ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 26 ਅਗਸਤ
ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿਸੰਗ ਸਭਾ ਹਾਊਸਿੰਗ ਬੋਰਡ ਕਲੋਨੀ ਭਾਈ ਰਣਧੀਰ ਸਿੰਘ ਨਗਰ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਜਿਸ ਵਿੱਚ ਸੰਗਤ ਨੇ ਵਧ-ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਹੈੱਡ ਗ੍ਰੰਥੀ ਭਾਈ ਹਰਜਿੰਦਰ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਜੈਕਾਰਿਆਂ ਦੀ ਗੂੰਜ ਵਿੱਚ ਆਰੰਭ ਹੋਇਆ। ਨਗਰ ਕੀਰਤਨ ਦੇ ਸਾਰੇ ਰਸਤੇ ਦੀ ਸਜਾਵਟ ਕੀਤੀ ਗਈ ਸੀ। ਥਾਂ-ਥਾਂ ’ਤੇ ਸੰਗਤਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਹਾਊਸਿੰਗ ਬੋਰਡ ਕਲੋਨੀ ਦੇ ਵਸਨੀਕਾਂ ਵੱਲੋਂ ਚਾਹ, ਦੁੱਧ, ਸਮੋਸਿਆਂ ਅਤੇ ਬਿਸਕੁਟ ਦੇ ਲੰਗਰ ਲਏ। ਨਗਰ ਕੀਰਤਨ ਵਿੱਚ ਸ਼ਬਦੀ ਜਥਿਆਂ ਅਤੇ ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ ਨੇ ਸੰਗਤਾਂ ਨੂੰ ਗੁਰੂ ਸ਼ਬਦ ਨਾਲ ਜੋੜਿਆ। ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਨਛੱਤਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਗੁਰਦੀਪ ਸਿੰਘ ਲੀਲ ਨੇ ਸੰਗਤ ਦਾ ਧੰਨਵਾਦ ਕੀਤਾ। ਇਸ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਵੀ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਸਮੇਂ ਮਾਸਟਰ ਬਲਰਾਜ ਸਿੰਘ, ਨਰਿੰਦਰਪਾਲ ਸਿੰਘ ਮੱਕੜ, ਬੀਬੀ ਨਿੱਕੀ ਕੋਹਲੀ, ਬੂਟਾ ਸਿੰਘ, ਗੁਰਦੀਪ ਸਿੰਘ ਘੁਮਾਣ, ਗੁਰਮੀਤ ਸਿੰਘ ਕੋਚਰ, ਡਾਕਟਰ ਗੁਰਦੀਪ ਸਿੰਘ ਧਵਨ, ਬਲਵਿੰਦਰ ਸਿੰਘ ਗਾਬਾ, ਸੰਦੀਪ ਸਿੰਘ, ਕਮਲਜੀਤ ਸਿੰਘ, ਸਤਿੰਦਰਪਾਲ ਸਿੰਘ ਪੱਪੂ, ਬੁਲੰਦਪ੍ਰੀਤ ਸਿੰਘ ਖਾਲਸਾ, ਬੀਬੀ ਤੇਜਿੰਦਰ ਕੌਰ ਪ੍ਰਧਾਨ, ਬੀਬੀ ਗੁਰਵਿੰਦਰ ਕੌਰ, ਬੀਬੀ ਕਮਲਜੀਤ ਕੌਰ ਤੇ ਬੀਬੀ ਇੰਦਰਜੀਤ ਕੌਰ ਵੀ ਹਾਜ਼ਰ ਸਨ।