ਨਾਨਾ! ਕਿੰਨੀਆਂ ਛੁੱਟੀਆਂ...?
ਡਾ. ਗੁਰਬਖ਼ਸ਼ ਸਿੰਘ ਭੰਡਾਲ
ਜਦੋਂ ਬੇਟੀ ਜਾਂ ਸਾਡਾ ਜਵਾਈ ਕੰਮ ’ਤੇ ਹੁੰਦੇ ਹਨ ਤਾਂ ਮੇਰੀ ਤਿੰਨ ਸਾਲ ਦੀ ਦੋਹਤੀ ਅਕਸਰ ਦਿਨੇ ਸਾਡੇ ਕੋਲ ਹੀ ਰਹਿੰਦੀ ਹੈ। ਬੇਟੀ ਭਾਵੇਂ ਹਫ਼ਤੇ ਵਿੱਚ ਦੋ/ਤਿੰਨ ਦਿਨ ਹੀ ਕਲੀਨਿਕ ’ਤੇ ਜਾਂਦੀ ਹੈ ਅਤੇ ਸਾਡੇ ਜਵਾਈ ਦਾ ਕੰਮ ਵੀ ਲਚਕੀਲਾ ਹੈ, ਇਸ ਲਈ ਉਨ੍ਹਾਂ ਨੂੰ ਆਪਣੀ ਬੇਟੀ ਨਾਲ ਸਮਾਂ ਬਿਤਾਉਣ ਲਈ ਕਾਫ਼ੀ ਵਕਤ ਮਿਲ ਜਾਂਦਾ ਹੈ, ਪਰ ਜਦੋਂ ਵੀ ਮੈਂ ਯੂਨੀਵਰਸਿਟੀ ਤੋਂ ਪੜ੍ਹਾ ਕੇ ਘਰ ਆਵਾਂ ਤਾਂ ਦੋਹਤੀ ਦਾ ਸਭ ਤੋਂ ਪਹਿਲਾਂ ਪ੍ਰਸ਼ਨ ਹੁੰਦਾ ਹੈ ਕਿ ‘‘ਨਾਨਾ! ਕਿੰਨੀਆਂ ਛੁੱਟੀਆਂ...?’’ ਇਹੀ ਪ੍ਰਸ਼ਨ ਉਹ ਆਪਣੀ ਮੰਮੀ ਅਤੇ ਡੈਡੀ ਨੂੰ ਵੀ ਪੁੱਛਦੀ ਹੈ। ਦਰਅਸਲ, ਬੱਚੇ ਦਾ ਇਹ ਪ੍ਰਸ਼ਨ ਹਰ ਰੋਜ਼ ਪੁੱਛਣਾ, ਸੰਵੇਦਨਸ਼ੀਲ ਵਿਅਕਤੀ ਦੇ ਮਨ ਵਿੱਚ ਬਹੁਤ ਸਾਰੇ ਪ੍ਰਸ਼ਨ ਪੈਦਾ ਕਰਦਾ ਹੈ।
ਉਸ ਦੇ ਮੰਮੀ-ਡੈਡੀ ਜਾਂ ਮੈਨੂੰ ਤਿੰਨ-ਚਾਰ ਛੁੱਟੀਆਂ ਹੋਣ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਅੰਤ ਨਹੀਂ ਰਹਿੰਦਾ। ਉਹ ਖਿੜ ਖਿੜ ਹੱਸਦੀ ਹੈ। ਉਸ ਦੇ ਚਿਹਰੇ ’ਤੇ ਨੂਰ ਆ ਜਾਂਦੈ। ਉਸ ਦੀਆਂ ਤੋਤਲੀਆਂ ਗੱਲਾਂ ਵਿੱਚ ਹਾਸੀ ਅਤੇ ਉਸ ਦੀਆਂ ਹਰਕਤਾਂ ਵਿੱਚ ਮਾਸੂਮੀਅਤ ਅਤੇ ਅਥਾਹ ਜੋਸ਼ ਆ ਜਾਂਦਾ ਹੈ। ਉਹ ਹਰੇਕ ਨੂੰ ਪੁੱਛਣ ਤੇ ਦੱਸਦੀ ਹੈ ਕਿ ਨਾਨਾ ਜੀ ਨੂੰ ਚਾਰ ਛੁੱਟੀਆਂ ਹਨ। ਪੰਜਾਬੀ ਮਾਹੌਲ ਵਿੱਚ ਪਲੀ ਹੋਣ ਕਾਰਨ ਉਹ ਪੰਜਾਬੀ ਵਿੱਚ ਹੀ ਗੱਲਾਂ ਕਰਦੀ ਹੈ। ਗੁਰਦੁਆਰੇ ਜਾ ਕੇ ਸੱਚੇ ਸ਼ਰਧਾਲੂ ਵਾਂਗ ਮੱਥਾ ਟੇਕਦੀ ਹੈ ਤਾਂ ਮਨ ਨੂੰ ਹੁਲਾਸ ਅਤੇ ਸੰਤੁਸ਼ਟੀ ਮਿਲਦੀ ਹੈ ਕਿ ਉਸ ਦਾ ਨਿੱਕੇ ਹੁੰਦਿਆਂ ਆਪਣੇ ਵਿਰਸੇ ਨਾਲ ਜੁੜ ਜਾਣਾ, ਵੱਡੇ ਹੋ ਕੇ ਵੀ ਇਸ ਦੇ ਚੇਤਿਆਂ ਵਿੱਚ ਰਹੇਗਾ। ਉਹ ਆਪਣੇ ਵਿਰਸੇ ਨਾਲ ਭਵਿੱਖ ਵਿੱਚ ਵੀ ਜੁੜੀ ਰਹੇਗੀ।
ਮੈਂ ਅਕਸਰ ਸੋਚਦਾ ਹਾਂ ਕਿ ਮਾਸੂਮ ਬੱਚੇ ਦੇ ਮਨ ਵਿੱਚ ਇਹ ਪ੍ਰਸ਼ਨ ਕਿਉਂ ਆਇਆ? ਕੀ ਉਹ ਆਪਣੇ ਵਡੇਰਿਆਂ ਦੇ ਕੋਲ ਵੱਧ ਤੋਂ ਵੱਧ ਰਹਿਣਾ ਚਾਹੁੰਦੀ ਹੈ? ਕੀ ਉਸ ਨੂੰ ਚੰਗਾ ਲੱਗਦਾ ਹੈ ਕਿ ਉਹ ਆਪਣੇ ਮਾਪਿਆਂ ਜਾਂ ਬਜ਼ੁਰਗਾਂ ਦਾ ਨਿੱਘ ਅਤੇ ਪਿਆਰ ਵੱਧ ਤੋਂ ਵੱਧ ਮਾਣੇ? ਕੀ ਉਸ ਦੇ ਮਨ ਵਿੱਚ ਕੋਈ ਅਸੁਰੱਖਿਆ ਜਾਂ ਸਹਿਮ ਤਾਂ ਨਹੀਂ? ਕੀ ਉਹ ’ਕੱਲੀ ਰਹਿਣ ਤੋਂ ਡਰਦੀ ਹੈ? ਬੱਚੇ ਦੀਆਂ ਭਾਵਨਾਵਾਂ ਨੂੰ ਸਮਝਣਾ, ਭਾਵਨਾਵਾਂ ਨੂੰ ਪੂਰਾ ਕਰਨਾ ਅਤੇ ਉਸ ਦੇ ਮਨ ਵਿੱਚ ਅਪਣੱਤ ਤੇ ਮੋਹ ਭਰੇ ਜਜ਼ਬਾਤ ਪੈਦਾ ਕਰਨਾ ਜ਼ਰੂਰੀ ਹੈ। ਉਸ ਦੀ ਇਹ ਚਾਹਤ ਤਾਂ ਨਹੀਂ ਕਿ ਮੰਮੀ/ਡੈਡੀ ਜਾਂ ਨਾਨੇ ਨੂੰ ਜ਼ਿਆਦਾ ਛੁੱਟੀਆਂ ਹੀ ਰਹਿਣ ਤਾਂ ਕਿ ਉਸ ਨੂੰ ਮਨ ਆਈਆਂ ਕਰਦਿਆਂ ਹਰ ਸ਼ਰਾਰਤ ਕਰਨ ਅਤੇ ਖਾਣ-ਪੀਣ ਦੀਆਂ ਰੀਝਾਂ ਪੂਰੀਆਂ ਕਰਨ ਦਾ ਮੌਕਾ ਮਿਲਦਾ ਰਹੇ। ਭਾਵੇਂ ਉਸ ਦੀ ਨਾਨੀ ਘਰ ਹੀ ਰਹਿੰਦੀ ਹੈ। ਹਰ ਪਲ ਉਸ ਦੀ ਦੇਖਭਾਲ ਵਿੱਚ ਰੁੱਝੀ, ਉਸ ਦੇ ਭੋਲੇ-ਭਾਲੇ ਪ੍ਰਸ਼ਨਾਂ ਦਾ ਜਵਾਬ ਦਿੰਦੀ ਰਹਿੰਦੀ ਹੈ। ਕਈ ਵਾਰ ਉਸ ਦਾ ਹਰ ਗੱਲ ’ਤੇ ‘ਕਿਉਂ’ ਕਹਿਣਾ ਅਚੰਭਿਤ ਵੀ ਕਰਦਾ ਹੈ, ਪਰ ਚੰਗਾ ਲੱਗਦਾ ਹੈ, ਉਸ ਦੇ ‘ਕਿਉਂ’ ਦਾ ਜਵਾਬ ਦੇ ਕੇ ਉਸ ਦੀ ਹਰ ਗੱਲ ਨੂੰ ਜਾਣਨ ਅਤੇ ਸਮਝਣ ਦੀ ਤਾਂਘ ਨੂੰ ਪੂਰਾ ਕਰਨਾ।ਆਧੁਨਿਕਤਾ ਦੀ ਦੌੜ ਅਤੇ ਨਿੱਜੀ ਜ਼ਿੰਦਗੀ ਨੂੰ ਤਰਜੀਹ ਦੇਣ ਦੀ ਹੋੜ ਵਿੱਚ ਅਸੀਂ ਪਰਿਵਾਰਕ ਨਿੱਘ ਤੋਂ ਬਹੁਤ ਦੂਰ ਹੋ ਗਏ ਹਾਂ। ਇਸ ਦਾ ਖ਼ਮਿਆਜ਼ਾ ਨਿੱਕੇ ਨਿੱਕੇ ਬੱਚਿਆਂ ਨੂੰ ਭੁਗਤਣਾ ਪੈ ਰਿਹਾ ਹੈ। ਕਈ ਵਾਰ ਦਾਦਾ/ਦਾਦੀ ਜਾਂ ਨਾਨਾ/ਨਾਨੀ ਆਪਣੀ ਨਿੱਜੀ ਜ਼ਿੰਦਗੀ ਨੂੰ ਸਭ ਤੋਂ ਅਹਿਮ ਸਮਝਦੇ ਹੋਏ ਆਪਣੇ ਪੋਤੇ/ਪੋਤੀਆਂ ਜਾਂ ਦੋਹਤੇ/ਦੋਹਤੀਆਂ ਦੇ ਪਿਆਰ ਅਤੇ ਉਨ੍ਹਾਂ ਨਾਲ ਬਿਤਾਏ ਜਾਣ ਵਾਲੇ ਅਣਮੁੱਲੇ ਸਮੇਂ ਨੂੰ ਟਿੱਚ ਸਮਝਦੇ ਹਨ। ਉਹ ਬੱਚਿਆਂ ਨਾਲ ਨਿੱਘੇ ਅਤੇ ਪੁਰ-ਸਕੂਨ ਪਲ ਮਾਣਨ ਤੋਂ ਵਿਰਵੇ ਰਹਿ ਜਾਂਦੇ ਹਨ। ਆਪਣੀ ਅਗਲੀ ਪੀੜ੍ਹੀ ਨਾਲ ਨੇੜਤਾ ਰੱਖਣ ਤੋਂ ਪਾਸਾ ਵੱਟਣਾ ਅਤੇ ਫਿਰ ਆਸ ਰੱਖਣੀ ਕਿ ਉਨ੍ਹਾਂ ਦੀ ਅਗਲੀ ਨਸਲ ਆਪਣੇ ਬਜ਼ੁਰਗਾਂ ਨਾਲ ਜੁੜੇ ਰਹੇਗੀ, ਇਹ ਸੰਭਵ ਨਹੀਂ ਹੁੰਦਾ। ਮੀਆਂ/ਬੀਵੀ ਦੇ ਆਪਣੇ ਕੰਮਾਂ-ਕਾਰਾਂ ਵਿੱਚ ਰੁੱਝੇ ਹੋਣ ਕਾਰਨ ਅਤੇ ਇਕਹਿਰੇ ਪਰਿਵਾਰ ਕਾਰਨ ਬੱਚਿਆਂ ਨੂੰ ਸਾਝਰੇ ਹੀ ਬੇਬੀਕੇਅਰ ਸੈਂਟਰ ਵਿੱਚ ਛੱਡਣ ਦਾ ਰੁਝਾਨ ਇੱਕ ਜ਼ਰੂਰਤ ਹੈ। ਇਸ ਨਾਲ ਨਿੱਕੇ ਬੱਚਿਆਂ ਦੀ ਮਾਨਸਿਕਤਾ ਵਿੱਚ ਵਿਗਾੜ ਪੈਦਾ ਹੋਣਾ, ਉਨ੍ਹਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਦਾ ਵਿਗੜ ਜਾਣਾ, ਰਿਸ਼ਤਿਆਂ ਤੋਂ ਮੋਹ ਭੰਗ ਹੋ ਜਾਣਾ, ਆਪਣੇ ਵਿਰਸੇ ਤੋਂ ਦੂਰ ਹੋਣਾ ਅਤੇ ਆਪਣੇ ਸੱਭਿਆਚਾਰ ਤੋਂ ਦੂਰੀ ਹੋਣੀ ਸੁਭਾਵਿਕ ਹੈ। ਬੱਚਿਆਂ ਦਾ ਸੁਭਾਅ ਚਿੜਚਿੜਾ ਅਤੇ ਮਾਪਿਆਂ ਜਾਂ ਭੈਣ/ਭਰਾਵਾਂ ਨਾਲ ਸਬੰਧ ਵੀ ਜ਼ਰੂਰਤ ਜਿੰਨੇ ਹੀ ਹੋ ਜਾਂਦੇ ਹਨ। ਇਸ ਦੀ ਸਮਝ ਬਹੁਤ ਦੇਰ ਬਾਅਦ ਆਉਂਦੀ ਹੈ, ਜਦੋਂ ਮਾਪੇ ਆਪਣੀ ਔਲਾਦ ਨੂੰ ਗਵਾ ਕੇ ਹਿਸਾਬ-ਕਿਤਾਬ ਲਾਉਂਦੇ ਹਨ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਦੇ ਬਚਪਨ ਨੂੰ ਵਿਸਾਰ, ਮੋਹ ਭਿੱਜੀਆਂ ਗੱਲਾਂ ਦਾ ਆਨੰਦ ਮਾਣਨ ਤੋਂ ਟਾਲ਼ਾ ਵੱਟ ਕੇ ਕੀ ਖੱਟਿਆ ਅਤੇ ਕੀ ਗਵਾਇਆ? ਸਮਾਂ ਬੀਤਣ ਤੋਂ ਬਾਅਦ ਤਾਂ ਪਛਤਾਵਾ ਹੀ ਹੱਥ ਵਿੱਚ ਰਹਿ ਜਾਂਦਾ ਹੈ।
ਪੰਜਾਬੀ ਵਿੱਚ ਅਖਾਣ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਇਹੀ ਮਾਨਸਿਕਤਾ ਕਾਰਨ ਅਸੀਂ ਕੈਨੇਡਾ ਤੋਂ ਅਮਰੀਕਾ ਆਉਣ ਦਾ ਫ਼ੈਸਲਾ ਕੀਤਾ। ਜੂਨ 2014 ਵਿੱਚ ਮੇਰੀ ਵੱਡੀ ਬੇਟੀ ਕੈਨੇਡਾ ਮਿਲਣ ਆਈ ਤਾਂ ਉਸ ਨੇ ਹੱਕ ਜਿਤਾਉਂਦਿਆਂ ਕਿਹਾ ਕਿ ਮੈਂ ਆਪਣੀ ਕਲੀਨਿਕ ਖੋਲ੍ਹਣੀ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੇਰੇ ਬੱਚੇ ਨਾ ਰੁਲਣ। ਉਨ੍ਹਾਂ ਨੂੰ ਪਰਿਵਾਰਕ ਅਪਣੱਤ ਅਤੇ ਸਨੇਹ ਮਿਲੇ। ਇਸ ਲਈ ਤੁਸੀਂ ਮੇਰੇ ਅਤੇ ਬੱਚਿਆਂ ਵਾਸਤੇ ਅਮਰੀਕਾ ਆ ਜਾਵੋ ਤਾਂ ਕਿ ਮੇਰੇ ਬੱਚਿਆਂ ਦੀ ਸ਼ਖ਼ਸੀਅਤ ਦਾ ਵਿਕਾਸ ਸੰਤੁਲਿਤ ਹੋ ਸਕੇ। ਉਹ ਰਿਸ਼ਤਿਆਂ ਅਤੇ ਵਿਰਾਸਤ ਨਾਲ ਜੁੜੇ ਰਹਿਣ। ਉਸ ਸਮੇਂ ਅਸੀਂ ਬਰੈਂਪਟਨ ਵਿੱਚ ਆਪਣਾ ਘਰ ਲੈ ਕੇ ਸਥਾਪਤ ਹੋ ਚੁੱਕੇ ਸਾਂ। ਔਖਾ ਲੱਗਦਾ ਸੀ ਕਿ ਹੋਰ ਸਾਲ ਤੀਕ ਕੈਨੇਡਾ ਵਿੱਚ ਮਿਲਣ ਵਾਲੀ ਪੈਨਸ਼ਨ ਅਤੇ ਹੋਰ ਸਹੂਲਤਾਂ ਛੱਡ ਕੇ ਅਮਰੀਕਾ ਚਲੇ ਜਾਣਾ, ਪਰ ਸਾਡੇ ਲਈ ਇਹ ਜ਼ਿਆਦਾ ਅਹਿਮ ਸੀ ਕਿ ਆਪਣੇ ਦੋਹਤੇ/ ਦੋਹਤੀਆਂ ਦਾ ਸਾਥ ਮਾਣਦਿਆਂ, ਜਿੱਥੇ ਪਿਛਲੇਰੇ ਜੀਵਨ ਵਿੱਚ ਸਾਨੂੰ ਸੁਖਦ ਅਹਿਸਾਸ ਹੋਵੇਗਾ, ਉੱਥੇ ਬੱਚਿਆਂ ਨੂੰ ਨਾਨਾ/ਨਾਨੀ ਦੀ ਨਿੱਘੀ ਗਲਵੱਕੜੀ, ਅਸੀਸਾਂ ਅਤੇ ਦੁਆਵਾਂ ਮਿਲਣਗੀਆਂ ਜੋ ਸਾਡੇ ਮਨ ਨੂੰ ਰਾਹਤ ਦੇਣਗੀਆਂ। ਇਹ ਵੀ ਅਹਿਸਾਸ ਸੀ ਕਿ ਬੇਬੀਕੇਅਰ ਸੈਂਟਰ ਸਿਰਫ਼ ਨਿਗਰਾਨੀ ਕਰਦੇ ਹਨ, ਸ਼ਖ਼ਸੀ ਨਿਰਮਾਣ ਨਹੀਂ ਕਰਦੇ। ਬੱਚਾ ਬਹੁਤ ਕੁਝ ਸੁਚੇਤ ਅਤੇ ਅਚੇਤ ਰੂਪ ਵਿੱਚ ਹਾਸਲ ਕਰਦਾ ਹੈ। ਬੱਚਿਆਂ ਨੂੰ ਚੰਗਾ ਲੱਗਦਾ ਹੈ ਕਿ ਉਹ ਵੱਧ ਤੋਂ ਵੱਧ ਸਮਾਂ ਆਪਣੇ ਵਡੇਰਿਆਂ ਨਾਲ ਗੁਜ਼ਾਰਨ। ਮਾਪੇ ਤਾਂ ਆਪਣੇ ਕੰਮਾਂ-ਕਾਰਾਂ ਵਿੱਚ ਰੁੱਝੇ ਹੁੰਦੇ ਹਨ, ਪਰ ਬਜ਼ੁਰਗਾਂ ਦੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਮਾਪਿਆਂ ਦੀ ਗੈਰ-ਹਾਜ਼ਰੀ ਨਹੀਂ ਰੜਕਦੀ।
ਵੱਡੀ ਬੇਟੀ ਦੇ ਬੱਚਿਆਂ ਨਾਲ ਛੋਟੇ ਹੁੰਦਿਆਂ ਤੋਂ ਪੈਦਾ ਹੋਈ ਅਪਣੱਤ ਅਤੇ ਮੋਹ ਦੀ ਕੇਹੀ ਮਜ਼ਬੂਤ ਤੰਦ ਹੈ ਕਿ ਉਹ ਆਪਣੇ ਵੀਕਐਂਡ ’ਤੇ ਹੁਣ ਵੀ ਜਦੋਂ ਰਾਤ ਗੁਜ਼ਾਰਨ ਸਾਡੇ ਕੋਲ ਆਉਂਦੇ ਹਨ ਤਾਂ ਉਹ ਨਿਰ-ਉਚੇਚ ਆਪਣੀ ਨਾਨੀ ਕੋਲੋਂ ਮਨਪਸੰਦ ਖਾਣ ਲਈ ਬਣਵਾਉਂਦੇ ਹਨ। ਸਾਡੇ ਨਾਲ ਦਿਲਲਗੀਆਂ ਕਰਦੇ ਹਨ, ਗੱਲਾਂ ਵਿੱਚੋਂ ਜ਼ਿੰਦਗੀ ਦੀਆਂ ਅਮੁੱਲ ਸਿੱਖਿਆਵਾਂ ਵੀ ਗ੍ਰਹਿਣ ਕਰਦੇ ਹਨ ਅਤੇ ਰਿਸ਼ਤਿਆਂ ਨੂੰ ਨਿਭਾਉਣ ਦੀ ਕਲਾ ਵੀ ਸਿੱਖਦੇ ਹਨ। ਇਹ ਸਮਾਂ ਤੁਹਾਡੇ ਬੁਢਾਪੇ ਨੂੰ ਵੀ ਸੁਖਨਵਰ ਬਣਾਉਂਦਾ ਹੈ, ਬਸ਼ਰਤੇ ਕਿ ਤੁਸੀਂ ਬੱਚਿਆਂ ਦੇ ਸ਼ੋਰ-ਓ-ਗੁੱਲ, ਸ਼ਰਾਰਤਾਂ ਜਾਂ ਤੋਤਲੇ ਬੋਲਾਂ ਨੂੰ ਰੂਹ ਦੀ ਖ਼ੁਰਾਕ ਬਣਾ, ਖ਼ੁਦ ਨੂੰ ਆਨੰਦਿਤ ਕਰ ਸਕੋ। ਅਜਿਹੇ ਪਲਾਂ ਨੂੰ ਸੂਖਮਭਾਵੀ ਮਨ ਉਲਥਾਉਂਦਾ ਹੈ;
ਦੋਹਤਾ/ਦੋਹਤੀਆਂ ਨਾਨਕੇ ਆਉਂਦੇ
ਨਾਨਕਾ ਘਰ ਬਚਪਨੀ ਰੰਗਤ ’ਚ ਰੰਗਿਆ ਜਾਂਦਾ
ਘਰ ਬੋਲਣ, ਨੱਚਣ ਅਤੇ ਮਹਿਕਣ ਲੱਗਦਾ
ਰਸੋਈ ’ਚ ਪੱਕਦੇ ਖਾਣਿਆਂ ਦੀ
ਮਹਿਕ ਸਾਰੇ ਘਰ ’ਚ ਫੈਲਦੀ
ਬਜ਼ੁਰਗੀ ਰਫ਼ਤਾਰ ਫੁਰਤੀਲੀ ਹੋ ਜਾਂਦੀ
ਮੁਰਝਾਏ ਚਿਹਰਿਆਂ ’ਤੇ ਹੁਲਾਸ ਪਸਰਦਾ
ਥੱਕੇ ਹੋਏ ਕਦਮਾਂ ’ਚ ਜੋਸ਼ ਭਰਦਾ
ਘਰ ਦੀ ਉਦਾਸੀਨਤਾ ਕਾਫ਼ੂਰ ਹੋ ਜਾਂਦੀ
ਤੇ ਉਨ੍ਹਾਂ ਦੀ ਹਾਸੀ ਦੇ ਕਮਰਿਆਂ ਵਿੱਚ ਗੂੰਜਦੀ
ਘਰ ਦੀ ਫ਼ਿਜ਼ਾ ਨੂੰ ਮਟਕਾਉਂਦੀ।
ਦੋਹਤਾ/ਦੋਹਤੀਆਂ ਦੇ ਤੋਤਲੇ ਬੋਲਾਂ ਵਿੱਚੋਂ
ਧੀਆਂ ਦੇ ਸਿਆਣਪੀ ਬੋਲ ਯਾਦ ਆਉਂਦੇ
ਉਨ੍ਹਾਂ ਦੀ ਮੁਸਕਰਾਹਟ ਵਿੱਚੋਂ
ਧੀਆਂ ਦੇ ਹੁਲਾਸੇ ਚਿਹਰੇ ਚੇਤੇ ਆਉਂਦੇ
ਉਨ੍ਹਾਂ ਦੀਆਂ ਫਰਾਕਾਂ ਦੇ ਰੰਗ ਵਰਗੀ ਚੁੰਨੀ
ਧੀਆਂ ਦੇ ਸਿਰਾਂ ਦਾ ਕੱਜਣ ਹੋ ਜਾਂਦੀ
ਉਨ੍ਹਾਂ ਵੱਲੋਂ ਕੰਧਾਂ ’ਤੇ ਮਾਰੀਆਂ ਲੀਕਾਂ
ਧੀਆਂ ਦੇ ਪਾਏ ਹੋਏ ਪੂਰਨੇ ਜਾਪਦੀਆਂ
ਉਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਹਾਕਾਂ ਵਿੱਚੋਂ
ਧੀਆਂ ਦੇ ਹੁੰਗਾਰਿਆਂ ਦੀ ਮਹਿਕ ਆਉਂਦੀ
ਬੋਚ ਕੇ ਨਿੱਕੇ ਨਿੱਕੇ ਕਦਮ ਧਰਦੀਆਂ
ਤਾਂ ਜਾਪਦਾ ਧੀਆਂ ਜੀਵਨੀ ਸਫ਼ਰ ਦਾ ਮਾਣ ਹਨ
ਉਨ੍ਹਾਂ ਦਾ ਪੁੱਛਿਆ ਬਚਪਨੀ ਸਵਾਲ
ਧੀਆਂ ਦੇ ਜੀਵਨ-ਉੱਤਰਾਂ ਦੀ ਪਛਾਣ ਹੁੰਦਾ
ਉਨ੍ਹਾਂ ਦੀਆਂ ਆਲ਼ੀਆਂ ਭੋਲ਼ੀਆਂ ਗੱਲਾਂ ਵਿੱਚੋਂ
ਧੀਆਂ ਦੀ ਅਰਥਮਈ ਜ਼ਿੰਦਗੀ ਨਜ਼ਰ ਆਉਂਦੀ
ਉਨ੍ਹਾਂ ਦੇ ਖਿਡੌਣਿਆਂ ਤੇ ਖੇਡਾਂ ਵਿੱਚੋਂ
ਧੀਆਂ ਦਾ ਬਚਪਨ ਤੇ ਖੇਡਾਂ ਯਾਦ ਆਉਂਦੀਆਂ
ਤੇ ਉਨ੍ਹਾਂ ਦੀਆਂ ਮਾਸੂਮ ਹਰਕਤਾਂ ਵਿੱਚੋਂ
ਧੀਆਂ ਦੇ ਸੋਚ-ਅੰਬਰ ਦੇ ਨਕਸ਼ ਉੱਘੜਦੇ।
ਦੋਹਤਾ/ਦੋਹਤੀਆਂ ਘਰ ਵਿੱਚ ਰੌਣਕ ਲਾਉਂਦੇ
ਘਰ ਨੂੰ ਬੋਲਣਾ, ਹੱਸਣਾ ਤੇ
ਮੁਸਕਰਾਉਣਾ ਯਾਦ ਕਰਵਾਉਂਦੇ
ਤੇ ਨਾਨਕਿਆਂ ਦੀ ਝੋਲੀ ’ਚ
ਸਾਹਾਂ ਦੀਆਂ ਨਿਆਮਤਾਂ ਪਾਉਂਦੇ।
ਦੋਹਤਾ/ਦੋਹਤੀਆਂ ਆਉਂਦੇ
ਤਾਂ ਜ਼ਿੰਦਗੀ ਦਾ ਨਾਦ
ਵਿਹੜੇ ਵਿੱਚ ਬਚਪਨੀ ਅਲਫਾਜ਼
ਤੇ ਨਿੱਕੀਆਂ ਸੋਚਾਂ ਦੀ ਵਡੇਰੀ ਪਰਵਾਜ਼
ਰੁਆਂਸੀ ਜਿਹੀ ਫ਼ਿਜ਼ਾ ਦੇ ਨਾਮ ਕਰ
ਨਾਨਕਾ ਘਰ ਨੂੰ ਜਿਊਣ ਜੋਗਾ ਕਰ ਜਾਂਦੇ।
ਦੋਹਤਾ/ਦੋਹਤੀਆਂ ਕੁਝ ਸਮਾਂ ਬਿਤਾ
ਆਪਣੇ ਘਰਾਂ ਨੂੰ ਪਰਤ ਜਾਂਦੇ
ਤੇ ਉਨ੍ਹਾਂ ਦੇ ਫਿਰ ਆਉਣ ਦੀ ਆਸ ਵਿੱਚ
ਨਾਨਕਾ ਘਰ ਦਰਾਂ ’ਤੇ ਚਿਪਕੀ ਉਡੀਕ ਜਾਂਦਾ।
ਦੋਹਤਾ/ਦੋਹਤੀਆਂ
ਨਾਨਕੇ ਘਰ ਆਉਂਦੇ
ਤੇ ਕੰਧਾਂ ਨੂੰ ਘਰ ਬਣਾਉਂਦੇ
ਬੱਚਿਆਂ ਦੀ ਅਣਦੇਖੀ ਕਰਦਿਆਂ ਕਈ ਵਾਰ ਸਾਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਇਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਕਿੰਨੀਆਂ ਵਲੂੰਧਰੀਆਂ ਜਾਂਦੀਆਂ ਹਨ? ਇਹ ਉਨ੍ਹਾਂ ਦੇ ਮਨ ਵਿੱਚ ਪਈਆਂ ਤਰੇੜਾਂ ਦੇ ਨਿਸ਼ਾਨ ਹੀ ਹੁੰਦੇ ਹਨ ਕਿ ਉਹ ਅਸਾਵੀਂ ਸ਼ਖ਼ਸੀਅਤ ਵਾਲੇ ਬਣ ਕਈ ਵਾਰ ਮਾੜੀ ਸੰਗਤ ਵਿੱਚ ਪੈ ਕੇ ਆਪਣੀ ਅਤੇ ਆਪਣੇ ਮਾਪਿਆਂ ਦੀ ਜ਼ਿੰਦਗੀ ਨੂੰ ਨਰਕ ਬਣਾ ਦਿੰਦੇ ਹਨ। ਕਈ ਵਾਰ ਮਾਂ-ਪਿਓ ਆਪਣੇ ਕਰੀਅਰ ਦੀ ਤਰਜੀਹ ਕਾਰਨ ਬੱਚਿਆਂ ਦੇ ਬਚਪਨੇ ਨੂੰ ਨਰਕ ਬਣਾ ਦਿੰਦੇ ਹਨ। ਉਹ ਸਮਝਦੇ ਹਨ ਕਿ ਧਨ ਨਾਲ ਸਭ ਕੁਝ ਖ਼ਰੀਦਿਆ ਜਾ ਸਕਦਾ ਹੈ। ਯਾਦ ਰੱਖਣਾ! ਪੈਸੇ ਨਾਲ ਤੁਸੀਂ ਸੁੱਖ-ਸਹੂਲਤਾਂ ਤਾਂ ਖ਼ਰੀਦ ਸਕਦੇ ਹੋ, ਪਰ ਬੱਚਿਆਂ ਨਾਲ ਬਿਤਾਉਣ ਵਾਲੇ ਵਕਤ ਦੀ ਕੀਮਤ ਦਾ ਅੰਦਾਜ਼ਾ ਕਿੰਝ ਲਾਵੋਗੇ? ਬੱਚਿਆਂ ਨੂੰ ਸਿਰਫ਼ ਖਿਡੌਣਿਆਂ ਨਾਲ ਵਰਚਾਉਂਦੇ, ਉਨ੍ਹਾਂ ਦੀ ਖੇਡਣ ਰੁੱਤ ਦੇ ਰੁੱਸ ਜਾਣ ਦਾ ਹਰਜਾਨਾ ਕੌਣ ਭਰੇਗਾ? ਖਿਡੌਣੇ ਕਦੇ ਵੀ ਖੇਡਦੇ ਨਹੀਂ, ਸਗੋਂ ਇਨ੍ਹਾਂ ਨੂੰ ਖਿਡਾਉਣਾ ਪੈਂਦਾ? ਕੀਮਤ ਖਿਡੌਣੇ ਦੀ ਨਹੀਂ ਹੁੰਦੀ, ਖਿਡੌਣੇ ਨਾਲ ਖਿਡਾਉਣ ਵਾਲਿਆਂ ਅਤੇ ਖੇਡਣ ਦੀ ਹੁੰਦੀ ਹੈ ਅਤੇ ਇਹੀ ਅਸੀਂ ਗਵਾ ਦਿੰਦੇ ਹਾਂ।
ਕਦੇ ਕਦਾਈਂ ਬੱਚੇ ਦੀ ਨਿੱਕੀ ਨਿੱਕੀ ਗੱਲ ਦਾ ਜਵਾਬ ਦਿੰਦਿਆਂ, ਉਸ ਦੀ ਹਰ ਖ਼ਾਹਿਸ਼ ਪੂਰੀ ਕਰਦਿਆਂ, ਉਸ ਨਾਲ ਨੱਚਦਿਆਂ/ਟੱਪਦਿਆਂ ਅਤੇ ਬੱਚਿਆਂ ਦੀਆਂ ਖੇਡਾਂ ਸੰਗ ਬੱਚਾ ਬਣ ਕੇ ਦੇਖਣਾ, ਤੁਹਾਡੇ ਲਈ ਜੀਵਨ ਦੇ ਅਰਥ ਹੀ ਬਦਲ ਜਾਣਗੇ। ਯਾਦ ਰਹੇ ਕਿ ਬੱਚੇ ਰੋਬੋਟ ਨਹੀਂ ਹੁੰਦੇ। ਇਹੀ ਉਸ ਦਾ ਮਾਨਸਿਕ ਵਿਕਾਸ ਅਤੇ ਸਰੀਰਕ ਵਿਕਾਸ ਦਾ ਸਮਾਂ ਹੁੰਦਾ ਹੈ ਜਿਸ ਦੇ ਆਧਾਰ ’ਤੇ ਉਸ ਦੇ ਵਿਅਕਤੀਤਵ ਨੇ ਵਿਕਾਸ ਕਰਨਾ ਹੁੰਦਾ ਹੈ। ਇਸ ਲਈ ਜ਼ਰੂਰੀ ਹੁੰਦਾ ਹੈ ਕਿ ਉਸ ਦੀਆਂ ਬਚਪਨੀ ਆਦਤਾਂ, ਸਲੀਕਾ, ਤਹਿਜ਼ੀਬ, ਤਰਜੀਹ, ਨਜ਼ਰੀਆ ਜਾਂ ਤੌਰ-ਤਰੀਕਿਆਂ ਨੂੰ ਸਹੀ ਸੇਧ ਮਿਲੇ ਤਾਂ ਉਹ ਆਪਣੀ ਮੰਜ਼ਿਲ ਪ੍ਰਾਪਤੀ ਦੌਰਾਨ ਸਹੀ ਮਾਰਗ ’ਤੇ ਚੱਲਦਿਆਂ, ਸੁਪਨਿਆਂ ਦਾ ਸੱਚ ਆਪਣੇ ਦੀਦਿਆਂ ਸਾਹਵੇਂ ਪ੍ਰਤਿਆ ਸਕਣ ਅਤੇ ਆਪਣੀ ਕੁਲ ਨੂੰ ਰੁਸ਼ਨਾ ਸਕਣ।
ਬੱਚੇ ਤੁਹਾਡਾ ਆਪਣਾ ਖ਼ੂਨ, ਤੁਹਾਡੀ ਜ਼ਿੰਦਗੀ ਦਾ ਹਿੱਸਾ ਹਨ। ਉਨ੍ਹਾਂ ਦੀਆਂ ਖ਼ੁਸ਼ੀਆਂ ਵਿੱਚੋਂ ਮਿਲਣ ਵਾਲਾ ਸੁਖਨ ਬਹੁਤ ਵਿਰਲਿਆਂ ਨੂੰ ਨਸੀਬ ਹੁੰਦਾ ਹੈ। ਕਿੰਨੇ ਭਾਗਾਂ ਵਾਲੇ ਹੁੰਦੇ ਨੇ ਉਹ ਲੋਕ ਜਿਨ੍ਹਾਂ ਨੂੰ ਦੋਹਤੇ/ਦੋਹਤੀਆਂ ਜਾਂ ਪੋਤੇ/ਪੋਤਰੀਆਂ ਨਾਲ ਆਪਣੇ ਬਚਪਨੇ ਨੂੰ ਮੁੜ ਤੋਂ ਜਿਊਣ ਦਾ ਮੌਕਾ ਮਿਲਦਾ ਹੈ। ਉਹ ਆਪਣੀ ਅਗਲੀ ਨਸਲ ਦੇ ਨੈਣਾਂ ਰਾਹੀਂ ਆਪਣੇ ਬੀਤੇ ਨੂੰ ਮਾਣਦੇ ਹਨ। ਆਪਣੇ ਬੁਢਾਪੇ ਦੀਆਂ ਤਕਲੀਫ਼ਾਂ ਅਤੇ ਸਰੀਰਕ ਅਲਾਮਤਾਂ ਤੋਂ ਦੂਰ ਰਹਿ ਕੇ ਆਪਣੇ ਬਜ਼ੁਰਗੀ ਸਮੇਂ ਨੂੰ ਵੀ ਜ਼ਿੰਦਗੀ ਦਾ ਜਸ਼ਨ ਬਣਾ ਲੈਂਦੇ ਹਨ। ਕਿੰਨੇ ਅਭਾਗੇ ਹੁੰਦੇ ਹਨ, ਉਹ ਲੋਕ ਜਿਹੜੇ ਆਪਣੇ ਅਗਲੀ ਨਸਲ ਨੂੰ ਦਰਕਿਨਾਰ ਕਰਕੇ ਮਾਨਸਿਕ ਸੰਕੀਰਨਤਾ ਰਾਹੀਂ ਆਪਣੇ ਬੁਢਾਪੇ ਨੂੰ ਜਿਊਣ ਯੋਗਾ ਅਤੇ ਆਨੰਦਮਈ ਬਣਾਉਣ ਤੋਂ ਉੱਕ ਜਾਂਦੇ ਹਨ। ਬੱਚਿਆਂ ਨਾਲ ਕਦੇ ਬੱਚਾ ਬਣ ਕੇ ਇਲਾਹੀ ਆਨੰਦ ਅਤੇ ਬਚਪਨੀ ਵਰੇਸ ਦੀਆਂ ਖ਼ੁਸ਼ੀਆਂ ਮਾਣਨਾ, ਪਤਾ ਲੱਗੇਗਾ ਕਿ ਬਚਪਨੇ ਦਾ ਸਾਥ ਕਿੰਨਾ ਨਿੱਘਾ ਅਤੇ ਚਾਵਾਂ ਵਾਲਾ ਹੁੰਦਾ ਹੈ। ਤੁਹਾਨੂੰ ਆਪਣੀ ਜ਼ਿੰਦਗੀ ਦੇ ਸਾਲ ਵੀ ਭੁੱਲ ਜਾਂਦੇ ਹਨ ਅਤੇ ਬਚਪਨੀ ਖੇਡਾਂ ਰਾਹੀਂ ਆਪਣੀ ਉਮਰ ਨੂੰ ਪਿਛਲਖੁਰੀ ਤੋਰ ਲੈਂਦੇ ਹਨ।
ਕਈ ਵਾਰ ਇੰਝ ਹੁੰਦਾ ਹੈ ਕਿ ਕੰਮ ’ਤੇ ਜਾਣ ਤੋਂ ਪਹਿਲਾਂ ਛੋਟੀ ਬੱਚੀ ਨੂੰ ਸਾਡੇ ਘਰ ਛੱਡਣ ਲਈ ਉਸ ਦੇ ਮੰਮੀ/ਡੈਡੀ ਆਉਂਦੇ ਹਨ ਤਾਂ ਉਹ ਕਾਰ ਵਿੱਚ ਹੀ ਸੌਂ ਜਾਂਦੀ ਹੈ। ਫਿਰ ਮੇਰਾ ਕੰਮ ਹੁੰਦਾ ਕਿ ਸੁੱਤੀ ਹੋਈ ਬੱਚੀ ਨੂੰ ਕਾਰ ਦੀ ਸੀਟ ਤੋਂ ਚੁੱਕ ਕੇ ਸਹਿਜ ਨਾਲ ਅੰਦਰ ਲਿਆਂਦਾ ਜਾਵੇ। ਖ਼ਿਆਲ ਰੱਖਿਆ ਜਾਵੇ ਕਿ ਉਸ ਦੀ ਨੀਂਦ ਨਾ ਉੱਖੜੇ। ਵਰਨਾ ਕੱਚੀ ਨੀਂਦਰੇ ਉੱਠ ਕੇ ਬੱਚਾ ਚਿੜਚਿੜਾ ਹੀ ਹੋ ਜਾਂਦਾ ਹੈ। ਅਕਸਰ ਇੰਜ ਹੁੰਦਾ ਹੈ ਕਿ ਮੈਂ ਉਸ ਨੂੰ ਆਪਣੀ ਹਿੱਕ ਨਾਲ ਲਾ ਕੇ ਅੰਦਰ ਲਿਆਉਂਦਾ ਹਾਂ। ਸੋਫ਼ੇ ’ਤੇ ਅੱਧ ਲੇਟਿਆ ਹੀ ਪਿਆ ਰਹਿੰਦਾ ਹਾਂ ਤਾਂ ਕਿ ਉਹ ਮੇਰੇ ਉੱਪਰ ਪਈ ਆਪਣੀ ਨੀਂਦ ਪੂਰੀ ਕਰ ਲਵੇ। ਘੰਟਾ-ਡੇਢ ਘੰਟੇ ਦਾ ਸਮਾਂ ਮੈਨੂੰ ਸਕੂਨ ਨਾਲ ਭਰ ਦਿੰਦਾ ਹੈ ਜਦੋਂ ਮੇਰੇ ਅਤੇ ਬੱਚੀ ਦੇ ਸਾਹ ਇਕਸੁਰ ਹੋਏ ਸੰਗੀਤਕ ਰਿਦਮ ਵਿੱਚ ਧੜਕਦੇ ਹਨ। ਜੀਵਨ ਦਾ ਪਰਮ ਸੁੱਖ ਮਿਲਦਾ ਹੈ ਅਤੇ ਮੈਂ ਬੱਚੀ ਦੇ ਸੁੱਤੇ ਹੋਏ ਚਿਹਰੇ ਅਤੇ ਉਸ ਦੀ ਨੀਂਦ ਵਿਚਲੀ ਬੇਫ਼ਿਕਰੀ ਅਤੇ ਅਲਮਸਤਾ ਵਿੱਚੋਂ ਆਪਣੀ ਰੂਹ ਨੂੰ ਸੰਤੁਸ਼ਟੀ ਨਾਲ ਭਰਦਾ ਹਾਂ। ਜੀਅ ਕਰਦੈ ਕਿ ਬੱਚੀ ਇਸ ਤਰ੍ਹਾਂ ਹੀ ਲੇਟੀ ਹੋਈ ਮੈਨੂੰ ਸਕੂਨ ਨਾਲ ਭਰਦੀ ਰਹੇ। ਬੱਚੀ ਦੇ ਇਸ ਸਨੇਹ ਭਰਪੂਰ ਨਿੱਕੇ ਨਿੱਕੇ ਹੱਥਾਂ ਨਾਲ ਪਾਈ ਗਲਵੱਕੜੀ ਵਿੱਚੋਂ ਨਿੱਘ ਮਿਲਦਾ ਰਹੇ।
ਅਜਿਹੇ ਪਲਾਂ ਦੌਰਾਨ ਮੇਰੇ ਅਚੇਤ ਮਨ ਵਿੱਚ ਬਹੁਤ ਕੁਝ ਵਾਪਰਦਾ ਹੈ ਜੋ ਸ਼ਬਦਾਂ ਰਾਹੀਂ ਕਵਿਤਾ ਦਾ ਰੂਪ ਧਾਰ ਲੈਂਦਾ ਹੈ;
ਮੈਂ ਸੋਫ਼ੇ ’ਤੇ ਅੱਧ-ਲੇਟਿਆ ਹਾਂ
ਬੱਚੀ ਮੇਰੇ ਉੱਪਰ ਘੂਕ ਸੁੱਤੀ ਪਈ ਹੈ
ਮੇਰੀ ਛਾਤੀ ਉਸ ਦਾ ਮਖ਼ਮਲੀ ਵਿਛੌਣਾ
ਤੇ ਮੋਢਾ ਸਿਰ ਦਾ ਸਿਰਹਾਣਾ
ਉਸ ਦੀ ਮਲੂਕ ਬਾਹਾਂ ਦੀ ਕੁਰੰਗੜੀ
ਮੇਰੇ ਗਲ਼ ਦੁਆਲੇ ਫੁੱਲਾਂ ਦਾ ਹਾਰ
ਉਸ ਦਾ ਹਰ ਸਾਹ ਬਣ ਰਿਹਾ ਮੇਰੀ ਧੜਕਣ
ਉਸ ਦੇ ਚਿਹਰੇ ਦੀ ਮਾਸੂਮੀਅਤ
ਮੇਰੀ ਕੁਰੱਖਤਾ ਲਈ ਸਬਕ
ਉਸ ਦੀ ਗੂੜ੍ਹੀ ਨੀਂਦ ਦਾ ਪ੍ਰਤਾਪ
ਮੇਰੀ ਭਟਕਣ ਨੂੰ ਵਿਰਾਮ
ਉਸ ਦੀ ਬਚਪਨੀ ਅਲੋਕਾਰਤਾ
ਮੇਰਾ ਮਖੌਟਾ ਉਤਾਰਦੀ
ਤੇ ਉਸ ਦੀ ਕੋਮਲਤਾ ਦਾ ਜਲੌਅ
ਮੇਰੇ ਅੰਤਰੀਵ ਦੀ ਰੋਸ਼ਨੀ।
ਬੱਚੀ ਨੂੰ ਸੁੱਤਿਆਂ ਦੇਖ
ਮੇਰਾ ਬਚਪਨਾ ਪਰਤਿਆ
ਜਾਪਿਆ ਮੈਂ ਬਾਪ ਦੀ ਗੋਦ ’ਚ
ਨੀਂਦ ਦੇ ਹਿਲੋਰੇ ਮਾਣ ਰਿਹਾ ਹੋਵਾਂ।
ਬੱਚੀ ਜਾਗ ਪੈਂਦੀ ਹੈ
ਮੇਰਾ ਬਚਪਨੀ ਤਲਿੱਸਮ ਟੁੱਟ ਜਾਂਦਾ ਹੈ
ਤੇ
ਮੈਂ ਫਿਰ ਬਜ਼ੁਰਗ ਬਣ ਜਾਂਦਾ ਹਾਂ।
ਬਹੁਤ ਹੀ ਸੰਵੇਦਨਸ਼ੀਲ ਅਤੇ ਸੂਖਮਭਾਵੀ ਲੋਕ ‘ਕਿੰਨੀਆਂ ਛੁੱਟੀਆਂ...’ ਦਾ ਅਰਥਨਾਮਾ ਆਪਣੀ ਰੂਹ ’ਤੇ ਉੱਕਰਦੇ ਨੇ। ਕੀ ਤੁਸੀਂ ਵੀ ਕਦੇ ਬੱਚੇ ਨਾਲ ਬੱਚਾ ਬਣ ਕੇ ਆਪਣੀ ਬਜ਼ੁਰਗੀ ਨੂੰ ਦਰਕਿਨਾਰ ਕੀਤਾ ਹੈ? ਕਦੇ ਅਜਿਹੇ ਪਲਾਂ ਨੂੰ ਮਾਣਨਾ, ਤੁਸੀਂ ਬਚਪਨੀ ਪਲਾਂ ਨੂੰ ਮੁੜ ਤੋਂ ਜੀਵੋਗੇ।
ਸੰਪਰਕ: 216-556-2080