਸ਼ ਕਰਦਾ ਹੈ। ਆਪਣੇ ਚਾਹੁਣ ਵਾਲੇ ਦੀ ਇਸ ਹਰਕਤ ਤੋਂ ਗੁੱਸੇ ਵਿੱਚ ਆਇਆ ਅਦਾਕਾਰ ਉਸ ਦੇ ਸਿਰ ਦੇ ਪਿੱਛੇ ਥੱਪੜ ਮਾਰਦਾ ਹੋਇਆ ਦਿਖਾਈ ਦਿੰਦਾ ਹੈ। ਇਸ ਮਗਰੋਂ ਪਾਟੇਕਰ ਕੋਲ ਖੜ੍ਹਾ ਸੁਰੱਖਿਆ ਕਰਮੀ ਉਸ ਨੌਜਵਾਨ ਨੂੰ ਗਰਦਨ ਤੋਂ ਫੜ ਕੇ ਦੂਰ ਲਜਿਾਂਦਾ ਹੋਇਆ ਦਿਖਾਈ ਦਿੰਦਾ ਹੈ। ਇਸ ਘਟਨਾ ਸਬੰਧੀ ਪਾਟੇਕਰ ਦੀ ਸੋਸ਼ਲ ਮੀਡੀਆ ’ਤੇ ਕਾਫ਼ੀ ਆਲੋਚਨਾ ਹੋ ਰਹੀ ਹੈ। ਸੋਸ਼ਲ ਮੀਡੀਆ ਮੰਚ ‘ਐਕਸ’ ਉੱਤੇ ਇੱਕ ਵਿਅਕਤੀ ਨੇ ਲਿਖਿਆ ਹੈ, ‘ਨਾਨਾ ਦੇ ਨਾਲ ਸੈਲਫ਼ੀ ਲੈਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।’ ਇੱਕ ਹੋਰ ਨੇ ਲਿਖਿਆ ਹੈ, ਨਾਨਾ ਪਾਟੇਕਰ ਨੇ ਆਪਣੇ ਚਾਹੁਣ ਵਾਲੇ ਨੂੰ ਥੱਪੜ ਮਾਰ ਦਿੱਤਾ, ਜੋ ਉਸ ਨਾਲ ਸੈਲਫ਼ੀ ਲੈਣਾ ਚਾਹੁੰਦਾ ਸੀ। ਉਹ ਇਸ ਘਟਨਾ ਵਿੱਚ ਨਾਨਾ ਨੂੰ ਦੋਸ਼ ਨਹੀਂ ਦਿੰਦਾ ਸਗੋਂ ਪ੍ਰਸ਼ੰਸਕਾਂ ਦੀ ਮਾਨਸਿਕਤਾ ਅਤੇ ਆਤਮ ਸਨਮਾਨ ਦੀ ਘਾਟ ਦੀ ਕਮੀ ਨੂੰ ਨਹੀਂ ਸਮਝ ਪਾ ਰਿਹਾ....ਉਹ ਇਕ ਪ੍ਰਸਿੱਧ ਕਲਾਕਾਰ ਨੂੰ ਦੇਖਦੇ ਹਨ ਤੇ ਸੈਲਫੀ ਲੈਣ ਲਈ ਉਨ੍ਹਾਂ ਵੱਲ ਦੌੜ ਪੈਂਦੇ ਹਨ। ਉਸ ਨੇ ਲਿਖਿਆ ਕਿ ਸੈਲਫ਼ੀ ਲੈਣ ਲਈ ਇਨ੍ਹਾਂ ਅਦਾਕਾਰਾਂ ਨੂੰ ਐਨੀ ਅਹਿਮੀਅਤ ਕਿਉਂ ਦਿੱਤੀ ਜਾ ਰਹੀ ਹੈ। ਇੱਕ ਹੋਰ ਨੇ ਪਾਟੇਕਰ ਦੇ ਵਿਹਾਰ ਨੂੰ ‘ਹੈਰਾਨ ਕਰਨ ਵਾਲਾ’ ਦੱਸਿਆ ਹੈ। ਉਸ ਨੇ ਲਿਖਿਆ ਹੈ,‘ਅਦਾਕਾਰ ਅਰਾਮ ਨਾਲ ਨਾਂਹ ਵੀ ਕਰ ਸਕਦਾ ਸੀ। ਉਸ ਨੌਜਵਾਨ ਨੂੰ ਥੱਪੜ ਮਾਰਨ ਦੀ ਕੀ ਜ਼ਰੂਰਤ ਸੀ, ਜੋ ਉਸ ਨਾਲ ਸਿਰਫ਼ ਸੈਲਫ਼ੀ ਲੈਣਾ ਚਾਹੁੰਦਾ ਸੀ। -ਪੀਟੀਆਈ