ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ
ਰਾਜਿੰਦਰ ਜੈਦਕਾ
ਅਮਰਗੜ੍ਹ, 14 ਨਵੰਬਰ
ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਦੁਆਰਾ ਸਿੰਘ ਸਭਾ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਮੁੱਖ ਬਾਜ਼ਾਰ, ਚੌਂਦਾ ਮੌੜ, ਸਟੇਟ ਬੈਂਕ, ਬਾਜੀਗਰ ਬਸਤੀ ਹੁੰਦਾ ਹੋਇਆ ਵਾਪਸ ਗੁਰਦੁਆਰਾ ਸਾਹਿਬ ਪੁੱਜ ਕੇ ਸਮਾਪਤ ਹੋਇਆ। ਨਗਰ ਕੀਰਤਨ ਦੇ ਨਾਲ ਨਾਲ ਪ੍ਰਧਾਨ ਹਰਦੀਪ ਸਿੰਘ ਸੋਹੀ, ਹਰਨੇਕ ਸਿੰਘ, ਕੁਲਵੰਤ ਸਿੰਘ, ਅਵਤਾਰ ਸਿੰਘ ਤਾਰੀ, ਜਸਵਿੰਦਰ ਸਿੰਘ ਬਾਵਾ, ਸਤਵਿੰਦਰ ਸਿੰਘ ਬੱਬੂ ਆਦਿ ਚੱਲ ਰਹੇ ਸਨ। ਇਸ ਮੌਕੇ ਬਾਜ਼ਾਰ ਵਿਚ ਦੁਕਾਨਦਾਰਾਂ ਨੇ ਲੱਡੂ, ਫਰੂਟ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੇ ਲੰਗਰ ਲਗਾਏ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇੱਥੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੇ ਅਗਵਾਈ ਹੇਠ ਨਗਰ ਕੀਰਤਨ ਦੌਰਾਨ ਕੀਰਤਨੀ ਜਥਿਆਂ ਨੇ ਸਿੱਖ ਇਤਿਹਾਸ ਬਾਰੇ ਚਾਨਣਾ ਪਾਇਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਅਕਾਲੀ ਆਗੂ ਵਿਨਰਜੀਤ ਸਿੰਘ ਗੋਲਡੀ, ਸਾਬਕਾ ਵਿਧਾਇਕ ਪ੍ਰਕਾਸ਼ ਚੰਦ ਗਰਗ, ਸ਼੍ਰੋਮਣੀ ਕਮੇਟੀ ਮੈਂਬਰ ਭੁਪਿੰਦਰ ਸਿੰਘ ਭਲਵਾਨ ਤੇ ਤੇਜਾ ਸਿੰਘ ਕਮਾਲਪੁਰ ਆਦਿ ਹਾਜ਼ਰ ਸਨ।
ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਬੀਐੱਸ ਸੰਧੂ ਮੈਮੋਰੀਅਲ ਪਬਲਿਕ ਸਕੂਲ ਜੁਲਾਹਖੇੜੀ ਵਿੱਚ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਦੌਰਾਨ ਬੱਚਿਆਂ ਵੱਲੋਂ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ। ਉਪਰੰਤ ਸ਼ਬਦ ਕੀਰਤਨ, ਕਵਿਤਾਵਾਂ ਸਾਖੀਆਂ ਅਤੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਸਕੂਲ ਪ੍ਰਿੰਸੀਪਲ ਰਜਿੰਦਰ ਕੌਰ ਸੰਧੂ ਅਤੇ ਵਾਈਸ ਪ੍ਰਿੰਸੀਪਲ ਨੀਲਮਾ ਦਿਕਸ਼ਿਤ ਨੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਦੱਸਿਆ ਅਤੇ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸੇ ਤਰ੍ਹਾਂ ਆਦਰਸ਼ ਪਬਲਿਕ ਸਕੂਲ ਮੁਖਮੈਲਪੁਰ ਵਿੱਚ ਸਕੂਲ ਡਾਇਰੈਕਟਰ ਸ਼ਿੰਗਾਰ ਸਿੰਘ ਦੀ ਅਗਵਾਈ ਹੇਠ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਹਿੱਸਾ ਲਿਆ।
ਲਹਿਰਾਗਾਗਾ (ਰਮੇਸ਼ ਭਾਰਦਵਾਜ) ਇੱਥੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਬਾਜ਼ਾਰਾਂ ਵਿੱਚ ਨਗਰ ਕੀਰਤਨ ਦਾ ਸੰਗਤ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਤੇ ਸੰਗਤ ਲਈ ਵੱਖ-ਵੱਖ ਥਾਵਾਂ ’ਤੇ ਲੰਗਰ ਲਾਏ ਗਾਏ। ਇਸ ਮੌਕੇ ਰਜਿੰਦਰ ਸਿੰਘ ਬਿੱਟੂ ਅਤੇ ਮੁੱਖ ਗ੍ਰੰਥੀ ਅਮਰਜੀਤ ਸਿੰਘ ਨੇ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ।
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਰ ਸੇਵਾ ਵਾਲੇ ਬਾਬਾ ਅਮਰੀਕ ਸਿੰਘ ਜੀ ਪਟਿਆਲੇ ਵਾਲਿਆਂ ਦੇ ਦਿਸ਼ਾ ਨਿਰਦੇਸ਼ਾਂ ਤੇ ਯੂਥ ਅਕਾਲੀ ਆਗੂ ਜਗਮੀਤ ਸਿੰਘ ਹਰਿਆਊ ਦੀ ਦੇਖ ਰੇਖ ਹੇਠ ਨਗਰ ਕੀਰਤਨ ਸਜਾਇਆ ਗਿਆ। ਸ਼ਹਿਰ ਦੇ ਕਾਹਨਗੜ੍ਹ ਰੋਡ ਸਥਿਤ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਆਰੰਭ ਹੋਇਆ ਨਗਰ ਕੀਰਤਨ ਸ਼ਹਿਰ ਦੇ ਮੁੱਖ ਬਾਜ਼ਾਰ, ਪੁਰਾਣਾ ਬੱਸ ਸਟੈਂਡ, ਨਰਵਾਣਾ ਰੋਡ, ਅਨਾਜ ਮੰਡੀ, ਜਾਖਲ ਰੋਡ, ਪਟਿਆਲਾ ਰੋਡ ਤੋਂ ਹੁੰਦਾ ਹੋਇਆ ਸੰਗਰੂਰ ਰੋਡ ਉੱਤੇ ਟਰੱਕ ਯੂਨੀਅਨ ਵਿਖੇ ਪਹੁੰਚਿਆ। ਇਸ ਮੌਕੇ ਅਕਾਲੀ ਆਗੂ ਜਗਮੀਤ ਸਿੰਘ ਹਰਿਆਊ ਨੇ ਸੰਗਤ ਨੂੰ ਗੁਰਪੁਰਬ ਦੀ ਵਧਾਈ ਦਿੱਤੀ।
ਸਮਾਣਾ (ਸੁਭਾਸ਼ ਚੰਦਰ): ਇੱਥੇ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਸਥਾਨਕ ਗੁਰਦੁਆਰਾ ਸਤਿਸੰਗ ਸਭਾ ਤੋਂ ਇੱਕ ਨਗਰ ਕੀਰਤਨ ਸਜਾਇਆ ਗਿਆ।
ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਸਜਾਏ ਗਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਨਗਰ ਕੀਰਤਨ ਗੁਰਦੁਆਰਾ ਥੜ੍ਹਾ ਸਾਹਿਬ ਤੋਂ ਹੁੰਦਾ ਹੋਇਆ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ’ਚੋਂ ਗੁਜ਼ਰਿਆ ਜਿਥੇ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੱਤਕਾ ਅਖਾੜਾ ਪਾਰਟੀ ਪਟਿਆਲਾ ਵੱਲੋਂ ਗੱਤਕੇ ਦੇ ਜੌਹਰ ਦਿਖਾਏ।
ਕਾਲਜ ਵਿੱਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਇਜ਼
ਦੇਵੀਗੜ੍ਹ (ਸੁਰਿੰਦਰ ਸਿੰਘ ਚੌਹਾਨ): ਧਰਮ ਅਧਿਐਨ ਵਿਭਾਗ ਵੱਲੋਂ ਧਰਮ ਅਧਿਐਨ ਮੰਚ ਦੇ ਸਹਿਯੋਗ ਨਾਲ ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿੱਚ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਸਮੂਹ ਵਿਦਿਆਰਥੀਆਂ ਨੇ ਮੂਲ ਮੰਤਰ ਦਾ ਜਾਪ ਕੀਤਾ। ਕਾਲਜ ਦੇ ਇੰਚਾਰਜ ਡਾ. ਮਨਪ੍ਰੀਤ ਕੌਰ ਸੋਢੀ ਨੇ ਵਿਦਿਆਰਥੀਆਂ ਨੂੰ ਗੁਰੂ ਨਾਨਕ ਦੇਵ ਦੇ ਸਿਧਾਂਤਾਂ ਅਤੇ ਉਨ੍ਹਾਂ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ। ਧਰਮ ਅਧਿਐਨ ਮੰਚ ਦੇ ਕਨਵੀਨਰ ਅਸਿਸਟੈਂਟ ਪ੍ਰੋਫੈਸਰ ਡਾ. ਤੇਜਿੰਦਰ ਪਾਲ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਿਤ ਸਾਖੀਆਂ ਸੁਣਾ ਕੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ। ਡਾ. ਤੇਜਿੰਦਰ ਪਾਲ ਸਿੰਘ ਨੇ ਇਸ ਮੌਕੇ ਵਿਦਿਆਰਥੀਆਂ ਦੇ ਕੁਇਜ਼ ਮੁਕਾਬਲੇ ਵੀ ਕਰਵਾਏ। ਇਸ ਮੁਕਾਬਲੇ ਵਿੱਚ ਕਾਲਜ ਦੇ ਲਗਭਗ 50 ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਜੇਤੂਆਂ ਨੂੰ ਧਰਮ ਅਧਿਐਨ ਮੰਚ ਵੱਲੋਂ ਇਨਾਮ ਦਿੱਤੇ ਗਏ।
ਸਕੂਲ ’ਚ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਲਹਿਰਾਗਾਗਾ (ਪੱਤਰ ਪ੍ਰੇਰਕ): ਇਥੇ ਲਿਟਲ ਸਟਾਰ ਬਚਪਨ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਵਿੱਚ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਸਬੰਧੀ ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ ਅਤੇ ਪ੍ਰਿੰਸੀਪਲ ਪ੍ਰਿਯੰਕਾ ਬਾਂਸਲ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਦੌਰਾਨ ਸਕੂਲ ਦੇ ਅਧਿਆਪਕਾਂ ਵੱਲੋਂ ਜਪੁਜੀ ਸਾਹਿਬ ਦਾ ਪਾਠ ਕੀਤਾ ਗਿਆ। ਚੇਅਰਮੈਨ ਸੰਜੈ ਸਿੰਗਲਾ ਨੇ ਬੱਚਿਆਂ ਅਤੇ ਅਧਿਆਪਕਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੱਤੀ। ਇਸ ਮੌਕੇ ਸਕੂਲ ਦਾ ਸਟਾਫ਼ ਅੰਮ੍ਰਿਤਪਾਲ ਕੌਰ, ਸੋਮਾ ਕੌਰ, ਹਿਮਾਨੀ ਬਾਂਸਲ, ਹੀਨਾ ਗਰਗ, ਆਸ਼ਾ ਰਾਣੀ, ਸ਼ੇਫਾਲੀ ਗੋਇਲ, ਇੰਦਰਜੀਤ ਕੌਰ ਤੇ ਰਮਾ ਰਾਣੀ ਵੀ ਹਾਜ਼ਰ ਸਨ।