For the best experience, open
https://m.punjabitribuneonline.com
on your mobile browser.
Advertisement

ਨਾਇਬ ਸੈਣੀ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ

06:53 AM Oct 18, 2024 IST
ਨਾਇਬ ਸੈਣੀ ਦੂਜੀ ਵਾਰ ਹਰਿਆਣਾ ਦੇ ਮੁੱਖ ਮੰਤਰੀ ਬਣੇ
ਨਾਇਬ ਸਿੰਘ ਸੈਣੀ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੱਥ ਫੜ੍ਹ ਕੇ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ। -ਫੋਟੋ: ਪ੍ਰਦੀਪ ਤਿਵਾੜੀ
Advertisement

* ਸ਼ਰੁਤੀ ਚੌਧਰੀ ਨੇ ਅੰਗਰੇਜ਼ੀ ਤੇ ਬਾਕੀਆਂ ਨੇ ਹਿੰਦੀ ਵਿਚ ਸਹੁੰ ਚੁੱਕੀ

Advertisement

ਆਤਿਸ਼ ਗੁਪਤਾ/ਪੀਪੀ ਵਰਮਾ
ਚੰਡੀਗੜ੍ਹ/ਪੰਚਕੂਲਾ, 17 ਅਕਤੂਬਰ
ਓਬੀਸੀ ਆਗੂ ਨਾਇਬ ਸਿੰਘ ਸੈਣੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਐੈੱਨਡੀਏ ਆਗੂਆਂ ਦੀ ਹਾਜ਼ਰੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਹਲਫ਼ ਲਿਆ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਇਥੇ ਦਸਹਿਰਾ ਗਰਾਊਂਡ ਵਿਚ ਸੈਣੀ ਨੂੰ ਅਹੁਦੇ ਦਾ ਹਲਫ਼ ਦਿਵਾਇਆ। ਦੂਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣੇ ਸੈਣੀ ਨੇ ਹਿੰਦੀ ਵਿਚ ਹਲਫ਼ ਲਿਆ। ਸੈਣੀ ਦੇ ਨਾਲ 13 ਵਿਧਾਇਕਾਂ ਨੇ ਹਲਫ਼ ਲਿਆ, ਜਿਨ੍ਹਾਂ ਵਿਚ ਦੋ ਮਹਿਲਾ ਵਿਧਾਇਕ ਵੀ ਸ਼ਾਮਲ ਹਨ। ਸੈਣੀ ਕੈਬਨਿਟ ਵਿਚ ਮੁੱਖ ਮੰਤਰੀ ਸਣੇ 14 ਮੰਤਰੀ ਸ਼ਾਮਲ ਹਨ।
ਅੰਬਾਲਾ ਛਾਉਣੀ ਤੋਂ ਵਿਧਾਇਕ ਤੇ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਅਨਿਲ ਵਿਜ, ਇਸਰਾਨਾ ਤੋਂ ਵਿਧਾਇਕ ਕ੍ਰਿਸ਼ਨ ਲਾਲ ਪੰਵਾਰ, ਬਾਦਸ਼ਾਹਪੁਰ ਤੋਂ ਵਿਧਾਇਕ ਤੇ ਅਹੀਰ ਆਗੂ ਰਾਓ ਨਰਬੀਰ ਸਿੰਘ, ਪਾਣੀਪਤ ਗ੍ਰਾਮੀਣ ਤੋਂ ਵਿਧਾਇਕ ਤੇ ਜਾਟ ਆਗੂ ਮਹੀਪਾਲ ਢਾਂਡਾ, ਫਰੀਦਾਬਾਦ ਤੋਂ ਵਿਧਾਇਕ ਵਿਪੁਲ ਗੋਇਲ, ਗੋਹਾਨਾ ਤੋਂ ਵਿਧਾਇਕ ਅਰਵਿੰਦ ਸ਼ਰਮਾ, ਰਾਦੌਰ ਤੋਂ ਵਿਧਾਇਕ ਸ਼ਿਆਮ ਸਿੰਘ ਰਾਣਾ, ਬਰਵਾਲਾ ਤੋਂ ਵਿਧਾਇਕ ਰਣਬੀਰ ਗੰਗਵਾ ਤੇ ਨਰਵਾਣਾ ਤੋਂ ਵਿਧਾਇਕ ਕੁਮਾਰ ਬੇਦੀ ਨੇ ਮੰਤਰੀਆਂ ਵਜੋਂ ਹਲਫ਼ ਲਿਆ। ਦੋ ਮਹਿਲਾ ਵਿਧਾਇਕਾਂ ਸ਼ਰੁਤੀ ਚੌਧਰੀ (ਤੋੋਸ਼ਾਮ) ਤੇ ਆਰਤੀ ਸਿੰਘ ਰਾਓ (ਅਟੇਲੀ) ਨੇ ਵੀ ਮੰਤਰੀਆਂ ਵਜੋਂ ਸਹੁੰ ਚੁੱਕੀ। ਸ਼ਰੂਤੀ ਰਾਜ ਸਭਾ ਮੈਂਬਰ ਕਿਰਨ ਰਾਓ ਚੌਧਰੀ ਜਦੋਂਕਿ ਪਹਿਲੀ ਵਾਰ ਵਿਧਾਇਕ ਬਣੀ ਰਾਓ ਕੇਂਦਰੀ ਮੰਤਰੀ ਰਾਓ ਇੰਦਰਜੀਤ ਸਿੰਘ ਦੀ ਧੀ ਹੈ। ਤਿਗਾਓਂ ਤੋਂ ਵਿਧਾਇਕ ਰਾਜੇਸ਼ ਨਾਗਰ ਤੇ ਪਲਵਲ ਤੋਂ ਵਿਧਾਇਕ ਗੌਰਵ ਗੌਤਮ ਨੇ ਰਾਜ ਮੰਤਰੀਆਂ (ਆਜ਼ਾਦਾਨਾ ਚਾਰਜ) ਵਜੋਂ ਹਲਫ਼ ਲਿਆ।
ਸ਼ਰੁਤੀ ਚੌਧਰੀ ਨੂੰ ਛੱਡ ਕੇ ਨਵੇਂ ਬਣੇ ਮੰਤਰੀਆਂ ਨੇ ਹਿੰਦੀ ਵਿਚ ਸਹੁੰ ਚੁੱਕੀ। ਚੌਧਰੀ ਨੇ ਅੰਗਰੇਜ਼ੀ ਵਿਚ ਹਲਫ਼ ਲਿਆ। ਸਹੁੰ ਚੁੱਕਣ ਮਗਰੋਂ ਹਰੇਕ ਵਿਧਾਇਕ ਨੇ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਹਰਿਆਣਾ ਕੈਬਨਿਟ ਵਿਚ ਮੁੱਖ ਮੰਤਰੀ ਸਣੇ ਵੱਧ ਤੋਂ ਵੱਧ 14 ਮੰਤਰੀ ਹੋ ਸਕਦੇ ਹਨ। ਹਲਫ਼ਦਾਰੀ ਸਮਾਗਮ ਵਿਚ ਕੇਂਦਰੀ ਮੰਤਰੀ ਅਮਿਤ ਸ਼ਾਹ, ਰਾਜਨਾਥ ਸਿੰਘ, ਨਿਤਿਨ ਗਡਕਰੀ, ਮਨੋਹਰ ਲਾਲ ਖੱਟਰ, ਚਿਰਾਗ ਪਾਸਵਾਨ ਤੇ ਭਾਜਪਾ ਪ੍ਰਧਾਨ ਤੋਂ ਇਲਾਵਾ ਕਈ ਆਗੂ ਮੌਜੂਦ ਸਨ। ਕੇਂਦਰੀ ਮੰਤਰੀਆਂ ਸਮਾਗਮ ਦੌਰਾਨ ਮੰਚ ’ਤੇ ਬੈਠੇ। ਇਸ ਮੌਕੇ ਭਾਜਪਾ ਸ਼ਾਸਿਤ ਰਾਜਾਂ ਤੇ ਐੱਨਡੀਏ ਦੀਆਂ ਭਾਈਵਾਲ ਪਾਰਟੀਆਂ ਦੇ ਮੁੱਖ ਮੰਤਰੀ ਵੀ ਹਾਜ਼ਰ ਸਨ। ਇਨ੍ਹਾਂ ਵਿਚ ਯੋਗੀ ਆਦਿੱਤਿਆਨਾਥ (ਯੂਪੀ), ਚੰਦਰ ਬਾਬੂ ਨਾਇਡੂ (ਆਂਧਰਾ ਪ੍ਰਦੇਸ਼), ਭੁਪੇਂਦਰ ਪਟੇਲ(ਗੁਜਰਾਤ), ਪ੍ਰਮੋਦ ਸਾਵੰਤ (ਗੋਆ), ਹਿਮੰਤਾ ਬਿਸਵਾ ਸਰਮਾ (ਅਸਾਮ), ਨੇਫਿਊ ਰੀਓ (ਨਾਗਾਲੈਂਡ), ਏਕਨਾਥ ਸ਼ਿੰਦੇ (ਮਹਾਰਾਸ਼ਟਰ), ਡਾ. ਮੋਹਨ ਯਾਦਵ(ਮੱਧ ਪ੍ਰਦੇਸ਼), ਮੋਹਨ ਚਰਨ ਮਾਝੀ(ਉੜੀਸਾ), ਪ੍ਰੇਮ ਸਿੰਘ ਤਮਾਂਗ(ਸਿੱਕਮ), ਡਾ. ਮਾਣਿਕ ਸਾਹਾ (ਤ੍ਰਿਪੁਰਾ), ਵਿਸ਼ਨੂ ਦਿਓ ਸਾਈ (ਛੱਤੀਸਗੜ੍ਹ), ਕੋਨਰਾਡ ਸੰਗਮਾ (ਮੇਘਾਲਿਆ) ਤੇ ਪੁਸ਼ਕਰ ਸਿੰਘ ਧਾਮੀ (ਉੱਤਰਾਖੰਡ) ਸ਼ਾਮਲ ਹਨ। ਪੰਜਾਬ ਤੋਂ ਸਾਬਕਾ ਐੱਮਪੀ ਪ੍ਰਨੀਤ ਕੌਰ ਆਪਣੀ ਧੀ ਜੈ ਇੰਦਰ ਕੌਰ ਨਾਲ ਸਮਾਗਮ ਵਿੱਚ ਪਹੁੰਚੇ। ਇਸ ਤੋਂ ਇਲਾਵਾ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਗੁਜਰਾਤ ਦੇ ਰਾਜਪਾਲ ਅਚਾਰੀਆ ਦੇਵਵ੍ਰਤ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਸ਼ਿਵ ਪ੍ਰਤਾਪ ਸ਼ੁਕਲਾ, ਪੱਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ, ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਵੀ ਮੌਜੂਦ ਸਨ। ਹਲਫ਼ਦਾਰੀ ਸਮਾਗਮ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਉਂਝ ਦਸਹਿਰਾ ਗਰਾਊਂਡ ਵਿਚ ਰੱਖੇ ਸਮਾਗਮ ਤੋਂ ਪਹਿਲਾਂ ਸੈਣੀ ਵਾਲਮੀਕਿ ਭਵਨ ਤੇ ਪੰਚਕੂਲਾ ਵਿਚ ਮਾਤਾ ਮਨਸਾ ਦੇਵੀ ਮੰਦਰ ਵੀ ਗਏ। ਸਹੁੰ ਚੁੱਕਣ ਮਗਰੋਂ ਸੈਣੀ ਨੇ ਗੁਰਦੁਆਰਾ ਨਾਢਾ ਸਾਹਿਬ ਵਿਖੇ ਮੱਥਾ ਟੇਕਿਆ। ਸੈਣੀ ਨੇ ਕਿਹਾ ਕਿ ਨਵੀਂ ਭਾਜਪਾ ਸਰਕਾਰ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਹਰਿਆਣਾ ਨੂੰ ਤੇਜ਼ ਰਫ਼ਤਾਰ ਨਾਲ ਅੱਗੇ ਲੈ ਕੇ ਜਾਵੇਗੀ। ਇਕ ਸਵਾਲ ਦੇ ਜਵਾਬ ਵਿਚ ਸੈਣੀ ਨੇ ਕਿਹਾ ਕਿ ਭਾਜਪਾ ਦੇ ‘ਸੰਕਲਪ ਪੱਤਰ’ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਸੈਣੀ ਨੇ ਕੁਰੂਕਸ਼ੇਤਰ ਹਲਕੇ ਦੀ ਲਾਡਵਾ ਸੀਟ 16054 ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ।
ਹਲਫ਼ਦਾਰੀ ਸਮਾਗਮ ਦੌਰਾਨ ਕਈ ਥਾਵਾਂ ਉੱਤੇ ਪ੍ਰਬੰਧਾਂ ਦੀ ਵੱਡੀ ਘਾਟ ਰਹੀ। ਪੁਲੀਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਵੇਂ ਵਿਆਪਕ ਪ੍ਰਬੰਧ ਕੀਤੇ ਹੋਏ ਸਨ ਪਰ ਲੋਕਾਂ ਨੂੰ ਸਮਾਰੋਹ ਵਾਲੀ ਥਾਂ ਉੱਤੇ ਪਹੁੰਚਣ ਲਈ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜ਼ਿਲ੍ਹਾ ਪੁਲੀਸ ਨੇ ਟਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੋਈ ਸੀ, ਪਰ ਬਾਹਰੀ ਸੜਕਾਂ ਉੱਤੇ ਵੀ ਅੱਧਾ ਤੋਂ ਪੌਣਾ ਘੰਟਾ ਟਰੈਫਿਕ ਜਾਮ ਰਿਹਾ।

Advertisement

ਸੁਪਰੀਮ ਕੋਰਟ ਵੱਲੋਂ ਸੈਣੀ ਦੇ ਹਲਫ਼ਦਾਰੀ ਸਮਾਗਮ ’ਤੇ ਰੋਕ ਤੋਂ ਨਾਂਹ

ਨਵੀਂ ਦਿੱਲੀ:

ਸੁਪਰੀਮ ਕੋਰਟ ਨੇ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ਤੋਂ ਰੋਕਣ ਦੀ ਮੰਗ ਕਰਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ। ਚੀਫ ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਉੱਤੇ ਅਧਾਰਿਤ ਬੈਂਚ ਨੇ ਕਿਹਾ, ‘‘ਇਹ ਕਿਸ ਤਰ੍ਹਾਂ ਦੀ ਪਟੀਸ਼ਨ ਹੈ? ਪਟੀਸ਼ਨ ਰੱਦ ਕੀਤੀ ਜਾਂਦੀ ਹੈ।’’ ਪਟੀਸ਼ਨਰ ਨੇ ਹਰਿਆਣਾ ਅਸੈਂਬਲੀ ਚੋਣਾਂ ਵਿਚ ਵੋਟਾਂ ਦੀ ਗਿਣਤੀ ਦੌਰਾਨ ਕੁਝ ਈਵੀਐੱਮਜ਼ ਵਿਚ ਕਥਿਤ ਉਕਾਈਆਂ ਨਾਲ ਸਬੰਧਤ 20 ਸ਼ਿਕਾਇਤਾਂ ਦੇ ਹਵਾਲੇ ਨਾਲ ਸੈਣੀ ਦੇ ਹਲਫ਼ਦਾਰੀ ਸਮਾਗਮ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ। ਬੈਂਚ ਨੇ ਪਟੀਸ਼ਨ ’ਤੇ ਸਖ਼ਤ ਇਤਰਾਜ਼ ਜਤਾਉਂਦਿਆਂ ਪਟੀਸ਼ਨਰ ਨੂੰ ਜੁਰਮਾਨਾ ਲਾਉਣ ਦੀ ਚੇਤਾਵਨੀ ਵੀ ਦਿੱਤੀ। -ਪੀਟੀਆਈ

ਨਵੀਂ ਕੈਬਨਿਟ ਵਿੱਚ ਹਰੇਕ ਵਰਗ ਨੂੰ ਖੁਸ਼ ਕਰਨ ਦੀ ਕਵਾਇਦ

ਭਾਜਪਾ ਨੇ ਹਰਿਆਣਾ ਕੈਬਨਿਟ ਵਿੱਚ ਹਰੇਕ ਵਰਗ ਨੂੰ ਬਣਦੀ ਥਾਂ ਦੇ ਕੇ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਕੈਬਨਿਟ ਵਿੱਚ ਓਬੀਸੀ ਵਰਗ ਨਾਲ ਸਬੰਧਤ 5 ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜਾਟ, ਬ੍ਰਾਹਮਣ ਤੇ ਐੱਸਸੀ ਵਰਗ ਦੇ 2-2 ਮੰਤਰੀ, ਪੰਜਾਬੀ, ਰਾਜਪੁਰ ਤੇ ਵੈਸ਼ਿਆ ਵਰਗ ਦੇ ਇਕ-ਇਕ ਵਿਧਾਇਕ ਨੂੰ ਮੰਤਰੀ ਬਣਾਇਆ ਗਿਆ ਹੈ।

ਭਾਜਪਾ ਵੱਲੋਂ ਹਲਫ਼ਦਾਰੀ ਸਮਾਗਮ ਰਾਹੀਂ ਸ਼ਕਤੀ ਪ੍ਰਦਰਸ਼ਨ

ਭਾਜਪਾ ਨੇ ਹਲਫ਼ਦਾਰੀ ਸਮਾਗਮ ਲਈ 6 ਸੂਬਿਆਂ ਦੇ ਰਾਜਪਾਲ ਅਤੇ 16 ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਸੱਦਿਆ ਸੀ। ਇਸ ਤੋਂ ਇਲਾਵਾ ਸੂਬੇ ਭਰ ਤੋਂ ਹਜ਼ਾਰਾਂ ਪਾਰਟੀ ਵਰਕਰਾਂ ਨੂੰ ਵੀ ਸੱਦਿਆ ਗਿਆ। ਭਾਜਪਾ ਨੇ ਹਲਫ਼ਦਾਰੀ ਸਮਾਗਮ ਵਿੱਚ ਸ਼ਕਤੀ ਪ੍ਰਦਰਸ਼ਨ ਕਰਕੇ ਐੱਨਡੀਏ ਵਿੱਚ ਸ਼ਾਮਲ ਹੋਰਨਾਂ ਸਿਆਸੀ ਪਾਰਟੀਆਂ ਦੇ ਮੁੱਖ ਮੰਤਰੀਆਂ ਨੂੰ ਵੀ ਆਪਣੀ ਮਜ਼ਬੂਤੀ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ।

ਨਵੀਂ ਟੀਮ ਚੰਗੇ ਸ਼ਾਸਨ ਤੇ ਤਜਰਬੇ ਦਾ ਸ਼ਾਨਦਾਰ ਮਿਸ਼ਰਣ: ਮੋਦੀ

ਨਵੀਂ ਦਿੱਲੀ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਉਨ੍ਹਾਂ ਦੇ ਸਾਥੀ ਮੰਤਰੀਆਂ ਨੂੰ ਸਹੁੰ ਚੁੱਕਣ ਮਗਰੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਟੀਮ ਚੰਗੇ ਸ਼ਾਸਨ ਤੇ ਤਜਰਬੇ ਦਾ ਸ਼ਾਨਦਾਰ ਮਿਸ਼ਰਣ ਹੈ। ਉਨ੍ਹਾਂ ਐਕਸ ’ਤੇ ਇਕ ਪੋਸਟ ਵਿਚ ਕਿਹਾ ਕਿ ਇਹ ਸਰਕਾਰ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰੇਗੀ ਤੇ ਰਾਜ ਦੇ ਵਿਕਾਸ ਨੂੰ ਨਵੀਆਂ ਬੁਲੰਦੀਆਂ ’ਤੇ ਲਿਜਾਏਗੀ। ਉਨ੍ਹਾਂ ਕਿਹਾ, ‘‘ਮੈਨੂੰ ਪੂਰਾ ਯਕੀਨ ਹੈ ਕਿ ਡਬਲ ਇੰਜਣ ਸਰਕਾਰ ਗਰੀਬਾਂ, ਕਿਸਾਨਾਂ, ਨੌਜਵਾਨਾਂ ਤੇ ਮਹਿਲਾਵਾਂ ਸਣੇ ਸਮਾਜ ਦੇ ਹੋਰਨਾਂ ਵਰਗਾਂ ਦੀ ਸੇਵਾ ਲਈ ਕੋਈ ਕਸਰ ਨਹੀਂ ਛੱਡੇਗੀ।’’ -ਪੀਟੀਆਈ

ਸੈਣੀ ਨੇ ਪਹਿਲੀ ਕੈਬਨਿਟ ਮੀਟਿੰਗ ਸੱਦੀ

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਹਲਫ਼ ਲੈਣ ਮਗਰੋਂ ਨਵੀਂ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ 18 ਅਕਤੂਬਰ ਨੂੰ ਸੱਦ ਲਈ ਹੈ। ਇਹ ਮੀਟਿੰਗ ਸਵੇਰੇ 11 ਵਜੇ ਹਰਿਆਣਾ ਸਿਵਲ ਸਕੱਤਰੇਤ ਵਿੱਚ ਹੋਵੇਗੀ।

Advertisement
Author Image

joginder kumar

View all posts

Advertisement