For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਸਕੂਲ ਦਾ ਨਾਮਕਰਨ: ਪਿੰਡ ਝੋਰੜਾਂ ਦੋ ਧੜਿਆਂ ’ਚ ਵੰਡਿਆ

07:41 AM Jul 30, 2024 IST
ਸਰਕਾਰੀ ਸਕੂਲ ਦਾ ਨਾਮਕਰਨ  ਪਿੰਡ ਝੋਰੜਾਂ ਦੋ ਧੜਿਆਂ ’ਚ ਵੰਡਿਆ
ਸਕੂਲ ਦੇ ਗੇਟ ਸਾਹਮਣੇ ਨਾਮਕਰਨ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਵਿਰੋਧੀ ਧੜੇ ਦੇ ਲੋਕ।
Advertisement

ਸੰਤੋਖ ਸਿੰਘ ਗਿੱਲ
ਰਾਏਕੋਟ, 29 ਜੁਲਾਈ
ਸੂਬਾ ਸਰਕਾਰ ਵੱਲੋਂ ਪਿੰਡ ਝੋਰੜਾਂ ਦੇ ਸਰਕਾਰੀ ਸਕੂਲ ਦਾ ਨਾਮ ਆਈ.ਟੀ.ਬੀ.ਪੀ ਦੇ ਸ਼ਹੀਦ ਗੁਰਮੁਖ ਸਿੰਘ ਦੇ ਨਾਂ ਉਪਰ ਰੱਖਣ ਦੇ ਮਾਮਲੇ ਵਿੱਚ ਪਿੰਡ ਦੋ ਧੜਿਆਂ ਵਿੱਚ ਵੰਡਿਆ ਗਿਆ ਹੈ। ਤਣਾਅਪੂਰਨ ਹਾਲਾਤ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਪੁਲੀਸ ਤਾਇਨਾਤ ਕੀਤੀ ਗਈ ਸੀ।
ਸਰਕਾਰੀ ਸਕੂਲ ਦਾ ਸ਼ਹੀਦ ਦੇ ਨਾਂ ਉਪਰ ਨਾਮਕਰਨ ਦਾ ਵਿਰੋਧ ਕਰ ਰਹੇ ਧੜੇ ਦੇ ਆਗੂ ਬਲਵੀਰ ਸਿੰਘ ਮਾਨ, ਅੰਮ੍ਰਿਤਪਾਲ ਸਿੰਘ, ਜੱਸਾ ਸਿੰਘ ਮਾਨ, ਜਗਤਾਰ ਸਿੰਘ ਜੱਗੂ, ਗੁਰਦੇਵ ਸਿੰਘ ਗਿੱਲ ਅਤੇ ਰਾਜ ਸਿੰਘ ਗਿੱਲ ਦੀ ਅਗਵਾਈ ਹੇਠ ਪਿੰਡ ਵਾਸੀਆਂ ਵੱਲੋਂ ਸਕੂਲ ਦੇ ਗੇਟ ਸਾਹਮਣੇ ਨਾਅਰੇਬਾਜ਼ੀ ਕਰਦਿਆਂ ਧਰਨਾ ਦਿੱਤਾ ਗਿਆ। ਸ਼ਹੀਦ ਗੁਰਮੁਖ ਸਿੰਘ ਦੀ ਯਾਦ ਵਿੱਚ ਕਰਵਾਏ ਸਮਾਗਮ ਵਿੱਚ ਵਿਧਾਇਕ ਹਾਕਮ ਸਿੰਘ ਠੇਕੇਦਾਰ, ਪੁਲੀਸ ਕਪਤਾਨ (ਸਥਾਨਕ) ਮਨਵਿੰਦਰਵੀਰ ਸਿੰਘ, ਸ਼ਹੀਦ ਗੁਰਮੁਖ ਸਿੰਘ ਦੀ ਪਤਨੀ ਨਿਰਮਲ ਕੌਰ, ਸਾਬਕਾ ਸਰਪੰਚ ਸਤਪਾਲ ਸਿੰਘ ਝੋਰੜਾਂ ਸਮੇਤ ਹੋਰ ਕਈ ਸ਼ਖ਼ਸੀਅਤਾਂ ਮੌਜੂਦ ਸਨ।
ਜ਼ਿਕਰਯੋਗ ਹੈ ਕਿ ਆਈ.ਟੀ.ਬੀ.ਪੀ ਦੀ 45ਵੀਂ ਬਟਾਲੀਅਨ ਦੇ ਏ.ਐੱਸ.ਆਈ ਗੁਰਮੁਖ ਸਿੰਘ 20 ਅਗਸਤ 2021 ਨੂੰ ਛੱਤੀਸਗੜ੍ਹ ਦੇ ਜ਼ਿਲ੍ਹਾ ਨਰੈਣਪੁਰ ਵਿੱਚ ਆਤਮਘਾਤੀ ਹਮਲੇ ਵਿੱਚ ਸ਼ਹੀਦ ਹੋ ਗਏ ਸਨ। ਸ਼ਹੀਦ ਦੀ ਤੀਜੀ ਬਰਸੀ ਮੌਕੇ ਸੂਬਾ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਸਕੂਲ ਦਾ ਨਾਮਕਰਨ ਸ਼ਹੀਦ ਏ.ਐੱਸ.ਆਈ ਗੁਰਮੁੱਖ ਸਿੰਘ ਦੇ ਨਾਮ ਉਪਰ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਆਈ.ਟੀ.ਬੀ.ਪੀ ਦੀ 26ਵੀਂ ਬਟਾਲੀਅਨ ਦੇ ਕਮਾਂਡੈਂਟ ਸੌਰਭ ਦੂਬੇ ਦੀ ਅਗਵਾਈ ਵਿੱਚ ਟੁਕੜੀ ਸ਼ਰਧਾਂਜਲੀ ਦੇਣ ਪੁੱਜੀ ਹੋਈ ਸੀ। ਵਿਰੋਧੀ ਧੜੇ ਅਨੁਸਾਰ ਬਾਬਾ ਕੁੰਦਨ ਸਿੰਘ ਨਾਨਕਸਰ ਵਾਲਿਆਂ ਵੱਲੋਂ ਕਈ ਦਹਾਕੇ ਪਹਿਲਾਂ ਇਹ ਸਕੂਲ ਬਣਾਇਆ ਗਿਆ ਸੀ। ਹੁਣ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਵੱਲੋਂ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਦੀ ਮੁਰੰਮਤ, ਇੰਟਰਲਾਕਿੰਗ ਟਾਈਲ, ਰੰਗ-ਰੋਗਨ, ਬਿਜਲੀ ਵਾਲੇ ਪੱਖੇ ਆਦਿ ਲਾਏ ਗਏ ਹਨ। ਉਨ੍ਹਾਂ ਸੂਬਾ ਸਰਕਾਰ ਉੱਪਰ ਸਕੂਲ ਨੂੰ ਅਣਗੌਲ਼ਿਆ ਕਰਨ ਦਾ ਵੀ ਦੋਸ਼ ਲਾਇਆ। ਆਗੂਆਂ ਨੇ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਰਵਿੰਦਰ ਕੌਰ ਗਿੱਲ ਤੋਂ ਇਲਾਵਾ ਨਾਇਬ ਤਹਿਸੀਲਦਾਰ ਹਰਪਾਲ ਸਿੰਘ ਰਾਹੀਂ ਪ੍ਰਸ਼ਾਸਨ ਨੂੰ ਮੰਗ-ਪੱਤਰ ਦੇ ਕੇ ਸਕੂਲ ਦਾ ਨਾਂ ਬਾਬਾ ਕੁੰਦਨ ਸਿੰਘ ਨਾਨਕਸਰ ਦੇ ਨਾਂ ਉਪਰ ਰੱਖਣ ਦੀ ਮੰਗ ਕੀਤੀ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਰਵਿੰਦਰ ਕੌਰ ਗਿੱਲ ਨੇ ਸੰਪਰਕ ਕਰਨ ‘ਤੇ ਕਿਹਾ ਕਿ ਸੂਬਾ ਸਰਕਾਰ ਵੱਲੋਂ 7 ਸਕੂਲਾਂ ਦੇ ਨਾਂ ਸ਼ਹੀਦਾਂ ਦੇ ਨਾਂ ਉਪਰ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਝੋਰੜਾਂ ਸਮੇਤ ਜ਼ਿਲ੍ਹੇ ਦੇ 2 ਸਕੂਲ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮਾਮਲਾ ਉੱਚ-ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣਗੇ।

Advertisement

Advertisement
Advertisement
Author Image

sukhwinder singh

View all posts

Advertisement