For the best experience, open
https://m.punjabitribuneonline.com
on your mobile browser.
Advertisement

ਇੱਕ ਸ਼ਾਮ ਕਵਲ ਦੇ ਨਾਮ

10:25 AM Oct 20, 2024 IST
ਇੱਕ ਸ਼ਾਮ ਕਵਲ ਦੇ ਨਾਮ
ਖੁਸ਼ਵੰਤ ਸਿੰਘ ਅਤੇ ਉਸ ਦੀ ਪਤਨੀ ਕਵਲ ਦੀ ਇੱਕ ਯਾਦਗਾਰੀ ਤਸਵੀਰ।
Advertisement

ਸੁਰਜੀਤ ਕੌਰ ਸੰਧੂ

Advertisement

ਮੈਂਨੂੰ ਆਪਣੀ ਸੰਸਥਾ ਵੱਲੋਂ ਹਿਮਾਚਲ ਪ੍ਰਦੇਸ਼ ਜਾਣਾ ਪੈ ਗਿਆ। ਮੇਰੇ ਪਤੀ ਗੁਲਜ਼ਾਰ ਨੇ ਲੈ ਕੇ ਜਾਣਾ ਸੀ। ਰਸਤੇ ਵਿੱਚ ਖੁਸ਼ਵੰਤ ਸਿੰਘ ਨੂੰ ਮਿਲਣ ਦੀ ਸਲਾਹ ਬਣ ਗਈ।
ਸਾਡੇ ਨਾਲ ਕੈਨੇਡਾ ਤੋਂ ਆਇਆ ਬਲਰਾਜ ਚੀਮਾ ਵੀ ਤੁਰ ਪਿਆ। ਖੁਸ਼ਵੰਤ ਸਿੰਘ ਕਸੌਲੀ ਵਾਲੀ ਕੋਠੀ ਦੀ ਧੁੱਪ ਵਾਲੇ ਪਾਸੇ ਬੈਠਾ ਕੁਝ ਪੜ੍ਹ ਰਿਹਾ ਸੀ। ਇੱਕ ਪੈਰ ਧਰਤੀ ਉੱਤੇ ਤੇ ਦੂਜਾ ਕੁਰਸੀ ਦੇ ਸਾਹਮਣੇ ਰੱਖੀ ਛੋਟੀ ਮੇਜ਼ ਉੱਤੇ। ਤਪਾਕ ਨਾਲ ਮਿਲਿਆ। ਥੋੜ੍ਹਾ ਚੁੱਪ-ਚੁੱਪ, ਪਰ ਉਦਾਸ ਨਹੀਂ। ਕਸੌਲੀ ਵਾਲਾ ਇਹ ਘਰ ਉਸ ਦੀ ਪਤਨੀ ਕਵਲ ਦਾ ਹੈ, ਜਿਹੜਾ ਕਵਲ ਦੇ ਪਿਤਾ ਤੇਜਾ ਸਿੰਘ ਮਲਿਕ ਨੇ ਆਪਣੀ ਪਤਨੀ ਨੂੰ ਦਿੱਤਾ ਸੀ ਤੇ ਪਤਨੀ ਯਾਨੀ ਕਵਲ ਦੀ ਮਾਂ ਨੇ, ਕਵਲ ਨੂੰ।
ਚੰਡੀਗੜ੍ਹ ਤੋਂ ਕਸੌਲੀ ਤਕ ਮੈਂ ਮਨ ਹੀ ਮਨ ਵਿੱਚ ਕਵਲ ਨੂੰ ਚੇਤੇ ਕਰਦੀ ਰਹੀ। ਉਸ ਦਾ ਹਰ ਸ਼ਾਮ ਖੁੱਲ੍ਹੀ ਸਲਵਾਰ-ਕਮੀਜ਼ ਪਹਿਨ ਕੇ ਲੋਧੀ ਗਾਰਡਨ ਦੀ ਸੈਰ ਕਰਨਾ। ਬਿਨਾਂ ਕਿਸੇ ਉਚੇਚ ਦੇ ਸਾਡੇ ਘਰ ਆਉਣਾ ਤੇ ਸਾਨੂੰ ਆਪਣੇ ਘਰ ਸੱਦਣਾ। ਅਸੀਂ ਵੀਹ ਸਾਲ ਉਨ੍ਹਾਂ ਦੇ ਗੁਆਂਢੀ ਰਹੇ ਹਾਂ। ਦਸ ਸਾਲ ਪੰਡਾਰਾ ਰੋਡ ਤੇ ਦਸ ਭਾਰਤੀ ਨਗਰ। ਉਨ੍ਹਾਂ ਦਾ ਸੁਜਾਨ ਸਿੰਘ ਪਾਰਕ ਵਾਲਾ ਘਰ ਸਾਡੇ ਦੋਵਾਂ ਘਰਾਂ ਤੋਂ ਮਸਾਂ ਇੱਕ ਫਰਲਾਂਗ ਦੀ ਵਿੱਥ ਉੱਤੇ ਸੀ।
ਹੁਣ ਕਵਲ ਨੂੰ ਪੂਰੇ ਹੋਇਆਂ ਕਾਫੀ ਸਮਾਂ ਹੋ ਗਿਆ ਹੈ। ਇਨ੍ਹਾਂ ਦਿਨਾਂ ਵਿੱਚ ਹੀ ਮੈਂ ਖੁਸ਼ਵੰਤ ਸਿੰਘ ਦੀ ਸ੍ਵੈ-ਜੀਵਨੀ ਪੜ੍ਹਦਿਆਂ ਆਪਣੇ ਮਨ ਵਿੱਚ ਕਵਲ ਦੀ ਜਵਾਨੀ ਵੇਲੇ ਦੀ ਤਸਵੀਰ ਖਿੱਚਦੀ ਰਹੀ ਸਾਂ। ਸ੍ਵੈ-ਜੀਵਨੀ ਵਿੱਚ ਕਵਲ ਦੇ ਸੁਹੱਪਣ ਤੇ ਕੁਪੱਤੇਪਣ ਦਾ ਜ਼ਿਕਰ ਵੀ ਆਮ ਸੀ। ਪਤਾ ਨਹੀਂ ਕਿਉਂ ਮੈਂ ਉਸ ਸੁਹਣੀ, ਕੁਪੱਤੀ ਤੇ ਅੱਖੜ ਕੁੜੀ ਦੀ ਜਵਾਨੀ ਵੇਲੇ ਦੀ ਤਸਵੀਰ ਵੀ ਦੇਖਣਾ ਚਾਹੁੰਦੀ ਸਾਂ। ਮੇਰਾ ਮਨ ਕਹਿੰਦਾ ਸੀ ਕਿ ਕਸੌਲੀ ਵਾਲੇ ਘਰ ਕਵਲ ਦੀ ਜਵਾਨੀ ਵੇਲੇ ਦੀ ਤਸਵੀਰ ਹੋਵੇਗੀ।

Advertisement

ਕਵਲ ਤੇ ਖੁਸ਼ਵੰਤ ਦਾ ਕਸੌਲੀ ਵਾਲਾ ਘਰ।

ਮੈਂ ਕਵਲ ਦੀ ਵਕਤ ਦੀ ਪਾਬੰਦੀ ਦੀ ਸਦਾ ਕਾਇਲ ਰਹੀ ਹਾਂ। ਦਾਰੂ-ਦਰਮਲ ਤੇ ਸ਼ਿਅਰ-ਓ-ਸ਼ਾਇਰੀ ਵਾਲੇ ਘਰਾਂ ਵਿੱਚ ਇਸ ਦੀ ਲੋੜ ਵੀ ਬੜੀ ਹੈ। ਉਸ ਨੇ ਖਾਣੇ ’ਤੇ ਆਉਣਾ ਤਾਂ ਘਰ ਵਿੱਚ ਪੈਰ ਧਰਦਿਆਂ ਪਹਿਲਾ ਫ਼ਿਕਰਾ ਇਹੀਓ ਬੋਲਣਾ, ‘‘ਸੁਰਜੀਤ ਰੋਟੀ ਤਾਂ ਤਿਆਰ ਹੈ ਨਾ?’’ ਦਾਰੂ ਦੇ ਦੋ ਪੈੱਗ ਜਾਂ ਕਿਸੇ ਖ਼ਾਸ ਹਾਲਤ ਵਿੱਚ ਤੀਜਾ ਅੱਧਾ। ਕੁੱਲ ਮਿਲਾ ਕੇ ਖਾਣੇ ਦਾ ਸਮਾਂ ਸੱਤ ਤੋਂ ਨੌਂ ਸ਼ਾਮ। ਨਾ ਅੱਗੇ ਨਾ ਪਿੱਛੇ। ਉਂਝ ਕਵਲ ਨੂੰ ਚੰਗਾ ਖਾਣਾ ਬਣਾਉਣ ਦਾ ਬੜਾ ਸ਼ੌਕ ਸੀ। ਉਸ ਦੀ ਰਸੋਈ ਦੇ ਨੇੜੇ ਕੁੱਕਰੀ ਦੀਆਂ ਪੁਸਤਕਾਂ ਸਜਾ ਕੇ ਰੱਖੀਆਂ ਰਹਿੰਦੀਆਂ। ਕੁੱਕਰੀ ਦਾ ਸ਼ੌਕ ਰੱਖਣ ਵਾਲੀਆਂ ਔਰਤਾਂ ਨਾਲ ਉਸ ਦੀ ਬਹੁਤ ਬਣਦੀ ਸੀ। ਉਸ ਨੂੰ ਨਵੀਆਂ-ਨਵੀਆਂ ਰੈਸਿਪੀਆਂ ਅਜ਼ਮਾਉਣ ਦਾ ਸ਼ੌਕ ਸੀ। ਘਰ ਵਿੱਚ ਕੀ ਮਜਾਲ ਕਿ ਉਸ ਦਾ ਰਸੋਈਆ ਬੀਬੀ ਜੀ ਤੋਂ ਹਦਾਇਤਾਂ ਲਏ ਬਿਨਾਂ ਕੁਝ ਬਣਾ ਧਰੇ।
ਕਵਲ ਦਾ ਕੰਟਰੋਲ ਦਾਰੂ ਜਾਂ ਖਾਣੇ ਦੀ ਹੱਦ ਤਕ ਹੀ ਸੀਮਤ ਨਹੀਂ ਸੀ। ਮਜਾਲ ਹੈ ਉਸ ਦੀ ਸੰਭਾਲੀ ਹੋਈ ਕੋਈ ਚੀਜ਼ ਏਧਰੋਂ ਓਧਰ ਹੋ ਜਾਵੇ। ਖ਼ਾਸ ਕਰਕੇ ਪੁਸਤਕਾਂ। ਇੱਕ ਵਾਰੀ ਗੁਲਜ਼ਾਰ ਨੇ ਉਨ੍ਹਾਂ ਦੇ ਕਸੌਲੀ ਵਾਲੇ ਘਰ ਰਹਿਣ ਦੀ ਇੱਛਾ ਪ੍ਰਗਟਾਈ ਤਾਂ ਕਵਲ ਦਾ ਇੱਕ-ਸਤਰਾ ਉੱਤਰ ਸੀ, ‘‘ਬੱਸ ਇੱਕੋ ਸ਼ਰਤ, ਮੇਰੇ ਘਰੋਂ ਕੋਈ ਕਿਤਾਬ ਨਹੀਂ ਖਿਸਕਣੀ ਚਾਹੀਦੀ।’’ ਕਵਲ ਦਾ ਹਰ ਫ਼ੈਸਲਾ ਦੋ-ਟੁੱਕ ਹੁੰਦਾ ਸੀ। ਇੱਕ-ਸਤਰਾ।
ਗੁਲਜ਼ਾਰ ਨਾਲ ਕੁਰੂਕਸ਼ੇਤਰ ਜਾਂਦਿਆਂ, ਇੱਕ ਵਾਰੀ ਖੁਸ਼ਵੰਤ ਸਿੰਘ ਦੇ ਮਨ ਵਿੱਚ ਭੰਗ ਦਾ ਨਸ਼ਾ ਟੈਸਟ ਕਰਨ ਤੇ ਭੰਗ ਦਾ ਪੌਦਾ ਵੇਖਣ ਦਾ ਭੂਤ ਸਵਾਰ ਹੋ ਗਿਆ। ਰਾਤ ਦੇ ਖਾਣੇ ਵੇਲੇ ਇਹ ਗੱਲ ਹੋਈ ਤਾਂ ਖੁਸ਼ਵੰਤ ਤੇ ਗੁਲਜ਼ਾਰ ਡਰਾਈਵਰ ਤੋਂ ਗੱਡੀ ਕਢਵਾ ਕੇ ਬਾਹਰ ਦੋ-ਦੋ ਗਿੱਠ ਉੱਚੀ ਕਣਕ ਦੇ ਖੇਤਾਂ ਵਿੱਚ ਭੰਗ ਦੇ ਪੌਦੇ ਲੱਭਣ ਤੁਰ ਪਏ। ਕੁਰੂਕਸ਼ੇਤਰ ਦੀਆਂ ਕਣਕਾਂ ਵਿੱਚ ਗੁਲਜ਼ਾਰ ਨੂੰ ਇੱਕ ਵੀ ਪੌਦਾ ਨਾ ਲੱਭਿਆ ਜੋ ਖੁਸ਼ਵੰਤ ਨੂੰ ਵਿਖਾ ਸਕੇ। ਉਸ ਨੇ ਆਪਣੇ ਪਿੰਡ ਦੀਆਂ ਕਣਕਾਂ ਵਿੱਚੋਂ ਭੰਗ ਦੇ ਪੌਦੇ ਲਿਆ ਕੇ ਵਿਖਾਉਣ ਦਾ ਵਚਨ ਦਿੱਤਾ ਤੇ ਗੱਲ ਆਈ-ਗਈ ਹੋ ਗਈ।
ਅੱਗੇ ਬਰਸਾਤ ਦੇ ਦਿਨਾਂ ਵਿੱਚ ਇੱਕ ਦਿਨ ਖੁਸ਼ਵੰਤ ਦੇ ਘਰ ਖਾਣਾ ਸੀ। ਮੈਂ ਤੇ ਗੁਲਜ਼ਾਰ ਭਾਰਤੀ ਨਗਰ ਵੱਲੋਂ ਤੁਰਦੇ ਉਨ੍ਹਾਂ ਦੇ ਘਰ ਨੂੰ ਜਾ ਰਹੇ ਸਾਂ ਕਿ ਸੁਜਾਨ ਸਿੰਘ ਪਾਰਕ ਦੇ ਗੁਰਦੁਆਰੇ ਨੇੜਲੀ ਵਿਹਲੀ ਥਾਂ ਵਿੱਚ ਗੁਲਜ਼ਾਰ ਨੂੰ ਸਿਰ-ਸਿਰ ਉੱਚੀ ਭੰਗ ਦੇ ਪੌਦੇ ਵਿਖਾਈ ਦੇ ਗਏ। ਮੀਂਹ ਵਰ੍ਹ ਕੇ ਹਟਿਆਂ ਏਨਾ ਹੀ ਸਮਾਂ ਹੋਇਆ ਸੀ ਕਿ ਗੁਲਜ਼ਾਰ ਮਾਮੂਲੀ ਜਿਹਾ ਝਟਕਾ ਦੇ ਕੇ ਦੋ ਪੌਦੇ ਪੁੱਟ ਲਿਆਇਆ। ਖੁਸ਼ਵੰਤ ਸਿੰਘ ਨੇ ਦਰਵਾਜ਼ਾ ਖੋਲ੍ਹਿਆ ਤਾਂ ਗੁਲਜ਼ਾਰ ਨੇ ਦੋਵੇਂ ਪੌਦੇ ਖੁਸ਼ਵੰਤ ਨੂੰ ਭੇਟ ਕਰਦਿਆਂ ਕਿਹਾ, ‘‘ਇਹ ਨੇ ਭੰਗ ਦੇ ਪੌਦੇ।’’ ‘‘ਤੇਰੇ ਪਿੰਡ ਦੀ ਭੰਗ ਦੇ?’’ ਖੁਸ਼ਵੰਤ ਨੇ ਸਵਾਲੀਆ ਨਜ਼ਰਾਂ ਨਾਲ ਤੱਕਿਆ। ‘‘ਨਹੀਂ। ਤੁਹਾਡੇ ਗੁਰਦੁਆਰੇ ਨੇੜਲੀ ਭੰਗ ਦੇ।’’ ਉੱਥੇ ਇਹ ਭੰਗ ਕਦੋਂ ਤੋਂ ਉੱਗ ਰਹੀ ਸੀ, ਕਿਸੇ ਨੂੰ ਪਤਾ ਹੀ ਨਹੀਂ ਸੀ।
ਉਸ ਸ਼ਾਮ ਖਾਣੇ ਉੱਤੇ ਭੰਗ ਦੇ ਲੱਛਣਾਂ ਦੀ ਗੱਲ ਹੁੰਦੀ ਰਹੀ। ਇਸ ਦੇ ਨਸ਼ੇ ਦੀਆ ਗੱਲਾਂ। ਅਸੀਂ ਮਥਰਾ ਦੀ ਰਹਿਣ ਵਾਲੀ ਇੱਕ ਭਾਟੀਆ ਜੋੜੀ ਦਾ ਹਵਾਲਾ ਦੇ ਕੇ ਖੁਸ਼ਵੰਤ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਸ ਜੋੜੀ ਦੇ ਘਰ ਭੰਗ ਪੀਤੀ ਜਾਵੇਗੀ। ‘‘ਤੁਸੀਂ ਵੀ ਪੀਵੋਗੇ?’’ ਮੈਂ ਕਵਲ ਨੂੰ ਪੁੱਛਿਆ। ‘‘ਖੁਸ਼ਵੰਤ ਪੀਵੇਗਾ ਤੇ ਆਪਾਂ ਵੇਖਾਂਗੇ,’’ ਕਵਲ ਨੇ ਇੱਕ-ਸਤਰੀ ਫ਼ੈਸਲਾ ਦਿੱਤਾ । ‘‘ਮੈਥੋਂ ਨਹੀਂ ਨਵੇਂ ਨਸ਼ਿਆਂ ਨਾਲ ਤਜਰਬੇ ਹੁੰਦੇ। ਇਸੇ ਨੂੰ ਕਰਨ ਦਿਓ।’’ ਕਵਲ ਦੇ ਇਸ ਵਾਕ ਨੇ ਭੰਗ ਦੀਆਂ ਗੱਲਾਂ ’ਤੇ ਢੱਕਣ ਦੇ ਦਿੱਤਾ।

ਖੁਸ਼ਵੰਤ ਸਿੰਘ ਆਪਣੀ ਪਤਨੀ ਕਵਲ ਨਾਲ।

ਉਨ੍ਹਾਂ ਦਿਨਾਂ ਨੂੰ ਚੇਤੇ ਕਰਦੇ ਅਸੀਂ ਕਸੌਲੀ ਦੀ ਅੱਪਰ ਮਾਲ ਉੱਤੇ ਸਥਿਤ ਤੇਜਾ ਸਿੰਘ ਮਲਿਕ ਦੇ ਨਾਂ ਨਾਲ ਜਾਣੀ ਜਾਂਦੀ ਕੋਠੀ ਵਿੱਚ ਪਹੁੰਚੇ!
‘‘ਸਮੇਂ ਬਾਰੇ ਖ਼ਬਤ ਦੀ ਹੱਦ ਤੱਕ ਪਾਬੰਦ ਪਤਨੀ ਦੇ ਤੁਰ ਜਾਣ ਤੋਂ ਪਿੱਛੋਂ ਤੁਹਾਨੂੰ ਕਿਵੇਂ ਲੱਗ ਰਿਹਾ ਹੈ?’’ ਇੱਕ-ਦੋ ਗੱਲਾਂ ਕਰਨ ਪਿੱਛੋਂ ਮੈਂ ਖੁਸ਼ਵੰਤ ਸਿੰਘ ਨੂੰ ਸਿੱਧਾ ਪ੍ਰਸ਼ਨ ਕੀਤਾ।
‘‘ਮੈਨੂੰ ਉਸ ਦੇ ਸੁਭਾਅ ਦਾ ਬੇਹੱਦ ਲਾਭ ਹੋਇਐ, ਜੇ ਮੇਰੇ ਉੱਤੇ ਡਸਿਪਲਨ ਨਾ ਹੁੰਦਾ ਤਾਂ ਮੈਂ ਕਦੀ ਵੀ ਏਨਾ ਕੰਮ ਨਹੀਂ ਸੀ ਕਰ ਸਕਣਾ। ਸ਼ੁਰੂ-ਸ਼ੁਰੂ ਵਿੱਚ ਥੋੜ੍ਹਾ ਔਖਾ ਲੱਗਿਆ ਪਰ ਹੁਣ ਤਾਂ ਮੇਰੀ ਸੈਕੰਡ-ਨੇਚਰ (ਦੂਜੀ ਫ਼ਿਤਰਤ) ਬਣ ਚੁੱਕੀ ਹੈ। ਜੇ ਕੋਈ ਦੋ-ਚਾਰ ਮਿੰਟ ਵੀ ਅੱਗੇ-ਪਿੱਛੇ ਆਵੇ ਤਾਂ ਮੈਨੂੰ ਗੁੱਸਾ ਆ ਜਾਂਦਾ ਹੈ। ਉਸ ਦੇ ਤੁਰ ਜਾਣ ਤੋਂ ਪਿੱਛੋਂ ਹੋਰ ਵੀ ਜ਼ਿਆਦਾ।’’
‘‘ਤੇ ਉਹਦਾ ਅੱਖੜ ਸੁਭਾਅ? ਉਹ ਵੀ?’’
‘‘ਜੇ ਤੁਸੀਂ ਅੱਖੜ ਨਾ ਹੋਵੋ ਤਾਂ ਸੁਣਦਾ ਹੀ ਕੋਈ ਨਹੀਂ। ਕਵਲ ਨੂੰ ਆਲਤੂ-ਫਾਲਤੂ ਗੱਲਾਂ ਬੰਦ ਕਰਨ ਦਾ ਵੱਲ ਆਉਂਦਾ ਸੀ। ਮੈਂ ਜਿੱਥੇ ਤੱਕ ਪੁੱਜਾ ਹਾਂ, ਉਸ ਦੀ ਪਾਬੰਦੀ ਸਦਕਾ। ਉਸ ਨੇ ਮੇਰਾ ਬੇਹੱਦ ਸਮਾਂ ਸਾਂਭਿਆ।’’
‘‘ਤੁਹਾਡੇ ਬੱਚਿਆਂ ਦਾ ਪਾਲਣ-ਪੋਸ਼ਣ ਉਸ ਦੇ ਹੱਥ ਸੀ ਜਾਂ ਤੁਹਾਡੇ?’’ ਮੈਂ ਗੱਲ ਦਾ ਰੁਖ਼ ਖੁਸ਼ਵੰਤ ਸਿੰਘ ਦੇ ਬਾਲ-ਪਰਿਵਾਰ ਵੱਲ ਲਿਆਂਦਾ।
‘‘ਟੋਟਲੀ ਉਸ ਦੇ ਹੱਥ। ਮੇਰੇ ਵੱਲੋਂ ਪੂਰੀ ਖੁੱਲ੍ਹ ਸੀ। ਮੈਂ ਉਸ ਦੇ ਡਸਿਪਲਨ ਵਿੱਚ ਦਖ਼ਲ ਨਹੀਂ ਸੀ ਦਿੰਦਾ। ਉਸ ਨੂੰ ਸਿੱਖੀ ਸਰੂਪ ਪਸੰਦ ਸੀ ਜਿਹੜਾ ਮੈਨੂੰ ਵੀ ਹੈ। ਪਰ ਉਹ ਬੱਚਿਆਂ ਨੂੰ ਵੀ ਏਸੇ ਸਰੂਪ ਵਿੱਚ ਵੇਖਣਾ ਚਾਹੁੰਦੀ ਸੀ। ਮੇਰੇ ਪੁੱਤਰ ਰਾਹੁਲ ਨੇ ਵਾਲ ਕਟਵਾਏ ਤਾਂ ਉਹ ਪਾਗਲ ਹੋ ਉੱਠੀ ਸੀ। ਠੀਕ ਤਾਂ ਮੈਨੂੰ ਵੀ ਨਹੀਂ ਸੀ ਲੱਗਿਆ ਪਰ ਕਵਲ ਤਾਂ ਆਪੇ ਤੋਂ ਬਾਹਰ। ਮੈਂ ਉਸ ਨੂੰ ਬੜੀ ਮੁਸ਼ਕਲ ਸਮਝਾਇਆ ਕਿ ਜਦ ਅਸੀਂ ਬੱਚਿਆਂ ਨੂੰ ਇਸ ਤਰ੍ਹਾਂ ਦੀ ਗੁੜ੍ਹਤੀ ਹੀ ਨਹੀਂ ਦਿੱਤੀ ਤਾਂ ਉਨ੍ਹਾਂ ਦਾ ਕੀ ਕਸੂਰ ਹੈ। ਮੇਰੇ ਸਹੁਰਿਆਂ ਦੇ ਘਰ ਹੀ ਨਹੀਂ, ਮੇਰੇ ਆਪਣੇ ਘਰ ਵੀ ਸਿੱਖੀ ਬਹੁਤ ਸੀ। ਮੇਰੇ ਬਾਪ ਨੇ ਆਪਣੀ ਜਨਪਥ ਵਾਲੀ ਕੋਠੀ ਰਾਹੁਲ ਨੂੰ ਦੇਣ ਦਾ ਫ਼ੈਸਲਾ ਕੀਤਾ ਹੋਇਆ ਸੀ ਪਰ ਉਸ ਦੇ ਵਾਲ ਕੱਟਣ ਪਿੱਛੋਂ ਆਪਣਾ ਫ਼ੈਸਲਾ ਬਦਲ ਲਿਆ।’’
‘‘ਹੁਣ ਉਹ ਕੋਠੀ ਕਿਸ ਦੇ ਪਾਸ ਹੈ?’’
‘‘ਕਿਸੇ ਕੋਲ ਵੀ ਨਹੀਂ। ਸੋਭਾ ਸਿੰਘ ਟਰੱਸਟ ਕੋਲ ਹੈ। ਜੇ ਰਾਹੁਲ ਵਾਲ ਨਾ ਕਟਵਾਉਂਦਾ ਤਾਂ ਮੇਰੇ ਬਾਪ ਨੇ ਆਪਣਾ ਫ਼ੈਸਲਾ ਨਹੀਂ ਸੀ ਬਦਲਣਾ। ਕਵਲ ਨੂੰ ਵੀ ਰਾਹੁਲ ਦਾ ਸਿੱਖੀ ਸਰੂਪ ਪਸੰਦ ਸੀ। ਏਸ ਕੋਠੀ ਵਿੱਚ ਕਵਲ ਨੇ ਗਿਆਰਾਂ ਸਾਲਾਂ ਦੇ ਰਾਹੁਲ ਦੀ ਇੱਕ ਪੇਂਟਿੰਗ ਰੱਖੀ ਹੋਈ ਹੈ। ਉਦੋਂ ਉਹ ਪੱਗ ਬੰਨ੍ਹਦਾ ਸੀ। ਤੁਸੀਂ ਅੰਦਰ ਜਾ ਕੇ ਵੇਖ ਸਕਦੇ ਹੋ।”
‘‘ਬੱਚਿਆਂ ਦੀ ਸ਼ਾਦੀ ਵਿੱਚ ਤੁਹਾਡਾ ਕੋਈ ਦਖ਼ਲ?’’
‘‘ਬਿਲਕੁਲ ਹੀ ਨਹੀਂ। ਮੇਰੀ ਧੀ ਮਾਲਾ ਨੇ ਆਪਣਾ ਪਤੀ ਆਪ ਲੱਭਿਆ। ਅਸੀਂ ਹੱਸ ਕੇ ਪਰਵਾਨ ਕੀਤਾ। ਰਾਹੁਲ ਨੂੰ ਸੁਸ਼ਮਾ ਨਾਂ ਦੀ ਇੱਕ ਹਿੰਦੂ ਕੁੜੀ ਪਸੰਦ ਸੀ। ਸਾਨੂੰ ਵੀ। ਪਤਾ ਨਹੀਂ ਕਿਉਂ, ਨਹੀਂ ਕਲਿੱਕ ਹੋਇਆ। ਫੇਰ ਬੰਬਈ ਵਿੱਚ ਨੀਲੋਫਰ ਨਾਲ ਉਸ ਦਾ ਅਫੇਅਰ ਚੱਲਦਾ ਰਿਹਾ, ਜਿਸ ਦੇ ਮਾਪੇ ਪਾਰਸੀ ਹਨ। ਇੱਕ ਪੜਾਅ ਉੱਤੇ ਦੋਹਾਂ ਧਿਰਾਂ ਵੱਲੋਂ ਵਿਆਹ ਦਾ ਐਲਾਨ ਵੀ ਹੋ ਗਿਆ। ਇੱਥੋਂ ਤੱਕ ਕਿ ਕਵਲ ਨੇ ਆਉਣ ਵਾਲੀ ਨੂੰਹ ਲਈ ਸੰਭਾਲ ਕੇ ਰੱਖੇ ਸਾਰੇ ਗਹਿਣੇ ਨੀਲੋਫਰ ਨੂੰ ਚੁਕਵਾ ਦਿੱਤੇ। ਥੋੜ੍ਹੇ ਦਿਨਾਂ ਬਾਅਦ ਫੇਰ ਠੱਪ। ਪਤਾ ਨਹੀਂ ਕਿਉਂ? ਨੀਲੋਫਰ ਘਰ ਆ ਕੇ ਕਵਲ ਨੂੰ ਗਹਿਣੇ ਵੀ ਵਾਪਸ ਕਰ ਗਈ। ਜੇ ਉਹ ਬੱਚੇ ਹੁੰਦੇ ਤਾਂ ਅਸੀਂ ਦਖ਼ਲ ਦਿੰਦੇ। ਸੁਸ਼ਮਾ ਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਸੀ ਤਾਂ ਰਾਹੁਲ ਕਈ ਦਿਨ ਰੋਂਦਾ ਰਿਹਾ। ਸਾਨੂੰ ਤਾਂ ਕੁਝ ਸਮਝ ਨਹੀਂ ਪਈ।
‘‘ਤੁਸੀਂ ਕਵਲ ਦੀ ਬਿਮਾਰੀ ਦੇ ਦਿਨਾਂ ਵਿੱਚ ਤਾਂ ਬੜੇ ਚਿੰਤਤ ਸੋ। ਤੁਹਾਡੇ ਕਾਲਮਾਂ ਵਿੱਚ ਪੜ੍ਹਦੇ ਰਹੇ ਹਾਂ।’’
‘‘ਗੱਲ ਹੀ ਚਿੰਤਾ ਵਾਲੀ ਸੀ। ਰੱਬ ਤੱਕ ਨੂੰ ਠੋਕਰਾਂ ਮਾਰਨ ਵਾਲਾ ਬੰਦਾ ਬਿਲਕੁਲ ਹੀ ਚੁੱਪ ਹੋ ਜਾਵੇ। ਕਦੀ ਸੋਚਿਆ ਹੀ ਨਹੀਂ ਸੀ।’’
‘‘ਹੁਣ ਕਿਵੇਂ ਲੱਗਦਾ ਹੈ। ਉਸ ਚਿੰਤਾ ਨਾਲੋਂ ਤਾਂ ਸੌਖੇ ਹੋਵੋਗੇ।’’ ‘‘ਹਾਂ ਵੀ ਤੇ ਨਹੀਂ ਵੀ। ਸੌਖਾ ਇਸ ਲਈ ਕਿ ਉਹ ਸੌਖੀ ਹੋ ਗਈ। ਨਾ ਸੌਖਾ ਇਸ ਲਈ ਕਿ ਮੈਨੂੰ ਤਾਂ ਇਹ ਵੀ ਪਤਾ ਨਹੀਂ ਕਿ ਮੈਂ ਰਸੋਈਏ ਤੋਂ ਕੀ ਬਣਵਾ ਕੇ ਖਾਵਾਂ। ਰਸੋਈਆ ਵੀ ਔਖਾ ਹੈ ਕਿ ਮੈਂ ਉਸ ਨੂੰ ਕੁਝ ਕਹਿੰਦਾ ਹੀ ਨਹੀਂ। ਉਹ ਮੇਰੇ ਨਾਲੋਂ ਵੀ ਖਾਲੀ-ਖਾਲੀ ਫਿਰਦਾ ਹੈ।’’ ‘‘ਨਿਰਾ ਖਾਣ-ਪੀਣ ਹੀ ਤਾਂ ਜ਼ਿੰਦਗੀ ਨਹੀਂ,’’ ਮੈਂ ਗੱਲ ਟਾਲਣ ਦੇ ਭਾਵ ਨਾਲ ਕਿਹਾ। ‘‘ਤੂੰ ਠੀਕ ਕਹਿੰਦੀ ਏਂ, ਪਰ ਜ਼ਿੰਦਗੀ ਦਾ ਇੱਕ ਚਿੰਨ੍ਹ ਤਾਂ ਹੈ। ਅਸੀਂ ਖਾਧੇ-ਪੀਤੇ ਬਿਨਾਂ ਜੀਅ ਨਹੀਂ ਸਕਦੇ। ਹਾਂ, ਮੈਨੂੰ ਆਪਣੇ ਲਿਖਣ-ਪੜ੍ਹਨ ਦੀ ਬੜੀ ਟੇਕ ਹੈ। ਮੇਰੇ ਕੋਲ ਵਿਹਲ ਹੀ ਨਹੀਂ ਉਦਾਸ ਹੋਣ ਦੀ।’’
ਏਨਾ ਕਹਿ ਕੇ ਖੁਸ਼ਵੰਤ ਸਿੰਘ ਮੇਜ਼ ਤੋਂ ਪੈਰ ਚੁੱਕ ਕੇ ਥੱਲੇ ਧਰਦਾ ਹੈ ਤੇ ‘ਆਓ ਤੁਹਾਨੂੰ ਇਹ ਘਰ ਵਿਖਾਵਾਂ’ ਕਹਿ ਕੇ ਸਾਨੂੰ ਤਿਹਾਂ ਨੂੰ ਘਰ ਦੇ ਅੰਦਰ ਲੈ ਵੜਦਾ ਹੈ। ਘਰ ਦੇ ਚਾਰ ਵੱਡੇ ਕਮਰੇ ਹਨ- ਦੋ ਬੈੱਡਰੂਮ ਤੇ ਦੋ ਲਾਬੀਆਂ। ਪਰਛੱਤੀ ਸਕਾਚ ਦੀਆਂ ਖਾਲੀ ਬੋਤਲਾਂ ਨਾਲ ਭਰੀ ਪਈ ਹੈ। ਕਮਰਿਆਂ ਤੇ ਲਾਬੀਆਂ ਦੇ ਕੰਸ ਪੇਂਟਿੰਗਾਂ ਨਾਲ ਸ਼ਿੰਗਾਰੇ ਹੋਏ ਹਨ। ਮਹਾਰਾਜਾ ਰਣਜੀਤ ਸਿੰਘ ਨੂੰ ਕੋਹਿਨੂਰ ਹੀਰਾ ਲਿਆ ਕੇ ਦੇਣ ਵਾਲੇ ਚਾਰ ਅਫ਼ਗ਼ਾਨੀ, ਮਹਾਰਾਜੇ ਦੀ ਮੌਤ ਤੋਂ ਛੇ ਮਹੀਨੇ ਪਹਿਲਾਂ ਕੁਰਸੀ ਉੱਤੇ ਬੈਠ ਕੇ ਕਿਸੇ ਅੰਗਰੇਜ਼ ਪੇਂਟਰ ਦੀ ਬਣਾਈ ਪੇਂਟਿੰਗ, ਆਲੀਵਾਲ ਤੇ ਮੁੱਦਕੀ ਦੀਆਂ ਜੰਗਾਂ ਦੇ ਚਿੱਤਰ, ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ, ਰਾਜੇ-ਰਾਣੀਆਂ ਦੇ ਪੈਂਸਿਲ-ਸਕੈੱਚ, ਖੁਸ਼ਵੰਤ ਸਿੰਘ ਦੀ ਜਵਾਨੀ ਵੇਲੇ ਦੀ ਟੈਨਿਸ ਖੇਡਣ ਵਾਲੀ ਟੀਮ ਨਾਲ ਖਿੱਚੀ ਤਸਵੀਰ ਟੀਮ ਦੀ ਕਪਤਾਨੀ ਵਾਲੀ, ਲੰਡਨ ਵਿੱਚ ਧੀ (ਮਾਲਾ ਸਿੰਘ) ਨੂੰ ਖਿਡਾਉਂਦੀ ਕਵਲ, ਰਾਹੁਲ ਦੀ ਗਿਆਰਾਂ ਸਾਲ ਦੀ ਉਮਰੇ ਪਗੜੀ ਬੰਨ੍ਹੀ ਪੇਂਟਿੰਗ, ਕਵਲ ਤੇ ਮਾਤਾ-ਪਿਤਾ ਤੇ ਭਾਈ ਵੀਰ ਸਿੰਘ ਦੀਆਂ ਤਸਵੀਰਾਂ ਅਤੇ ਮਦਰ ਟੈਰੇਸਾ ਦੇ ਦਸਤਖ਼ਤਾਂ ਵਾਲੇ ਫੋਟੋ ਤੇ ਲਿਖਤਾਂ।
ਖੁਸ਼ਵੰਤ ਸਿੰਘ ਉਦਾਸ ਗਾਈਡ ਵਾਂਗ ਸਾਨੂੰ ਸਭ ਕੁਝ ਦਿਖਾਉਂਦਾ ਜਾਂਦਾ ਹੈ ਕਿ ਕਵਲ ਨੇ ਕਿਹੜੀ ਪੇਂਟਿੰਗ ਕਿੱਥੋਂ, ਕਿਵੇਂ ਤੇ ਕਦੋਂ ਖਰੀਦੀ। ਇੱਕ ਕੰਧ ਉੱਤੇ ਗੁਰੂ ਨਾਨਕ ਦਾ ਚਿੱਤਰ ਵੀ ਹੈ ਜਿਹੜਾ ਇੰਡੀਆ ਦੇ ਚੀਫ਼ ਜਸਟਿਸ ਬੀ.ਐਨ. ਕਿਰਪਾਲ ਦੇ ਦਾਦਾ ਈਸ਼ਰ ਦਾਸ ਦਾ ਸੀ। ‘ਤੁਸੀਂ ਇਹ ਚਿੱਤਰ ਆਪਣੀ ਵਸੀਅਤ ਵਿੱਚ ਮੇਰੇ ਲਈ ਲਿਖ ਜਾਣਾ’, ਕਹਿਣ ਦੀ ਦੇਰ ਸੀ ਕਿ ਦਾਦਾ ਜੀ ਨੇ ਉਸੇ ਵੇਲੇ ਚਿੱਤਰ ਆਪਣੀ ਕੰਧ ਤੋਂ ਲਾਹ ਕੇ ਕਵਲ ਦੇ ਹਵਾਲੇ ਕਰ ਦਿੱਤਾ।’’
ਇਹ ਤੇ ਇਹੋ ਜਿਹੀਆਂ ਗੱਲਾਂ ਕਰਦਾ ਖੁਸ਼ਵੰਤ ਉਦਾਸ ਤਾਂ ਹੈ ਪਰ ਡਾਵਾਂਡੋਲ ਨਹੀਂ। ਕਵਲ ਦੀ ਜੈਪੁਰ ਤੋਂ ਲਿਆਂਦੀ ਵਾਲ ਹੈਂਗਿੰਗ ਦਿਖਾਉਂਦਾ ਉਹ ਸਾਨੂੰ ਉਹ ਕਮਰਾ ਵੀ ਦਿਖਾਉਂਦਾ ਹੈ ਜਿਸ ਵਿੱਚ ਭਾਈ ਵੀਰ ਸਿੰਘ ਦੀ ਫੋਟੋ ਪਈ ਹੈ ਤੇ ਜਿਸ ਵਿੱਚ ਆਪਣੀ ਆਖ਼ਰੀ ਉਮਰ ਦੇ ਸੱਤ-ਅੱਠ ਵਰ੍ਹੇ ਭਾਈ ਵੀਰ ਸਿੰਘ ਗਰਮੀਆਂ ਦੇ ਮਹੀਨੇ ਨਿਯਮ ਨਾਲ ਆ ਕੇ ਠਹਿਰਦਾ ਰਿਹਾ ਹੈ। ‘‘ਸਾਡਾ ਪਰਿਵਾਰ ਸਿੱਖੀ ਸਰੂਪ ਦਾ ਸ਼ੈਦਾਈ ਰਿਹਾ ਹੈ, ਪਰ ਰੱਬ ਦਾ ਨਹੀਂ,’’ ਖੁਸ਼ਵੰਤ ਬੋਲਿਆ। ‘‘ਕਵਲ ਵੀ ਰੱਬ ਨੂੰ ਨਹੀਂ ਸੀ ਮੰਨਦੀ। ਉਸ ਨੇ ਸਾਨੂੰ ਆਪਣੀ ਮੌਤ ਤੋਂ ਪਿੱਛੋਂ ਹਰ ਤਰ੍ਹਾਂ ਦੀਆਂ ਧਾਰਮਿਕ ਰਹੁ-ਰੀਤਾਂ ਤੋਂ ਮਨ੍ਹਾਂ ਕਰ ਰੱਖਿਆ ਸੀ। ਪਰ ਉਹ ਸਿੱਖੀ ਸਰੂਪ ਦੀ ਸ਼ੈਦਾਈ ਸੀ, ਜਿਹੜਾ ਉਸ ਨੂੰ ਜਨਮ ਤੋਂ ਮਿਲਿਆ ਸੀ ਤੇ ਜਿਹੜਾ ਉਸ ਨੂੰ ਆਪਣੇ ਮਾਪਿਆਂ ਤੇ ਭਾਈ ਵੀਰ ਸਿੰਘ ਵਿੱਚ ਦਿਖਾਈ ਦਿੰਦਾ ਸੀ।’’ ਖੁਸ਼ਵੰਤ ਨੂੰ ਆਪਣੀ ਵਿਛੜੀ ਸਾਥਣ ਦੀਆਂ ਗੱਲਾਂ ਕਰਨਾ ਚੰਗਾ ਲੱਗ ਰਿਹਾ ਸੀ।
ਮੇਰੇ ਕਹਿਣ ’ਤੇ ਖੁਸ਼ਵੰਤ ਸਿੰਘ ਨੇ ਕਵਲ ਦੀ ਜਵਾਨੀ ਵੇਲੇ ਦੀ ਫੋਟੋ ਵਿਖਾਈ। ਵਿਆਹ ਤੋਂ ਪਹਿਲਾਂ ਦੀ। ਸੱਚਮੁੱਚ ਹੀ ਸੁਹਣੀ ਤੇ ਖ਼ੁਸ਼ੀਆਂ ਵੰਡਦੀ ਮੁਟਿਆਰ ਦੋ ਕਜ਼ਨ ਭਰਾਵਾਂ ਵਿਚਕਾਰ। ਦੋਵੇਂ ਪਗੜੀ ਵਾਲੇ ਗੱਭਰੂ। ਕਵਲ ਦੀ ਇਹ ਤਸਵੀਰ ਉਸ ਦੀ ਆਖ਼ਰੀ ਉਮਰ ਦੀ ਫੱਬਤ ਨਾਲੋਂ ਕਿੰਨੀ ਭਿੰਨ ਸੀ ਤੇ ਕਿੰਨੀ ਇਕਸੁਰ। ਮੇਰਾ ਸੁਪਨਾ ਪੂਰਾ ਹੋ ਗਿਆ ਸੀ।
ਤੁਰਨ ਸਮੇਂ ਗੁਲਜ਼ਾਰ ਨੇ ਪੁੱਛਿਆ, ‘‘ਇਹ ਕੋਠੀ ਹੁਣ ਕਿਸ ਦੀ ਹੈ- ਤੁਹਾਡੀ, ਰਾਹੁਲ ਦੀ ਜਾਂ ਮਾਲਾ ਦੀ?’’
‘‘ਇਹ ਹੁਣ ਰਾਹੁਲ ਨੂੰ ਜਾਵੇਗੀ, ਉਸ ਦੀ ਮਾਂ ਦੀ ਵਸੀਅਤ ਅਨੁਸਾਰ। ਅਜਿਹਾ ਕਰਕੇ ਮਾਂ ਨੇ ਸ਼ਾਇਦ ਰਾਹੁਲ ਦੇ ਦਾਦਾ ਵਾਲੀ ਘਾਟ ਪੂਰੀ ਕੀਤੀ ਹੈ। ਰਾਹੁਲ ਨੂੰ ਇਸ ਕੋਠੀ ਨਾਲ ਮੋਹ ਵੀ ਹੈ।’’
ਅਸੀਂ ਘਰ ਦੀ ਸਥਿਤੀ ਤੇ ਕਸੌਲੀ ਦੇ ਮੌਸਮ ਦੀ ਗੱਲ ਕੀਤੀ ਤਾਂ ਖੁਸ਼ਵੰਤ ਆਪਮੁਹਾਰੇ ਕਹਿਣ ਲੱਗਾ, ‘‘ਤੇਰੇ ਲਈ ਤਾਂ ਇਹ ਘਰ ਹਾਲੀ ਵੀ ਖੁੱਲ੍ਹਾ ਏ, ਗੁਲਜ਼ਾਰ। ਬੱਸ ਇੱਕੋ ਸ਼ਰਤ ਏ ਕਿ ਕੋਈ ਪੁਸਤਕ ਨਾ ਖਿਸਕੇ।’’ ਇਸ ਦੇ ਨਾਲ ਹੀ ਖੁਸ਼ਵੰਤ ਨੇ ਉਸ ਦੋਸਤ ਦੀ ਗੱਲ ਵੀ ਦੱਸੀ ਜਿਹੜਾ ਇੱਥੋਂ ਚੁੱਕੀ ਕਿਤਾਬ ਵਾਪਸ ਕਰਨ ਆਇਆ ਸੀ। ਉਹ ਆਪਣੀ ਇਮਾਨਦਾਰੀ ਦਾ ਸਬੂਤ ਦੇਣ ਆਇਆ ਸੀ, ਪਰ ਕਵਲ ਉਸ ਦੇ ਖਹਿੜੇ ਹੀ ਪੈ ਗਈ, ‘‘ਤੂੰ ਬਿਨਾਂ ਪੁੱਛੇ ਚੁੱਕੀ ਹੀ ਕਿਉਂ? ਪਤਾ ਨਹੀਂ ਖੁਸ਼ਵੰਤ ਨੂੰ ਕਿਸੇ ਵੀ ਪੁਸਤਕ ਦੀ ਲੋੜ ਕਦੀ ਵੀ ਪੈ ਸਕਦੀ ਹੈ।’’
ਸਾਡੇ ਤੁਰਨ ਦਾ ਸਮਾਂ ਹੋ ਗਿਆ ਸੀ। ਬਲਰਾਜ ਚੀਮਾ ਨੇ ‘‘ਮੇਰਾ ਤਾਂ ਹੱਜ ਹੋ ਗਿਆ’’ ਕਹਿ ਕੇ ਖੁਸ਼ਵੰਤ ਸਿੰਘ ਦੇ ਪੈਰੀਂ ਹੱਥ ਲਾਇਆ। ਖੁਸ਼ਵੰਤ ਨੇ ਗੁਲਜ਼ਾਰ ਨਾਲ ਹੱਥ ਮਿਲਾਇਆ ਤੇ ਮੈਨੂੰ ਜੱਫੀ ਵਿੱਚ ਲੈ ਕੇ ਪਿਆਰ ਦਿੱਤਾ। ਅਸੀਂ ਵੇਖਿਆ ਕਿ ਉਹ ਉਦਾਸ ਤਾਂ ਸੀ ਪਰ ਇਸ ਉਦਾਸੀ ਵਿੱਚ ਇੱਕ ਭਰੇ-ਭਕੁੰਨੇ ਜੀਵਨ ਦੀ ਭਾਹ ਸੀ।
ਜਦੋਂ ਸਾਡੀ ਕਾਰ ਕਸੌਲੀ ਦੀਆਂ ਉੱਚੀਆਂ ਚੜ੍ਹਾਈਆਂ ਤੋਂ ਥੱਲੇ ਵੱਲ ਨੂੰ ਰੁੜ੍ਹ ਰਹੀ ਸੀ ਤਾਂ ਮੇਰੇ ਚੇਤੇ ਵਿੱਚੋਂ ਕਵਲ ਤਾਂ ਭਾਵੇਂ ਨਹੀਂ ਸੀ ਵਿੱਸਰੀ ਪਰ ਮੈਨੂੰ ਖੁਸ਼ਵੰਤ ਦਾ ਉਸ ਦੀ ਸ੍ਵੈ-ਜੀਵਨੀ ਵਿੱਚ ਲਿਖਿਆ ਵਾਕ ਚੇਤੇ ਆ ਗਿਆ ਜਿਸ ਵਿੱਚ ਉਹ ਲਿਖਦਾ ਹੈ ਕਿ ਆਪਣੇ ਮਾਪਿਆਂ ਵਾਂਗ ਧਰਤੀ ਨੂੰ ਅਲਵਿਦਾ ਕਹਿਣ ਸਮੇਂ ਉਹ ਵੀ ਲੰਬੇ ਸਫ਼ਰ ਦੇ ਨਾਮ ਇੱਕ ਜਾਮ ਜ਼ਰੂਰ ਮੰਗੇਗਾ। ਸਾਡੇ ਵਿੱਚੋਂ ਕੇਵਲ ਮੈਂ ਹੀ ਸਾਂ ਜਿਸ ਨੇ ਖੁਸ਼ਵੰਤ ਸਿੰਘ ਦੀ ਸ੍ਵੈ-ਜੀਵਨੀ ਪੜ੍ਹੀ ਹੋਈ ਸੀ। ਰੁੜ੍ਹਦੀ ਕਾਰ ਵਿੱਚ ਜਾਂਦਿਆਂ ਮੈਂ ਖੁਸ਼ਵੰਤ ਦੀ ਇਸ ਇੱਛਾ ਦਾ ਜ਼ਿਕਰ ਕੀਤਾ। ‘‘ਕਾਸ਼! ਅਸੀਂ ਉਸ ਵੇਲੇ ਜਾਮ ਲੈ ਕੇ ਹਾਜ਼ਰ ਹੋਈਏ,’’ ਗੁਲਜ਼ਾਰ ਤੇ ਚੀਮਾ ਇਕੱਠੇ ਹੀ ਬੋਲੇ ਤੇ ਅਸੀਂ ਮੁੜ ਸ਼ਿਮਲਾ ਨੂੰ ਜਾਂਦੀਆਂ ਪਹਾੜੀਆਂ ਚੜ੍ਹਨ ਲੱਗ ਪਏ।
ਇਹ ਸੀ ਤੁਰ ਗਈ ਕਵਲ ਨਾਲ ਸ਼ਾਮ, ਉਸ ਦੀ ਕਸੌਲੀ ਦੇ ਨਾਮ।
ਸੰਪਰਕ: 98153-66538

Advertisement
Author Image

Advertisement