ਬਾਬਾ ਜੀਵਨ ਸਿੰਘ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ
ਪੱਤਰ ਪ੍ਰੇਰਕ
ਧਾਰੀਵਾਲ, 22 ਦਸੰਬਰ
ਸ਼੍ਰੋਮਣੀ ਸ਼ਹੀਦ ‘ਰੰਗਰੇਟਾ ਗੁਰੂ ਕਾ ਬੇਟਾ’ ਬਾਬਾ ਜੀਵਨ ਸਿੰਘ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਖੁੰਡਾ ਵਿੱਚ ਗੁਰਦੁਆਰਾ ਬਾਬਾ ਜੀਵਨ ਜੀ ਦੀ ਪ੍ਰਬੰਧਕ ਕਮੇਟੀ ਵੱਲੋਂ ਨਗਰ ਵਾਸੀਆਂ ਦੇ ਸਹਿਯੋਗ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਤੋਂ ਸ਼ੁਰੂ ਹੋ ਕੇ ਪਿੰਡ ਦੀ ਪਰਿਕਰਮਾ ਕਰਦਾ ਹੋਇਆ ਮੁੜ ਵਾਪਸ ਆਰੰਭਿਕ ਸਥਾਨ ’ਤੇ ਸਮਾਪਤ ਹੋਇਆ। ਨਗਰ ਕੀਰਤਨ ਦੌਰਾਨ ਕਵੀਸ਼ਰੀ ਜਥਾ ਭਾਈ ਸ਼ਮਸ਼ੇਰ ਸਿੰਘ ਖੁੰਡਾ ਅਤੇ ਸਾਥੀਆਂ ਨੇ ਕਵੀਸ਼ਰੀਆਂ ਪੇਸ਼ ਕਰਦਿਆਂ ਬਾਬਾ ਜੀਵਨ ਸਿੰਘ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਜੀਵਨੀ ’ਤੇ ਚਾਨਣਾ ਪਾਇਆ। ਨਗਰ ਕੀਰਤਨ ਵਿੱਚ ਗਤਕਾ ਖਿਡਾਰੀਆਂ ਨੇ ਗੱਤਕਾ ਕੋਚ ਰਵੀਇੰਦਰ ਸਿੰਘ ਦੀ ਅਗਵਾਈ ਵਿੱਚ ਗਤਕੇ ਦੇ ਜੌਹਰ ਦਿਖਾਏ। ਨਗਰ ਕੀਰਤਨ ਦਾ ਵੱਖ-ਵੱਖ ਥਾਵਾਂ ’ਤੇ ਸ਼ਰਧਾਲੂਆਂ ਵੱਲੋਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਬਾਬਾ ਸਵਿੰਦਰ ਸਿੰਘ, ਪ੍ਰਧਾਨ ਲਖਬੀਰ ਸਿੰਘ, ਸਕੱਤਰ ਕਸ਼ਮੀਰ ਸਿੰਘ, ਭੁਪਿੰਦਰ ਸਿੰਘ ਰਿੰਕਾ, ਐਡਵੋਕੇਟ ਬਲਜੀਤਪਾਲ ਸਿੰਘ, ਦਵਿੰਦਰ ਸਿੰਘ ਤੇ ਸਤਨਾਮ ਸਿੰਘ ਸਮੇਤ ਸੰਗਤਾਂ ਸ਼ਾਮਲ ਸਨ।