For the best experience, open
https://m.punjabitribuneonline.com
on your mobile browser.
Advertisement

ਜਗਰਾਉਂ ਦੀ ਮਾੜੀ ਹਾਲਤ ਵੱਲ ਧਿਆਨ ਦਿਵਾਉਣ ਲਈ ਨਗਰ ਸੁਧਾਰ ਸਭਾ ਸਰਗਰਮ

10:29 AM Jul 18, 2024 IST
ਜਗਰਾਉਂ ਦੀ ਮਾੜੀ ਹਾਲਤ ਵੱਲ ਧਿਆਨ ਦਿਵਾਉਣ ਲਈ ਨਗਰ ਸੁਧਾਰ ਸਭਾ ਸਰਗਰਮ
ਕੱਚਾ ਮਲਕ ਰੋਡ ਦੀ ਮਾੜੀ ਹਾਲਤ ਬਿਆਨਦੀ ਤਸਵੀਰ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 17 ਜੁਲਾਈ
ਸ਼ਹਿਰ ਦੀ ਲਾਵਾਰਸਾਂ ਵਰਗੀ ਹਾਲਤ ਦਾ ਮੁੱਦਾ ਭਖਣਾ ਸ਼ੁਰੂ ਹੋ ਗਿਆ ਹੈ ਅਤੇ ਧੜੇਬੰਦੀ ਕਾਰਨ ਸ਼ਹਿਰ ਦੇ ਬਦਤਰ ਹਾਲਤ ਵੱਲ ਧਿਆਨ ਦਿਵਾਉਣ ਲਈ ਨਗਰ ਸੁਧਾਰ ਸਭਾ ਸਰਗਰਮ ਹੋ ਗਈ ਹੈ। ਸਭਾ ਦਾ ਇਕ ਵਫ਼ਦ ਕੰਵਲਜੀਤ ਖੰਨਾ ਦੀ ਅਗਵਾਈ ਹੇਠ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਸੁਖਦੇਵ ਸਿੰਘ ਰੰਧਾਵਾ ਨੂੰ ਮਿਲਿਆ। ਵਫ਼ਦ ਵਿੱਚ ਸ਼ਾਮਲ ਆਗੂਆਂ ਨੇ ਸ਼ਹਿਰ ਅੰਦਰ ਥਾਂ-ਥਾਂ ਬਣਾਏ ਕੂੜਾ ਡੰਪਾਂ, ਕਈ ਦਿਨਾਂ ਤੱਕ ਇੱਥੋਂ ਕੂੜਾ ਨਾ ਚੁੱਕਣ, ਸਫ਼ਾਈ ਦੀ ਬਦਤਰ ਹਾਲਤ, ਕੱਚਾ ਮਲਕ ਰੋਡ ਦੀ ਨਵੀਂ ਬਣੀ ਸਰਕਾਰ ਬਹੁਤ ਜਲਦ ਟੁੱਟ ਕੇ ਮੁੜ ਕੱਚਾ ਮਾਰਗ ਬਣਨ ਸਮੇਤ ਹੋਰਨਾਂ ਟੁੱਟੀਆਂ ਸੜਕਾਂ ਵੱਲ ਈਓ ਦਾ ਧਿਆਨ ਦਿਵਾਇਆ। ਆਗੂਆਂ ਨੇ ਕਿਹਾ ਕਿ ਕੌਂਸਲਰਾਂ ਦੀ ਧੜੇਬੰਦੀ ਦਾ ਖਮਿਆਜ਼ਾ ਸ਼ਹਿਰ ਵਾਸੀ ਭੁਗਤ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਅਧਿਕਾਰੀਆਂ ਤੇ ਕੌਂਸਲਰਾਂ ਦਾ ਨਾ ਤਾਂ ਸਮੱਸਿਆਵਾਂ ਦੇ ਹੱਲ ਵੱਲ ਧਿਆਨ ਹੈ ਅਤੇ ਨਾ ਹੀ ਦੁਕਾਨਾਂ ਅੱਗੇ ਕਈ-ਕਈ ਫੁੱਟ ਕੀਤੇ ਹੋਏ ਨਾਜਾਇਜ਼ ਕਬਜ਼ੇ ਹਟਾਉਣ ਵੱਲ। ਉਨ੍ਹਾਂ ਕਿਹਾ ਕਿ ਕੱਲ੍ਹ ਹਾਹਾਕਾਰ ਮਚਣ ਤੋਂ ਬਾਅਦ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਦਿਖਾਵਾ ਮਾਤਰ ਮੀਟਿੰਗ ਕੀਤੀ। ਇਸ ’ਚ ਵਿਧਾਇਕਾ ਨੇ ਸਫ਼ਾਈ ਕਾਮਿਆਂ ਨੂੰ ਹਦਾਇਤਾਂ ਕੀਤੀਆਂ ਪਰ ਇਸ ’ਤੇ ਅਮਲ ਹੁੰਦਾ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਅਫ਼ਸੋਸ ਜ਼ਾਹਿਰ ਕਰਦਿਆਂ ਕਿਹਾ ਕਿ ਲੋਕਾਂ ’ਚ ਇਹ ਗੱਲ ਦੰਦ ਕਥਾ ਬਣ ਚੁੱਕੀ ਹੈ ਕਿ ਸ਼ਹਿਰ ਨੂੰ ਹੁਣ ਤੱਕ ਕੋਈ ਚੱਜ ਦਾ ਲੀਡਰ ਨਸੀਬ ਨਹੀਂ ਹੋਇਆ। ਕੁੱਲ 23 ਕੌਂਸਲਰਾਂ ’ਚੋਂ ਅੱਧੇ ਹਾਕਮ ਧਿਰ ਤੇ ਵਿਧਾਇਕਾ ਨਾਲ ਹਨ ਜਦਕਿ ਅੱਧੇ ਦੂਜੇ ਪਾਸੇ ਹਨ। ਜਤਿੰਦਰਪਾਲ ਰਾਣਾ ਨੂੰ ਪ੍ਰਧਾਨ ਦੇ ਅਹੁਦੇ ਤੋਂ ਫਾਰਗ ਕਰਨ ਤੋਂ ਬਾਅਦ ਉਹ ਮਾਮਲਾ ਹਾਈ ਕੋਰਟ ’ਚ ਲੈ ਗਏ ਹਨ। ਇਸ ਕਰਕੇ ਪ੍ਰਧਾਨ ਤਾਂ ਚੁਣਿਆ ਨਹੀਂ ਜਾ ਸਕਦਾ. ਪਰ ਮੀਤ ਪ੍ਰਧਾਨ ਦੇ ਅਹੁਦੇ ਦੀ ਮਿਆਦ ਵੀ ਪੁੱਗ ਚੁੱਕੀ ਹੈ। ਅਜਿਹੀ ਸਥਿਤੀ ’ਚ ਉਪ ਮੰਡਲ ਮੈਜਿਸਟਰੇਟ ਕੋਲ ਨਗਰ ਕੌਂਸਲ ਦੇ ਅਧਿਕਾਰ ਹਨ, ਜਿਸ ਕਰਕੇ ਉਨ੍ਹਾਂ ਨੂੰ ਸ਼ਹਿਰ ਦੀਆਂ ਗੰਭੀਰ ਸਮੱਸਿਆਵਾਂ ਦੇ ਹੱਲ ਵੱਲ ਧਿਆਨ ਦੇਣਾ ਚਾਹੀਦਾ ਹੈ। ਵਫ਼ਦ ਨੇ ਈਸਟ ਮੋਤੀ ਬਾਗ ਦੀਆਂ ਸੜਕਾਂ ਦੀ ਮੁੜ ਉਸਾਰੀ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸਾਰੀਆਂ ਕਲੋਨੀਆਂ ਦਾ ਸੀਵਰੇਜ ਸਿਸਟਮ ਸੁਧਾਰਿਆ ਜਾਵੇ ਅਤੇ ਮੁੱਖ ਸੜਕ ਦੀ ਸੀਵਰੇਜ ਲਾਈਨ ਦੀ ਸਫ਼ਾਈ ਕਰਵਾਈ ਜਾਵੇ ਤੇ ਕਮਲ ਚੌਕ ਤੇ ਪੁਰਾਣੀ ਦਾਣਾ ਮੰਡੀ ’ਚ ਭਰਦੇ ਪਾਣੀ ਦੀ ਨਿਕਾਸੀ ਦਾ ਪੱਕਾ ਹੱਲ ਕੀਤਾ ਜਾਵੇ। ਵਫ਼ਦ ‘ਚ ਗੁਲਸ਼ਨ ਕਾਲੜਾ, ਜੇਪੀ ਸਿੰਘ, ਰਕੇਸ਼ ਗਰਗ, ਸਾਹਿਲ ਗੁਪਤਾ ਵੀ ਸ਼ਾਮਲ ਸਨ।

Advertisement

Advertisement
Advertisement
Author Image

joginder kumar

View all posts

Advertisement