For the best experience, open
https://m.punjabitribuneonline.com
on your mobile browser.
Advertisement

ਨਾਇਬ ਸਿੰਘ ਸੈਣੀ ਸੂਬੇ ਦੇ ਨਵੇਂ ਮੁੱਖ ਮੰਤਰੀ ਬਣੇ

06:53 AM Mar 13, 2024 IST
ਨਾਇਬ ਸਿੰਘ ਸੈਣੀ ਸੂਬੇ ਦੇ ਨਵੇਂ ਮੁੱਖ ਮੰਤਰੀ ਬਣੇ
ਰਾਜਪਾਲ ਬੰਡਾਰੂ ਦੱਤਾਤ੍ਰੇਅ ਨਾਇਬ ਸਿੰਘ ਸੈਣੀ ਨੂੰ ਮੁੱਖ ਵਜੋਂ ਹਲਫ਼ ਦਿਵਾਉਂਦੇ ਹੋਏ। -ਫੋਟੋ: ਰਵੀ ਕੁਮਾਰ
Advertisement

* ਮੁੱਖ ਮੰਤਰੀ ਖੱਟਰ ਤੇ ਕੈਬਨਿਟ ਮੰਤਰੀਆਂ ਵੱਲੋਂ ਅਸਤੀਫ਼ਾ

Advertisement

* ਖੱਟਰ ਸਰਕਾਰ ਵਿੱਚ ਮੰਤਰੀ ਰਹੇ ਕੰਵਰਪਾਲ, ਮੂਲਚੰਦ ਸ਼ਰਮਾ, ਰਣਜੀਤ ਚੌਟਾਲਾ, ਜੈ ਪ੍ਰਕਾਸ਼ ਦਲਾਲ ਅਤੇ ਡਾ. ਬਨਵਾਰੀ ਲਾਲ ਨੇ ਮੁੜ ਸਹੁੰ ਚੁੱਕੀ

* ਸੈਣੀ ਅੱਜ ਸੱਦੇ ਵਿਸ਼ੇਸ਼ ਸੈਸ਼ਨ ’ਚ ਸਾਬਤ ਕਰਨਗੇ ਬਹੁਮਤ

* ਪ੍ਰਧਾਨ ਮੰਤਰੀ ਮੋਦੀ ਵੱਲੋਂ ਸੈਣੀ ਨੂੰ ਵਧਾਈ

ਆਤਿਸ਼ ਗੁਪਤਾ
ਚੰਡੀਗੜ੍ਹ, 12 ਮਾਰਚ
ਹਰਿਆਣਾ ਵਿੱਚ ਅਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਤੇ ਜਨਨਾਇਕ ਜਨਤਾ ਪਾਰਟੀ (ਜਜਪਾ) ਵਿਚਕਾਰ ਸੀਟਾਂ ਦੀ ਵੰਡ ਨੂੰ ਲੈ ਕੇ ਮੱਤਭੇਦ ਉੱਭਰ ਕੇ ਸਾਹਮਣੇ ਆਏ ਹਨ। ਇਸ ਦੌਰਾਨ ਭਾਜਪਾ ਤੇ ਜਜਪਾ ਦਰਮਿਆਨ ਗੱਲ ਸਿਰੇ ਨਾ ਲੱਗਣ ਕਾਰਨ ਦੋਵਾਂ ਪਾਰਟੀਆਂ ਦਾ ਗਠਜੋੜ ਟੁੱਟ ਗਿਆ। ਉਧਰ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਮੂਹ ਕੈਬਨਿਟ ਮੰਤਰੀਆਂ ਸਣੇ ਅਸਤੀਫ਼ਾ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੂੰ ਸੌਪ ਦਿੱਤਾ। ਇਸ ਦੇ ਨਾਲ ਹੀ ਭਾਜਪਾ ਨੇ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾ ਦਿੱਤਾ ਹੈ, ਜਿਨ੍ਹਾਂ ਨੇ ਅੱਜ ਦੇਰ ਸ਼ਾਮ ਹਰਿਆਣਾ ਰਾਜ ਭਵਨ ’ਚ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਮੁੱਖ ਮੰਤਰੀ ਦੇ ਨਾਲ ਕੰਵਰਪਾਲ, ਮੂਲਚੰਦ ਸ਼ਰਮਾ, ਰਣਜੀਤ ਸਿੰਘ ਚੌਟਾਲਾ, ਜੈ ਪ੍ਰਕਾਸ਼ ਦਲਾਲ ਤੇ ਡਾ. ਬਨਵਾਰੀ ਲਾਲ ਨੇ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ। ਹਾਲਾਂਕਿ ਇਨ੍ਹਾਂ ਪੰਜਾਂ ਮੰਤਰੀਆਂ ਨੂੰ ਵਿਭਾਗ ਜਾਰੀ ਨਹੀਂ ਕੀਤੇ ਗਏ ਹਨ। ਇਹ ਪੰਜੋ ਜਣੇ ਖੱਟਰ ਸਰਕਾਰ ’ਚ ਵੀ ਕੈਬਨਿਟ ਮੰਤਰੀ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦਾ ਨਵਾਂ ਮੁੱਖ ਮੰਤਰੀ ਬਣਨ ’ਤੇ ਵਧਾਈ ਿਦੱਤੀ।

ਸਹੁੰ-ਚੁੱਕ ਸਮਾਗਮ ਦੌਰਾਨ ਮੰਚ ’ਤੇ ਮੌਜੂਦ ਰਾਜਪਾਲ ਬੰਡਾਰੂ ਦੱਤਾਤ੍ਰੇਅ, ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਨਵ-ਨਿਯੁਕਤ ਮੰਤਰੀ। -ਫੋਟੋ: ਰਵੀ ਕੁਮਾਰ

ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਹੁੰ ਚੁੱਕਦੇ ਹੀ ਪਹਿਲੀ ਕੈਬਨਿਟ ਮੀਟਿੰਗ ਵੀ ਸੱਦ ਲਈ ਜਿਸ ਵਿੱਚ 13 ਮਾਰਚ ਨੂੰ ਹਰਿਆਣਾ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣ ਦੀ ਪ੍ਰਵਾਨਗੀ ਦਿੱਤੀ ਗਈ। ਜਾਣਕਾਰੀ ਅਨੁਸਾਰ ਹਰਿਆਣਾ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਦੌਰਾਨ ਬਹੁਮਤ ਸਾਬਤ ਕਰਨ ਲਈ ਮਤਾ ਲਿਆਂਦਾ ਜਾਵੇਗਾ ਅਤੇ ਭਾਜਪਾ ਸਰਕਾਰ ਬਹੁਮਤ ਸਾਬਤ ਕਰੇਗੀ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਭਾਜਪਾ ਦੇ 41 ਵਿਧਾਇਕਾਂ ਸਣੇ ਕੁੱਲ 48 ਵਿਧਾਇਕ ਹਨ। ਇਸ ਸਬੰਧੀ ਮੁੱਖ ਮੰਤਰੀ ਨੇ ਰਾਜਪਾਲ ਨੂੰ ਪੱਤਰ ਸੌਂਪ ਦਿੱਤਾ ਹੈ।
ਇਸ ਤੋਂ ਪਹਿਲਾਂ ਅੱਜ ਸਵੇਰੇ ਕਰੀਬ 12 ਵਜੇ ਮਨੋਹਰ ਲਾਲ ਖੱਟਰ ਨੇ ਆਪਣੇ ਸਮੁੱਚੇ ਕੈਬਨਿਟ ਮੰਤਰੀਆਂ ਨਾਲ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਕੋਲ ਪਹੁੰਚ ਕੇ ਅਸਤੀਫ਼ਾ ਦਿੱਤਾ। ਇਸ ਮਗਰੋਂ ਭਾਜਪਾ ਵੱਲੋਂ ਹਰਿਆਣਾ ਨਿਵਾਸ ਵਿੱਚ ਵਿਧਾਇਕ ਦਲ ਦੀ ਮੀਟਿੰਗ ਸੱਦੀ ਗਈ, ਜਿਸ ਵਿੱਚ ਮਨੋਹਰ ਲਾਲ ਖੱਟਰ ਨੇ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਾਇਬ ਸਿੰਘ ਸੈਣੀ ਦਾ ਨਾਮ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਤਾਂ ਸਾਰੇ ਵਿਧਾਇਕਾਂ ਨੇ ਸਹਿਮਤੀ ਦਿੱਤੀ। ਇਸ ਦੌਰਾਨ ਸਾਬਕਾ ਗ੍ਰਹਿ ਮੰਤਰੀ ਅਨਿਲ ਵਿੱਜ ਨੇ ਨਾਰਾਜ਼ਗੀ ਜਤਾਈ ਅਤੇ ਉਹ ਵਿਧਾਇਕ ਦਲ ਦੀ ਮੀਟਿੰਗ ’ਚੋਂ ਉੱਠ ਕੇ ਚਲੇ ਗਏ। ਉਧਰ ਨਾਇਬ ਸਿੰਘ ਸੈਣੀ ਨੇ ਰਾਜ ਭਵਨ ਪਹੁੰਚ ਕੇ ਰਾਜਪਾਲ ਕੋਲ ਸਰਕਾਰ ਬਨਾਉਣ ਦਾ ਦਾਅਵਾ ਪੇਸ਼ ਕੀਤਾ ਜਿਸ ਮਗਰੋਂ ਰਾਜਪਾਲ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਈ। ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਭਾਜਪਾ ਸੂਬੇ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ’ਤੇ ਜਿੱਤ ਹਾਸਲ ਕਰੇਗੀ। ਸੈਣੀ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਨ ਦੇ ਭਰੋਸੇ ’ਤੇ ਉਹ ਖਰਾ ਉਤਰਨਗੇ ਅਤੇ ਲੋਕ ਹਿੱਤ ਲਈ ਕੰਮ ਕਰਨਗੇ। ਹਰਿਆਣਾ ਵਿੱਚ ਭਾਜਪਾ ਤੇ ਜਜਪਾ ਵਿਚਕਾਰ ਲੋਕ ਸਭਾ ਚੋਣਾਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਮੱਤਭੇਦ ਉੱਭਰੇ ਸਨ। ਭਾਜਪਾ ਸੂਬੇ ’ਚ ਲੋਕ ਸਭਾ ਦੀਆਂ ਸਾਰੀਆਂ 10 ਸੀਟਾਂ ’ਤੇ ਇਕੱਲੇ ਚੋਣ ਲੜਨ ਦੀ ਤਿਆਰੀ ਕਰ ਰਹੀ ਸੀ ਜਦਕਿ ਜਜਪਾ ਵੱਲੋਂ ਭਾਜਪਾ ਨਾਲ ਗਠਜੋੜ ਹੋਣ ਕਰ ਕੇ ਹਰਿਆਣਾ ਵਿੱਚ 2 ਸੀਟਾਂ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਕਰ ਕੇ ਦੋਵਾਂ ਪਾਰਟੀਆਂ ਵਿੱਚ ਵਖਰੇਵੇਂ ਉੱਭਰ ਆਏ।

ਕਾਂਗਰਸ ਵੱਲੋਂ ਹਰਿਆਣਾ ’ਚ ਰਾਸ਼ਟਰਪਤੀ ਸ਼ਾਸਨ ਲਾਉਣ ਦੀ ਮੰਗ

ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਭਾਜਪਾ-ਜਜਪਾ ਨੇ ਗੱਠਜੋੜ ਤੋੜ ਕੇ ਅਤੇ ਮੁੱਖ ਮੰਤਰੀ ਬਦਲ ਕੇ ਚੋਣਾਂ ਤੋਂ ਪਹਿਲਾਂ ਹੀ ਹਾਰ ਮੰਨ ਲਈ ਹੈ। ਉਨ੍ਹਾਂ ਕਿਹਾ ਕਿ ਨੈਤਿਕ ਆਧਾਰ ’ਤੇ ਭਾਜਪਾ ਨੂੰ ਸੱਤਾ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ, ਜਿਸ ਕਰ ਕੇ ਹਰਿਆਣਾ ਵਿੱਚ ਰਾਸ਼ਟਰਪਤੀ ਸ਼ਾਸਨ ਲਾਇਆ ਜਾਣਾ ਚਾਹੀਦਾ ਹੈ ਅਤੇ ਜਲਦ ਹੀ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਦਾਅਵਾ ਕੀਤਾ, ‘‘ਭਾਜਪਾ ਨੇ ਸਾਢੇ 9 ਸਾਲਾਂ ਦੇ ਰਾਜ ਵਿੱਚ ਲੋਕ ਹਿੱਤ ਵਿੱਚ ਕੋਈ ਕੰਮ ਨਹੀਂ ਕੀਤਾ ਹੈ ਤੇ ਭਗਵਾ ਪਾਰਟੀ ਸਿਰਫ਼ ਲੋਕਾਂ ਦਾ ਧਿਆਨ ਭਟਕਾਉਣ ਵਿੱਚ ਲੱਗੀ ਰਹੀ। ਇਸੇ ਕਰ ਕੇ ਚੋਣਾਂ ਤੋਂ ਕੁਝ ਸਮੇਂ ਪਹਿਲਾਂ ਗੱਠਜੋੜ ਟੁੱਟ ਗਿਆ।’’

ਭਾਜਪਾ ਵੱਲੋਂ 48 ਵਿਧਾਇਕ ਹੋਣ ਦਾ ਦਾਅਵਾ

ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਭਾਜਪਾ ਕੋਲ 90 ਵਿੱਚੋਂ 48 ਵਿਧਾਇਕ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਵਿੱਚ ਭਾਜਪਾ ਦੇ 41 ਤੇ ਛੇ ਆਜ਼ਾਦ ਵਿਧਾਇਕ ਹਨ ਜਦਕਿ ਇੱਕ ਵਿਧਾਇਕ ਹਰਿਆਣਾ ਲੋਕ ਹਿੱਤ ਪਾਰਟੀ ਦਾ ਹੈ। ਸਾਲ 2019 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ 41 ਵਿਧਾਇਕ ਹੀ ਜਿੱਤ ਸਕੇ ਸਨ। ਉਦੋਂ ਸੂਬੇ ’ਚ ਕਾਂਗਰਸ ਦੇ 30, ਜਜਪਾ ਦੇ 10 ਤੇ 7 ਆਜ਼ਾਦ ਵਿਧਾਇਕਾਂ ਤੋਂ ਇਲਾਵਾ ਹਰਿਆਣਾ ਲੋਕਹਿੱਤ ਪਾਰਟੀ ਤੇ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦਾ ਇਕ-ਇਕ ਵਿਧਾਇਕ ਜਿੱਤਿਆ ਸੀ। ਭਾਜਪਾ ਨੇ ਬਹੁਮਤ ਨਾ ਹੋਣ ਕਰਕੇ ਜਜਪਾ ਨਾਲ ਗੱਠਜੋੜ ਕਰਕੇ ਸਰਕਾਰ ਬਣਾਈ ਸੀ।

ਸਹੁੰ ਚੁੱਕ ਸਮਾਗਮ ’ਚ ਨਾ ਪੁੱਜੇ ਅਨਿਲ ਵਿੱਜ

ਸਾਬਕਾ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿੱਜ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੋਂ ਨਾਰਾਜ਼ ਦਿਖਾਈ ਦੇ ਰਹੇ ਹਨ। ਵਿੱਜ ਅੱਜ ਪਹਿਲਾਂ ਵਿਧਾਇਕ ਦਲ ਦੀ ਮੀਟਿੰਗ ਵਿਚਾਲੇ ਹੀ ਛੱਡ ਕੇ ਆ ਗਏ ਤੇ ਫਿਰ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ’ਚ ਵੀ ਨਾ ਪਹੁੰਚੇ। ਸੂਤਰਾਂ ਮੁਤਾਬਕ ਮੀਟਿੰਗ ’ਚ ਅਨਿਲ ਵਿੱਜ ਨੂੰ ਨਵੀਂ ਕੈਬਨਿਟ ’ਚ ਗ੍ਰਹਿ ਮੰਤਰਾਲਾ ਨਾ ਦੇਣ ਦੀ ਗੱਲ ਚੱਲ ਰਹੀ ਸੀ, ਜਿਸ ਕਰ ਕੇ ਉਹ ਨਾਰਾਜ਼ ਹੋ ਗਏ। ਜਦੋਂ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਸਨ ਤਾਂ ਉਦੋਂ ਅਨਿਲ ਵਿੱਜ ਅੰਬਾਲਾ ਵਿੱਚ ਗੋਲ-ਗੱਪੇ ਖਾ ਰਹੇ ਸਨ।

ਦੁਸ਼ਿਅੰਤ ਚੌਟਾਲਾ ਨੇ ਲੋਕਾਂ ਦਾ ਧੰਨਵਾਦ ਕੀਤਾ

ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਜਜਪਾ ਦੇ ਸੀਨੀਅਰ ਆਗੂ ਦੁਸ਼ਿਅੰਤ ਚੌਟਾਲਾ ਨੇ ਹਰਿਆਣਾ ਦੇ ਲੋਕਾਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਦੇ ਅਹੁਦੇ ’ਤੇ ਰਹਿੰਦੇ ਹੋਏ ਲੋਕ ਹਿੱਤ ਵਿੱਚ ਵਧੇਰੇ ਕੰਮ ਕੀਤੇ ਹਨ। ਉਨ੍ਹਾਂ ਨੇ ਆਸ ਜਤਾਈ ਕਿ ਹਰਿਆਣਾ ਦੇ ਲੋਕਾਂ ਨੇ ਮੁਸ਼ਕਲ ਸਮੇਂ ਜਜਪਾ ’ਤੇ ਜਿਸ ਤਰ੍ਹਾਂ ਭਰੋਸਾ ਕੀਤਾ ਉਹ ਭਵਿੱਖ ਵਿੱਚ ਵੀ ਜਾਰੀ ਰਹੇਗਾ। ਚੌਟਾਲਾ ਨੇ ਕਿਹਾ ਕਿ ਉਹ ਚੌਧਰੀ ਦੇਵੀ ਲਾਲ ਦੇ ਕਦਮਾਂ ’ਤੇ ਚੱਲਦੇ ਰਹਿਣਗੇ ਅਤੇ ਹਰਿਆਣਾ ਤੇ ਹਰਿਆਣਾ ਦੇ ਲੋਕਾਂ ਦੇ ਹਿੱਤਾਂ ਲਈ ਰੱਖਿਆ ਲਈ ਲੜਦੇ ਰਹਿਣਗੇ।

Advertisement
Author Image

joginder kumar

View all posts

Advertisement
Advertisement
×