ਆਤਿਸ਼ ਗੁਪਤਾ
ਚੰਡੀਗੜ੍ਹ, 17 ਅਕਤੂਬਰ
1:25 ਵਜੇ: ਨਾਇਬ ਸਿੰਘ ਸੈਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ ਇਸ ਤਰ੍ਹਾਂ ਨਾਇਬ ਸਿੰਘ ਸੈਣੀ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣ ਗਏ ਹਨ।
ਇਸ ਉਪਰੰਤ ਅੰਬਾਲਾ ਕੈਂਟ ਤੋਂ ਵਿਧਾਇਕ ਅਨਿਲ ਵਿੱਜ, ਸਰਾਣਾ ਤੋਂ ਵਿਧਾਇਕ ਕ੍ਰਿਸ਼ਨ ਲਾਲ ਕੁਮਾਰ, ਬਾਦਸ਼ਾਹਪੁਰ ਤੋਂ ਵਿਧਾਇਕ ਰਾਓ ਨਰਵੀਰ, ਪਾਣੀਪਤ ਦਿਹਾਤੀ ਤੋਂ ਵਿਧਾਇਕ ਮਹੀਪਾਲ ਢਾਂਡਾ, ਫਰੀਦਾਬਾਦ ਤੋਂ ਵਿਧਾਇਕ ਵਿਪੁਲ ਗੋਇਲ, ਗੋਹਾਣਾ ਤੋਂ ਵਿਧਾਇਕ ਅਰਵਿੰਦ ਸ਼ਰਮਾ, ਰਾਦੌਰ ਤੋਂ ਵਿਧਾਇਕ ਸ਼ਾਮ ਸਿੰਘ ਰਾਣਾ, ਬਰਵਾਲਾ ਤੋਂ ਵਿਧਾਇਕ ਰਣਵੀਰ ਗੰਗਵਾ, ਨਰਵਾਨਾ ਤੋਂ ਵਿਧਾਇਕ ਕ੍ਰਿਸ਼ਨ ਕੁਮਾਰ ਬੇਦੀ, ਤੋਸ਼ਾਮ ਤੋਂ ਵਿਧਾਇਕ ਸ਼ਰੂਤੀ ਚੌਧਰੀ, ਅਟੇਲੀ ਤੋਂ ਵਿਧਾਇਕ ਆਰਤੀ ਸਿੰਘ ਰਾਓ, ਪਲਵਲ ਤੋਂ ਵਿਧਾਇਕ ਗੌਰਵ ਗੌਤਮ ਅਤੇ ਤਿਗਾਓਂ ਤੋਂ ਵਿਧਾਇਕ ਰਾਜੇਸ਼ ਨਾਗਰ ਨੇ ਸਹੁੰ ਚੁੱਕੀ।
ਦੇਖੋ ਵੀਡੀਓ:-
------------------------------------------------------------------------------
12:50 ਵਜੇ: ਹਰਿਆਣਾ ਦੇ ਨਵੇਂ ਮੁੱਖ ਮੰਤਰੀ ਵਜੋਂ ਕੁਝ ਹੀ ਦੇਰ ਵਿੱਚ ਨਾਇਬ ਸਿੰਘ ਸੈਣੀ ਪੰਚਕੂਲਾ ਵਿਖੇ ਹਲਫ਼ ਲੈਣਗੇ। ਇਸ ਦੋਰਾਨ ਸ੍ਰੀ ਸੈਣੀ ਦੇ ਨਾਲ 13 ਮੰਤਰੀ ਵੀ ਸਹੁੰ ਚੁੱਕਣਗੇ। ਇਸ ਸਮਾਗਮ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇਪੀ ਨੱਢਾ, ਕੇਂਦਰੀ ਮੰਤਰੀ ਰਾਜਨਾਥ ਸਿੰਘ, ਨਿਤਿਨ ਗੜਕਰੀ, ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰ ਬਾਬੂ ਨਾਇਡੂ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਸਣੇ ਦੇਸ਼ ਦੇ ਇਕ ਦਰਜਨ ਤੋਂ ਵੱਧ ਸੂਬਿਆਂ ਦੇ ਮੁੱਖ ਮੰਤਰੀ ਪਹੁੰਚ ਚੁੱਕੇ ਹਨ।
-----------------------------------------------------------------------------
12:10 ਵਜੇ: ਭਾਰਤੀ ਜਨਤਾ ਪਾਰਟੀ ਸ਼ਾਸਿਤ ਰਾਜਾਂ ਦੇ ਕਈ ਮੁੱਖ ਮੰਤਰੀ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਪੁੱਜ ਰਹੇ ਹਨ। ਇਸ ਮੌਕੇ ਉਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਚੰਡੀਗੜ੍ਹ ਹਵਾਈ ਅੱਡੇ ’ਤੇ ਪਹੁੰਚਣ ਮੌਕੇ ਕਿਹਾ ਕਿ ਨਾਇਬ ਸਿੰਘ ਸੈਣੀ ਅਗਲੇ ਪੰਜ ਸਾਲਾਂ ਤੱਕ ਸੂਬੇ ਦੇ ਵਿਕਾਸ ’ਤੇ ਧਿਆਨ ਦਿੰਦੇ ਰਹਿਣਗੇ। ਮੈਂ ਨਵੀਂ ਸਰਕਾਰ ਅਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਇਤਿਹਾਸਕ ਫਤਵਾ ਦੇਣ ਲਈ ਵਧਾਈ ਦੇਣਾ ਚਾਹੁੰਦਾ ਹਾਂ। ਇਸ ਦੌਰਾਨ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਵੀ ਹਵਾਈ ਅੱਡੇ ’ਤੇ ਦੇਖਿਆ ਗਿਆ। ਯੂਪੀ ਦੇ ਡਿਪਟੀ ਸੀਐਮ ਕੇਸ਼ਵ ਪ੍ਰਸਾਦ ਮੌਰਿਆ ਨੇ ਕਿਹਾ ਕਿ ਇਹ ਹਰਿਆਣਾ, ਭਾਜਪਾ ਅਤੇ ਪੂਰੇ ਦੇਸ਼ ਲਈ ਬਹੁਤ ਵੱਡਾ ਦਿਨ ਹੈ। ਉੱਤਰ ਪ੍ਰਦੇਸ਼ ਦੇ 25 ਕਰੋੜ ਲੋਕਾਂ ਦੀ ਤਰਫੋਂ ਹਰਿਆਣਾ ਦੇ ਲੋਕਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ। ਉਪ ਮੁੱਖ ਮੰਤਰੀ ਬ੍ਰਜੇਸ਼ ਪਾਠਕ ਨੇ ਕਿਹਾ ਕਿ ਭਾਜਪਾ ਨੂੰ ਪੀਐਮ ਮੋਦੀ ਦੀ ਅਗਵਾਈ ਵਿੱਚ ਹਰਿਆਣਾ ਦੇ 36 ਭਾਈਚਾਰਿਆਂ ਦਾ ਆਸ਼ੀਰਵਾਦ ਮਿਲਿਆ ਹੈ।
ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ, ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਸੰਗਮਾ, ਗੁਜਰਾਤ ਦੇ ਰਾਜਪਾਲ ਆਚਾਰੀਆ ਦੇਵਵਰਤ ਵੀ ਸਮਾਰੋਹ ਵਿੱਚ ਹਿੱਸਾ ਲੈਣਗੇ। ਏਐੱਨਆਈ
------------------------------------------------------------------------
10:30 ਵਜੇ: ਪੰਚਕੂਲਾ ਵਿੱਚ ਰੱਖੇ ਸਹੁੰ ਚੁੱਕ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਦੇ ਵੱਡੇ ਆਗੂਆਂ ਦੀ ਹਾਜ਼ਰੀ ਵਿਚ ਅੱਜ ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣਗੇ। ਇਸ ਦੌਰਾਨ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਦੂਜੀ ਵਾਰ ਮੁੱਖ ਮੰਤਰੀ ਬਣਨ ਵਾਲੇ ਸੈਣੀ ਨੂੰ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਉਣਗੇ। ਸਮਾਗਮ ਵਿੱਚ ਸੈਣੀ ਦੀ ਕੈਬਨਿਟ ਦੇ ਮੰਤਰੀਆਂ ਨੂੰ ਵੀ ਸਹੁੰ ਚੁਕਾਏ ਜਾਣ ਦੀ ਸੰਭਾਵਨਾ ਹੈ।
ਹਰਿਆਣਾ ਵਿੱਚ ਮੁੱਖ ਮੰਤਰੀ ਸਮੇਤ ਵੱਧ ਤੋਂ ਵੱਧ 14 ਮੰਤਰੀ ਹੋ ਸਕਦੇ ਹਨ। ਸਮਾਗਮ ਲਈ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਹਨ। ਪੀਟੀਆਈ
ਨਾਯਬ ਸੈਣੀ ਨੇ ਵਾਲਮੀਕਿ ਮੰਦਰ ’ਚ ਕੀਤੀ ਪੂਜਾ
ਹਰਿਆਣਾ ਦੇ ਮਨੋਨੀਤ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਵਲਾਮੀਕਿ ਜਯੰਤੀ ਮੌਕੇ ਪੰਚਕੂਲਾ ਦੇ ਵਾਲਮੀਕਿ ਮੰਦਰ ਵਿਚ ਪੂਜਾ ਕੀਤੀ। ਇਸ ਮੌਕੇ ਬੋਲਦਿਆਂ ਨਾਇਬ ਸੈਣੀ ਨੇ ਕਿਹਾ ਕਿ ਇਹ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ ਕਿ ਅੱਜ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਹੈ। ਉਨ੍ਹਾਂ ਨੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਨੂੰ ਖਤਮ ਕਰਨ ਲਈ ਕੰਮ ਕੀਤਾ ਅਤੇ ਸਮਾਜ ਨੂੰ ਸੁਨੇਹਾ ਦਿੱਤਾ। ਮੇਰੀ ਚੰਗੀ ਕਿਸਮਤ ਹੈ ਕਿ ਮੈਨੂੰ ਭਗਵਾਨ ਵਾਲਮੀਕਿ ਦੇ ਚਰਨਾਂ ਵਿੱਚ ਪੂਜਾ ਕਰਨ ਦਾ ਮੌਕਾ ਮਿਲਿਆ ਹੈ, ਮੈਂ ਉਨ੍ਹਾਂ ਦੇ ਜਨਮ ਦਿਨ ’ਤੇ ਸੂਬੇ ਦੇ ਲੋਕਾਂ ਨੂੰ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੰਦਾ ਹਾਂ।
ਇਸ ਤੋਂ ਇਲਾਵਾ ਸਰਕਾਰ ਦੇ ਗਠਨ ’ਤੇ ਬੋਲਦਿਆਂ ਨਾਇਬ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਇਹ ਡਬਲ ਇੰਜਣ ਵਾਲੀ ਸਰਕਾਰ ਹਰਿਆਣਾ ਨੂੰ ਤੇਜ਼ ਰਫ਼ਤਾਰ ਨਾਲ ਅੱਗੇ ਲੈਜਾਣ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਅੱਜ ਹਰਿਆਣਾ ਸਰਕਾਰ ਵਿਚ ਬਿਨਾਂ ਕਿਸੇ 'ਖਰਚੇ ਜਾਂ ਪਰਚੇ' ਦੇ ਲੋਕਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਇਸ ਨਾਲ ਨੌਜਵਾਨਾਂ ਵਿੱਚ ਵਿਸ਼ਵਾਸ ਪੈਦਾ ਹੋਇਆ ਹੈ। ਪੀਟੀਆਈ/ਏਐੱਨਆਈ
Nayab Singh Saini Oath Taking Ceremony