ਨਗਰ ਪੰਚਾਇਤ ਨੇ ਦੁਕਾਨਾਂ ਅਤੇ ਸੜਕਾਂ ਕੰਢਿਓਂ ਨਾਜਾਇਜ਼ ਕਬਜ਼ੇ ਹਟਾਏ
ਪੱਤਰ ਪ੍ਰੇਰਕ
ਫ਼ਤਹਿਗੜ੍ਹ ਪੰਜਤੂਰ, 19 ਸਤੰਬਰ
ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਪੁਲੀਸ ਦੇ ਸਹਿਯੋਗ ਨਾਲ ਅੱਜ ਬਾਅਦ ਦੁਪਹਿਰ ਦੁਕਾਨਾਂ ਅਤੇ ਸੜਕ ਦੇ ਕਿਨਾਰੇ ਰੇਹੜੀ ਫੜ੍ਹੀ ਵਾਲਿਆਂ ਵੱਲੋਂ ਕੀਤੇ ਨਾਜਾਇਜ਼ ਕਬਜ਼ੇ ਹਟਾਏ। ਧਰਮਕੋਟ ਚੌਕ ਨਜ਼ਦੀਕ ਨਗਰ ਪੰਚਾਇਤ ਦੇ ਦਫਤਰ ਪਾਸ ਸੜਕ ਦੇ ਦੋਨਾਂ ਪਾਸਿਆਂ ਉੱਤੇ ਰੇਹੜੀ ਫੜ੍ਹੀ ਵਾਲਿਆਂ ਵੱਲੋਂ ਲੰਬੇ ਸਮੇਂ ਤੋਂ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ ਜਿਸ ਕਾਰਨ ਸੜਕ ’ਤੇ ਅਕਸਰ ਹੀ ਜਾਮ ਲੱਗਦਾ ਸੀ। ਲੋਕਾਂ ਨੂੰ ਟ੍ਰੈਫਿਕ ਸਮੱਸਿਆਂ ਕਾਰਨ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸੇ ਤਰ੍ਹਾਂ ਹੀ ਮੇਨ ਬਾਜ਼ਾਰ ਦੇ ਦੁਕਾਨਦਾਰਾਂ ਵਲੋਂ ਦੁਕਾਨਾਂ ਮੂਹਰੇ ਰੱਖੇ ਸਾਮਾਨ ਨਾਲ ਹਮੇਸ਼ਾ ਬਾਜ਼ਾਰ ਵਿੱਚ ਭੀੜ-ਭੜੱਕਾ ਬਣਿਆ ਰਹਿੰਦਾ ਹੈ। ਨਗਰ ਪੰਚਾਇਤ ਦੇ ਕਾਰਜ ਸਾਧਕ ਅਫ਼ਸਰ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੈਨੇਟਰੀ ਇੰਸਪੈਕਟਰ ਅਨਿਲ ਕੁਮਾਰ ਦੀ ਅਗਵਾਈ ਹੇਠਲੀ ਟੀਮ ਅਤੇ ਥਾਣਾ ਮੁਖੀ ਸੁਨੀਤਾ ਰਾਣੀ ਦੀ ਅਗਵਾਈ ਹੇਠ ਪੁਲੀਸ ਦੀ ਟੀਮ ਨੇ ਅੱਜ ਅਚਾਨਕ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਹਟਵਾ ਦਿੱਤਾ। ਨਗਰ ਪੰਚਾਇਤ ਨੇ ਰੇਹੜੀ ਫੜ੍ਹੀ ਵਾਲਿਆਂ ਦਾ ਕੁਝ ਸਾਮਾਨ ਵੀ ਕਬਜ਼ੇ ਹੇਠ ਲੈਣ ਦੀ ਸੂਚਨਾ ਹੈ। ਨਗਰ ਪੰਚਾਇਤ ਦੇ ਅਧਿਕਾਰੀਆਂ ਨੇ ਦੁਕਾਨਦਾਰਾਂ ਨੂੰ ਭਵਿੱਖ ਵਿੱਚ ਦੁਕਾਨਾਂ ਅੱਗੇ ਨਜਾਇਜ਼ ਕਬਜ਼ੇ ਨਾਂ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ। ਕਾਰਜ ਸਾਧਕ ਅਫ਼ਸਰ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਨਜਾਇਜ਼ ਕਬਜ਼ਿਆਂ ਸਦਕਾ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਉਠਾਉਣੀ ਪੈ ਰਹੀ ਸੀ। ਉਨ੍ਹਾਂ ਕਿਹਾ ਕਿ ਅੱਗੋਂ ਵੀ ਇਸ ਮੁਹਿੰਮ ਨੂੰ ਜਾਰੀ ਰੱਖਿਆ ਜਾਵੇਗਾ।