For the best experience, open
https://m.punjabitribuneonline.com
on your mobile browser.
Advertisement

ਗੁਰਦੁਆਰਾ ਸ੍ਰੀ ਰੱਥ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤੱਕ ਨਗਰ ਕੀਰਤਨ ਸਜਾਇਆ

08:05 AM Dec 26, 2023 IST
ਗੁਰਦੁਆਰਾ ਸ੍ਰੀ ਰੱਥ ਸਾਹਿਬ ਤੋਂ ਫਤਿਹਗੜ੍ਹ ਸਾਹਿਬ ਤੱਕ ਨਗਰ ਕੀਰਤਨ ਸਜਾਇਆ
ਪਿੰਡ ਸਹੇੜੀ ਦੇ ਗੁਰਦੁਆਰਾ ਸ੍ਰੀ ਰੱਥ ਸਾਹਿਬ ਤੋਂ ਸਜਾਏ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤ।
Advertisement

ਪੱਤਰ ਪ੍ਰੇਰਕ
ਮੋਰਿੰਡਾ, 25 ਦਸੰਬਰ
ਗੁਰਦੁਆਰਾ ਸ੍ਰੀ ਰੱਥ ਸਾਹਿਬ ਪਿੰਡ ਸਹੇੜੀ ਤੋਂ ਸ੍ਰੀ ਫਤਿਹਗੜ੍ਹ ਸਾਹਿਬ ਤੱਕ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਦੀ ਪਵਿੱਤਰ ਯਾਦ ਵਿੱਚ ਅਤੇ ਉਨ੍ਹਾਂ ਦੀ ਮਹਾਨ ਤੇ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।
ਨਗਰ ਕੀਰਤਨ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਖਾਲਸਾਈ ਬਾਣੇ ਵਿੱਚ ਸਜੇ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨਚੀ ਸਿੰਘਾਂ ਵੱਲੋਂ ਕੀਤੀ ਗਈ, ਜਦਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੌਰ ਸਾਹਿਬ ਦੀ ਸੇਵਾ ਗੁਰਦੁਆਰਾ ਸ੍ਰੀ ਰਥ ਸਾਹਿਬ ਦੀ ਮੁੱਖ ਸੇਵਾਦਾਰ ਬੀਬੀ ਹਰਭਜਨ ਕੌਰ ਨਿਭਾ ਰਹੇ ਸਨ।
ਉਨ੍ਹਾਂ ਪਿੱਛੇ ਖੁੱਲ੍ਹੇ ਟਰਾਲੇ ਵਿੱਚ ਬਾਬਾ ਅਵਤਾਰ ਸਿੰਘ ਧੂਲਕੋਟ ਵਾਲਿਆਂ ਨੇ ਮੁਗਲ ਫੌਜ ਵੱਲੋਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਪਿੰਡ ਸਹੇੜੀ ਤੋਂ ਗ੍ਰਿਫਤਾਰ ਕਰਨ ਉਪਰੰਤ ਮੋਰਿੰਡਾ ਦੀ ਕੋਤਵਾਲੀ ਵਿੱਚ ਕੈਦ ਕਰਨ ਤੋਂ ਲੈ ਕੇ ਠੰਡੇ ਬੁਰਜ ਅਤੇ ਸ਼ਹਾਦਤ ਦਾ ਪ੍ਰਸੰਗ ਵੈਰਾਗਮਈ ਕੀਰਤਨ ਰਾਹੀਂ ਸਰਵਣ ਕਰਵਾ ਕੇ ਸੰਗਤ ਨੂੰ ਭਾਵੁਕ ਕਰ ਦਿੱਤਾ। ਲਗਭਗ ਤਿੰਨ ਕਿਲੋਮੀਟਰ ਲੰਮੇ ਇਸ ਨਗਰ ਕੀਰਤਨ ਦੌਰਾਨ ਇੱਕ ਛੋਟਾ ਰੱਥ ਸੰਗਤ ਲਈ ਖਿੱਚ ਦਾ ਕਾਰਨ ਬਣਿਆ ਰਿਹਾ, ਜਿਸ ਬਾਰੇ ਪ੍ਰਬੰਧਕਾਂ ਨੇ ਦੱਸਿਆ ਕਿ ਮਹਾਨ ਸ਼ਹੀਦਾਂ ਨੂੰ ਗੰਗੂ ਬ੍ਰਾਹਮਣ ਦੇ ਘਰ ਤੋਂ ਗ੍ਰਿਫ਼ਤਾਰ ਕਰਨ ਉਪਰੰਤ ਪਿੰਡ ਸਹੇੜੀ ਤੋਂ ਅਜਿਹੇ ਹੀ ਰੱਥ ਰਾਹੀਂ ਮੋਰਿੰਡਾ ਦੀ ਕੋਤਵਾਲੀ ਵਿੱਚ ਲਿਆਂਦਾ ਗਿਆ ਸੀ। ਇਸ ਮੌਕੇ ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ ਵੱਲੋਂ ਪੰਜ ਪਿਆਰਿਆਂ ਨੂੰ ਸਿਰਪਾਓ ਭੇਂਟ ਕੀਤੇ ਗਏ, ਜਦਕਿ ਵਰਡ ਸਿੱਖ ਮਿਸ਼ਨ ਦੇ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਹਰਨੌਲੀ ਅਤੇ ਜਨਰਲ ਸਕੱਤਰ ਤੀਰਥ ਸਿੰਘ ਭਟੋਆ ਵੱਲੋਂ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਸਾਹਿਬ ਭੇਟ ਕੀਤੇ ਗਏ।

Advertisement

ਦਰਜਨਾਂ ਪਿੰਡਾਂ ਵੱਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਲੰਗਰ ਸ਼ੁਰੂ

ਪਿੰਡ ਸਨੇਟਾ ਦੇ ਰੇਲਵੇ ਪੁਲ ਨੇੜੇ ਲੰਗਰ ਵਰਤਾਉਂਦੀ ਹੋਈ ਸੁਖਗੜ੍ਹ ਦੀ ਸੰਗਤ। -ਫੋਟੋ: ਚਿੱਲਾ

ਬਨੂੜ (ਪੱਤਰ ਪ੍ਰੇਰਕ): ਇਸ ਖੇਤਰ ਵਿੱਚ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲੰਗਰ ਆਰੰਭ ਹੋ ਗਏ ਹਨ, ਜੋ 28 ਦਸੰਬਰ ਤੱਕ ਜਾਰੀ ਰਹਿਣਗੇ। ਬਨੂੜ ਤੋਂ ਲਾਂਡਰਾਂ ਨੂੰ ਜਾਂਦੇ ਮਾਰਗ ਉੱਤੇ ਫੌਜੀ ਕਲੋਨੀ, ਤੰਗੌਰੀ, ਮਾਣਕਪੁਰ ਕੱਲਰ, ਦੈੜੀ, ਸਨੇਟਾ, ਗੋਬਿੰਦਗੜ੍ਹ, ਗੁਡਾਣਾ, ਰਾਏਪੁਰ ਕਲਾਂ, ਬੈਰੋਂਪੁਰ-ਭਾਗੋਮਾਜਰਾ ਵਿਖੇ ਮੰਗਲਵਾਰ ਨੂੰ ਤਿੰਨ ਦਿਨਾਂ ਲਈ ਲੰਗਰ ਆਰੰਭ ਹੋਣਗੇ। ਅੱਜ ਪਿੰਡ ਦੁਰਾਲੀ ਦੀ ਸੰਗਤ ਵੱਲੋਂ ਲੰਗਰ ਲਗਾਇਆ ਗਿਆ। ਪਿੰਡ ਸੁਖਗੜ੍ਹ ਦੀ ਸੰਗਤ ਨੇ ਅੱਜ ਮੱਕੀ ਦੀ ਰੋਟੀ, ਸਾਗ ਅਤੇ ਲੱਸੀ ਦਾ ਲੰਗਰ ਸਾਰਾ ਦਿਨ ਚਲਾਇਆ। ਲੰਗਰਾਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਅਤੇ ਪਿੰਡਾਂ ਦੇ ਵਸਨੀਕ ਸੇਵਾ ਕਰ ਰਹੇ ਹਨ। ਇਸੇ ਤਰਾਂ ਪਿੰਡ ਛੜਬੜ੍ਹ, ਖਲੌਰ, ਜੰਗਪੁਰਾ, ਬੂਟਾ ਸਿੰਘ ਵਾਲਾ, ਦੇਵੀਨਗਰ(ਅਬਰਾਵਾਂ), ਤਸੌਲੀ, ਮੋਹੀ, ਥੂਹਾ ਸਮੇਤ ਅਨੇਕਾਂ ਪਿੰਡਾਂ ਦੇ ਵਸਨੀਕ ਫ਼ਤਹਿਗੜ੍ਹ ਸਾਹਿਬ ਵਿਖੇ ਲੰਗਰ ਲਾਉਣ ਲਈ ਰਵਾਨਾ ਹੋਏ। ਸ਼ਹੀਦੀ ਸਭਾ ਸਬੰਧੀ ਇਨ੍ਹਾਂ ਪਿੰਡਾਂ ਦੇ ਵਸਨੀਕ ਤਿੰਨੋਂ ਦਿਨ ਉੱਥੇ ਹੀ ਲੰਗਰ ਲਗਾਉਣਗੇ।

Advertisement

ਸਫ਼ਰ-ਏ-ਪੈਦਲ ਕਾਫ਼ਲਾ ਸ੍ਰੀ ਫਤਿਹਗੜ੍ਹ ਸਾਹਿਬ ਲਈ ਰਵਾਨਾ

ਸਫ਼ਰ-ਏ-ਪੈਦਲ ਕਾਫ਼ਲੇ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ।

ਮੋਰਿੰਡਾ (ਪੱਤਰ ਪ੍ਰੇਰਕ): ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਤੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਫਰ-ਏ-ਪੈਦਲ ਕਾਫਲਾ ਸ੍ਰੀ ਫਤਿਹਗੜ੍ਹ ਸਾਹਿਬ ਲਈ ਰਵਾਨਾ ਹੋਇਆ। ਬਾਬਾ ਸੁਰਿੰਦਰ ਸਿੰਘ ਕਾਰ ਸੇਵਾ ਦਿੱਲੀ ਵਾਲਿਆਂ ਦੀ ਦੇਖ-ਰੇਖ ਹੇਠ ਇਸ ਕਾਫਲੇ ਵਿੱਚ ਵੱਡੀ ਗਿਣਤੀ ’ਚ ਸੰਗਤ ਨੇ ਸ਼ਮੂਲੀਅਤ ਕੀਤੀ। ਪਾਲਕੀ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੁਸ਼ੋਭਿਤ ਸਨ, ਜਿਸ ਅੱਗੇ ਸੇਵਾਦਾਰ ਸਫਾਈ ਕਰਦੇ ਹੋਏ ਜਾ ਰਹੇ ਸਨ। ਇਸ ਮੌਕੇ ਕਾਫਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਹਲਕਾ ਵਿਧਾਇਕ ਡਾ. ਚਰਨਜੀਤ ਸਿੰਘ, ਐਡਵੋਕੇਟ ਹਰਦੀਪ ਸਿੰਘ, ਮਨਦੀਪ ਸਿੰਘ ਰੌਣੀ, ਰਾਜਵਿੰਦਰ ਸਿੰਘ ਸਿੱਧੂ ਅਤੇ ਹੋਰ ਹਾਜ਼ਰ ਹਨ।

ਲੰਗਰ ਲਈ ਰਸਦ ਦੇ ਟਰੱਕ ਰਵਾਨਾ

ਕੁਰਾਲੀ: ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲੰਗਰ ਲਗਾਉਣ ਲਈ ਇੱਥੋਂ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਤੋਂ ਰਸਦ ਦੇ ਟਰੱਕਾਂ ਨੂੰ ਰਵਾਨਾ ਕੀਤਾ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ ਦੀ ਅਗਵਾਈ ਹੇਠ ਟਰੱਕ ਰਵਾਨਾ ਕਰਦਿਆਂ ਗੁਰਮੀਤ ਸਿੰਘ ਨਿਹੋਲਕਾ ਨੇ ਦੱਸਿਆ ਕਿ ਸੰਗਤ ਲਈ ਸਾਦਾ ਲੰਗਰ ਲਗਾਇਆ ਜਾਵੇਗਾ ਅਤੇ ਨੌਜਵਾਨ ਸਾਥੀ ਲਗਾਤਾਰ ਉੱਥੇ ਰਹਿ ਕੇ ਦਿਨ-ਰਾਤ ਸੇਵਾ ਕਰਨਗੇ। ਇਸ ਮੌਕੇ ਸੁਰਿੰਦਰ ਸਿੰਘ ਖਾਲਸਾ, ਸੁਖਦੇਵ ਸਿੰਘ ਸੁੱਖਾ, ਹਰਜੋਤ ਸਿੰਘ ਅਤੇ ਹਰਸ਼ਪ੍ਰੀਤ ਸਿੰਘ ਹਾਜ਼ਰ ਸਨ। -ਪੱਤਰ ਪ੍ਰੇਰਕ

ਸ਼ਹੀਦਾਂ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ

ਮੁੱਲਾਂਪੁਰ ਗਰੀਬਦਾਸ: ਗੁਰੂ ਗੋਬਿੰਦ ਸਿੰਘ, ਚਾਰੇ ਸਾਹਿਬਜ਼ਾਦਿਆਂ ਸਮੇਤ ਸਮੂਹ ਸਿੰਘ ਸ਼ਹੀਦਾਂ ਦੀ ਯਾਦ ਵਿੱਚ ਵਿਸ਼ਕਰਮਾ ਮਹਾਂਵੀਰ ਕੁਸ਼ਤੀ ਅਖਾੜਾ ਮੁੱਲਾਂਪੁਰ ਗਰੀਬਦਾਸ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਅਖਾੜੇ ਦੇ ਸੰਚਾਲਕ ਵਿਨੋਦ ਕੁਮਾਰ ਗੋਲੂ ਪਹਿਲਵਾਨ, ਰਵੀ ਸ਼ਰਮਾ ਤੇ ਪ੍ਰਧਾਨ ਸ਼ੇਰ ਸਿੰਘ ਮੱਲ ਨੇ ਦੱਸਿਆ ਕਿ ਪਹਿਲੇ ਪੜਾਅ ਦੌਰਾਨ ਅਖੰਡ ਪਾਠ ਦੇ ਸੰਪੂਰਨਤਾ ਭੋਗ ਪਾਏ ਗਏ। ਗੁਰੂ ਦਾ ਲੰਗਰ ਚਲਾਇਆ ਗਿਆ ਅਤੇ ਸ਼ਬਦ ਕੀਰਤਨ ਕਰਵਾਇਆ ਗਿਆ। ਦੂਜੇ ਪੜਾਅ ਦੌਰਾਨ ਲਗਾਏ ਕੈਂਪ ਵਿੱਚ ਪੀਜੀਆਈ ਚੰਡੀਗੜ੍ਹ ਤੋਂ ਆਈ ਡਾਕਟਰ ਟੀਮ ਵੱਲੋਂ ਸਵੈਇੱਛਾ ਨਾਲ ਖੂਨਦਾਨ ਕਰਨ ਵਾਲੇ ਚਾਰ ਦਰਜਨ ਤੋਂ ਵੱਧ ਖੂਨਦਾਨੀਆਂ ਤੋਂ ਖ਼ੂਨ ਇਕੱਤਰ ਕੀਤਾ ਗਿਆ। -ਪੱਤਰ ਪ੍ਰੇਰਕ
ਖਰੜ (ਪੱਤਰ ਪ੍ਰੇਰਕ): ਕ੍ਰਿਸਚਨ ਵੈੱਲਫੇਅਰ ਸੁਸਾਇਟੀ ਖਰੜ ਅਤੇ ਲਾਇਨਜ਼ ਕਲੱਬ ਖਰੜ ਉਮੰਗ ਵੱਲੋਂ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਹਾੜੇ ਮੌਕੇ ਖਰੜ ਵਿੱਚ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਵਿਚ ਰੇਵ ਡੇਜਲ ਪੀਪਲ, ਬਿਸਪ ਡਾਇਓਸੀਜ ਆਫ ਚੰਡੀਗੜ੍ਹ ਅਤੇ ਜਰਨੈਲ ਸਿੰਘ ਬਾਜਵਾ, ਨਰੇਸ਼ ਸਿੰਗਲਾ ਵੱਲੋਂ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਉਨ੍ਹਾਂ ਖੂਨਦਾਨੀਆਂ ਨੂੰ ਸਰਟੀਫਿਕੇਟ ਆਦਿ ਦੇ ਕੇ ਵਿਸੇਸ ਸਨਮਾਨ ਕੀਤਾ ਗਿਆ। ਕੈਂਪ ਵਿਚ ਡਾ. ਭਵਲੀਨ, ਬਲੱਡ ਟਰਾਂਸਫਿਊਜਨ ਅਫ਼ਸਰ ਦੀ ਅਗਵਾਈ ਹੇਠ ਬਲੱਡ ਸੈਂਟਰ ਸਿਵਲ ਹਸਪਤਾਲ ਰੂਪਨਗਰ ਦੀ ਟੀਮ ਨੇ ਤਕਰੀਬਨ 55 ਬਲੱਡ ਯੂਨਿਟ ਇਕੱਤਰ ਕੀਤਾ। ਇਸ ਮੌਕੇ ਅਮਨਦੀਪ, ਅਮਨਦੀਪ ਸਿੰਘ ਮਾਨ, ਸੁਭਾਸ ਅਗਰਵਾਲ, ਕਮਲਜੀਤ ਸਿੰਘ ਤੇ ਰੋਹਿਤ ਮਸੀ ਹਾਜ਼ਰ ਸਨ।

Advertisement
Author Image

joginder kumar

View all posts

Advertisement