ਨਗਰ ਕੀਰਤਨ ਸੀਚੇਵਾਲ ਤੋਂ ਸੁਲਤਾਨਪੁਰ ਲੋਧੀ ਪੁੱਜਾ
ਪੱਤਰ ਪ੍ਰੇਰਕ
ਜਲੰਧਰ, 12 ਨੰਵਬਰ
ਨਿਰਮਲ ਕੁਟੀਆ ਸੀਚੇਵਾਲ ਤੋਂ ਤੀਜਾ ਹਰਾ ਨਗਰ ਕੀਰਤਨ ਸੁਲਤਾਨਪੁਰ ਲੋਧੀ ’ਚ ਪਵਿੱਤਰ ਵੇਈਂ ਕਿਨਾਰੇ ਪਹੁੰਚਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਵੇਰੇ 9 ਵਜੇ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਨਿਰਮਲ ਕੁਟੀਆ ਪਿੰਡ ਸੀਚੇਵਾਲ ਤੋਂ ਚੱਲ ਕੇ ਪਿੰਡ ਮਾਲਾ, ਸੋਹਲ ਖਾਲਸਾ, ਤਲਵੰਡੀ ਮਾਧੋ, ਅਹਿਮਦਪੁਰ, ਸ਼ੇਰਪੁਰ ਦੋਨਾਂ, ਮਨਿਆਲਾ, ਤੋਤੀ, ਨਸੀਰੇਵਾਲ, ਮੁਹੱਬਲੀਪੁਰ, ਫੌਜੀ ਕਲੋਨੀ, ਝੱਲ ਲੇਈਵਾਲ, ਰਣਧੀਰਪੁਰ ਤੇ ਗੁਰਦੁਆਰਾ ਸੰਤ ਘਾਟ ਸਾਹਿਬ ਤੋਂ ਪਵਿੱਤਰ ਵੇਈਂ ਦੇ ਕੰਢੇ-ਕੰਢੇ ਦੇਰ ਸ਼ਾਮ ਨਿਰਮਲ ਕੁਟੀਆ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਸੁਲਤਾਨਪੁਰ ਲੋਧੀ ਪੁੱਜ ਕੇ ਸੰਪੰਨ ਹੋਇਆ। ਨਗਰ ਕੀਰਤਨ ਅੱਗੇ ਗਤਕਾ ਖਿਡਾਰੀਆਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ। ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਤੇ ਕਾਲਜ ਦੇ ਵਿਦਿਆਰਥੀਆਂ ਨੇ ਹੱਥਾਂ ਵਿੱਚ ਤਖਤੀਆਂ ਫੜ ਕੇ ਵਾਤਾਵਰਨ ਬਚਾਉਣ ਦਾ ਹੋਕਾ ਦਿੱਤਾ। ਨਗਰ ਕੀਰਤਨ ਵਿੱਚ ਸੰਤ ਪ੍ਰਗਟ ਨਾਥ, ਸੰਤ ਅਮਰੀਕ ਸਿੰਘ ਖੁਖਰੈਣ, ਸੰਤ ਗੁਰਮੇਜ ਸਿੰਘ ਸੈਦਰਾਣਾ, ਸੰਤ ਸੰਤੋਖ ਸਿੰਘ, ਸੰਤ ਬਲਰਾਜ ਸਿੰਘ, ਸੰਤ ਗੁਰਬਚਨ ਸਿੰਘ ਅਤੇ ਸੰਤ ਸੁਖਵਿੰਦਰ ਸਿੰਘ ਨੇ ਹਾਜ਼ਰੀ ਭਰੀ। ਇਸ ਨਗਰ ਕੀਰਤਨ ਵਿੱਚ ਵੀ ਪੰਜ ਹਜ਼ਾਰ ਬੂਟੇ ਪ੍ਰਸ਼ਾਦ ਦੇ ਰੂਪ ਵਿੱਚ ਵੰਡੇ ਗਏ। ਹੁਣ ਤੱਕ ਤਿੰਨੋਂ ਹਰੇ ਨਗਰ ਕੀਰਤਨਾਂ ਵਿੱਚ 15 ਹਜ਼ਾਰ ਬੂਟੇ ਸੰਗਤਾਂ ਨੂੰ ਵੰਡੇ ਜਾ ਚੁੱਕੇ ਹਨ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਨਗਰ ਕੀਰਤਨ ਵਿੱਚ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੇ ਹਵਾਲੇ ਦੇ ਕੇ ਸੰਗਤਾਂ ਨੂੰ ਉਨ੍ਹਾਂ ਦੇ ਜੀਵਨ ਤੋਂ ਸੇਧ ਲੈਂਦਿਆਂ ਸਾਦਗੀ ਭਰਿਆ ਜੀਵਨ ਜਿਊਣ ਲਈ ਪ੍ਰੇਰਿਆ। ਨਗਰ ਕੀਰਤਨ ਦੌਰਾਨ ਪਹਿਲੀ ਵਾਰ ਸੰਤ ਸੀਚੇਵਾਲ ਨੇ ਭਾਰਤ ਤੇ ਕੈਨੇਡਾ ਦੇ ਸਬੰਧਾਂ ਵਿੱਚ ਬਣੇ ਤਣਾਅ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਕਿ ਉਹ ਇਸਦੇ ਹੱਲ ਵੱਲ ਵਧਣ।