ਨਗਰ ਪੰਚਾਇਤ ਨੇ ਕਬਾੜ ’ਚ ਸੁੱਟੇ ਮੁੱਖ ਮੰਤਰੀ ਦੀ ਤਸਵੀਰ ਵਾਲੇ ਬੋਰਡ
ਭਗਵਾਨ ਦਾਸ ਗਰਗ
ਨਥਾਣਾ, 24 ਸਤੰਬਰ
ਸੂਬਾ ਸਰਕਾਰ ਆਪਣੇ ਕੀਤੇ ਕੰਮਾਂ ਦਾ ਵੇਰਵਾ ਅਤੇ ਨੀਤੀਆਂ ਹੇਠਲੇ ਪੱਧਰ ਤੱਕ ਪਹੁੰਚਾਉਣ ਲਈ ਵੱਖ-ਵੱਖ ਪ੍ਰਚਾਰ ਮਾਧਿਅਮਾਂ ਰਾਹੀਂ ਜਾਣਕਾਰੀ ਦਿੰਦੀ ਹੈ। ਇਸ ਲੜੀ ਤਹਿਤ ਮੌਜੂਦਾ ਸਮੇਂ ਵੱਡੇ-ਵੱਡੇ ਫਲੈਕਸ ਬੋਰਡ ਲਾਉਣ ਦਾ ਰਿਵਾਜ ਹੈ। ਇਨ੍ਹਾਂ ਫਲੈਕਸ ਬੋਰਡਾਂ ਉੱਪਰ ਮੁੱਖ ਮੰਤਰੀ ਦੀ ਤਸਵੀਰ ਸਮੇਤ ਕੀਤੇ ਕੰਮਾਂ ਦਾ ਜ਼ਿਕਰ ਹੁੰਦਾ ਹੈ। ਸੂਬੇ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਅਜਿਹੇ ਫਲੈਕਸ ਬੋਰਡ ਤਿਆਰ ਕਰਵਾ ਕੇ ਪਿੰਡਾਂ ਵਿੱਚ ਸਾਂਝੀਆਂ ਅਤੇ ਅਹਿਮ ਥਾਵਾਂ ’ਤੇ ਲਾਏ ਜਾਂਦੇ ਹਨ ਪਰ ਨਗਰ ਪੰਚਾਇਤ ਨਥਾਣਾ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪੁੱਜਦਾ ਕਰਨ ਲਈ ਸੁਹਿਰਦ ਨਹੀਂ ਜਾਪਦੀ। ਇਸ ਦੀ ਮਿਸਾਲ ਇਸ ਗੱਲ ਤੋਂ ਮਿਲਦੀ ਹੈ ਇਥੇ ਮੁੱਖ ਮੰਤਰੀ ਦੀ ਤਸਵੀਰ ਵਾਲੇ ਕਈ ਫਲੈਕਸ ਤੇ ਬੋਰਡ ਸਥਾਨਕ ਨਗਰ ਪੰਚਾਇਤ ਦੇ ਦਫ਼ਤਰ ਦੇ ਕਬਾੜ ਵਾਲੇ ਹਿੱਸੇ ਵਿੱਚ ਸੁੱਟੇ ਪਏ ਹਨ। ਲੋਕਾਂ ਦਾ ਪੈਸਾ ਇਨ੍ਹਾਂ ਫਲੈਕਸ ਬੋਰਡਾਂ ਉੱਪਰ ਖਰਚ ਕੀਤਾ ਜਾਂਦਾ ਹੈ ਪਰ ਨਗਰ ਪੰਚਾਇਤ ਅਧਕਾਿਰੀਆਂ ਵੱਲੋਂ ਇਨ੍ਹਾਂ ਬੋਰਡਾਂ ਨੂੰ ਕਿਸੇ ਯੋਗ ਥਾਂ ਲਾਉਣ ਦੀ ਬਜਾਏ ਕਬਾੜ ਵਿਚ ਸੁੱਟਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਨਗਰ ਪੰਚਾਇਤ ਨਥਾਣਾ ਦੇ ਪ੍ਰਧਾਨ ਸੁਖਮੰਦਰ ਸਿੰਘ ਬਿੰਦਰੀ ਦੀ ਪਿਛਲੇ ਸਾਲ ਹੋਈ ਅਚਾਨਕ ਮੌਤ ਮਗਰੋਂ ਇਹ ਅਹੁਦਾ ਹਾਲੇ ਤੱਕ ਖਾਲੀ ਪਿਆ ਹੈ। ਇਸੇ ਕਾਰਨ ਨਗਰ ਪੰਚਾਇਤ ਦੇ ਬਹੁਤ ਸਾਰੇ ਕੰਮ ਪ੍ਰਭਾਵਿਤ ਹੋ ਰਹੇ ਹਨ। ਕਾਰਜਸਾਧਕ ਅਫ਼ਸਰ ਤਰੁਣ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਕਈ ਕਮੇਟੀਆਂ ਦਾ ਚਾਰਜ ਹੋਣ ਕਰਕੇ ਨਥਾਣਾ ਦਫ਼ਤਰ ਦੇ ਕਬਾੜਖਾਨੇ ’ਚ ਸੁੱਟੇ ਬੋਰਡਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਇਸ ਬਾਰੇ ਪੜਤਾਲ ਉਪਰੰਤ ਹੀ ਉਹ ਕੁਝ ਦੱਸ ਸਕਦੇ ਹਨ।