ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਏ
ਪੱਤਰ ਪ੍ਰੇਰਕ
ਦਸੂਹਾ, 15 ਨਵੰਬਰ
ਗੁਰਦੁਆਰਾ ਸਿੰਘ ਸਭਾ ਮਿਆਣੀ ਰੋਡ ਦਸੂਹਾ ਦੀ ਪ੍ਰਬੰਧਕ ਕਮੇਟੀ ਵੱਲੋਂ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਆਰੰਭ ਹੋ ਕੇ ਵੱਖ ਵੱਖ ਬਾਜ਼ਾਰਾਂ ਅਤੇ ਪਿੰਡਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸਾਹਿਬ ਵਿੱਚ ਸਮਾਪਤ ਹੋਇਆ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਫੁੱਲਾਂ ਨਾਲ ਸਜਾਈ ਪਾਲਕੀ ਪਿੱਛੇ ਰਾਗੀ ਜਥੇ ਗੁਰਬਾਣੀ ਜੱਸ ਗਾਇਨ ਕਰ ਰਹੇ ਸਨ। ਨਗਰ ਕੀਰਤਨ ਦਾ ਸੰਗਤ ਵੱਲੋਂ ਥਾਂ-ਥਾਂ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਟਰੈਫਿਕ ਪੁਲੀਸ ਵੱਲੋਂ ਆਵਾਜਾਈ ਲਈ ਯਤਨ ਕੀਤੇ ਜਾ ਰਹੇ ਸਨ। ਗੁਰੂ ਕੀ ਲਾਡਲੀ ਫੋਜ਼ ਦੇ ਨਿੱਕੇ ਨਿੱਕੇ ਬੱਚੇ ਖਾਲਸਾਈ ਬਾਣੇ ਵਿੱਚ ਨਗਰ ਕੀਰਤਨ ਦੀ ਰੌਣਕ ਨੂੰ ਵਧਾ ਰਹੇ ਸਨ। ਮਾਈਕ ਦੀ ਸੇਵਾ ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਨੇ ਨਿਭਾਈ। ਪ੍ਰਬੰਧਕਾਂ ਵੱਲੋਂ ਪ੍ਰਮੁੱਖ ਸਖਸ਼ੀਅਤਾਂ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਧਾਇਕ ਕਰਮਬੀਰ ਘੁੰਮਣ, ਪ੍ਰਧਾਨ ਪਰਮਜੀਤ ਸਿੰਘ ਪੰਮਾ, ਬੀਬੀ ਜਤਿੰਦਰ ਕੌਰ ਠੁਕਰਾਲ, ਹਰਬਿੰਦਰ ਸਿੰਘ ਕਲਸੀ, ਦਸੂਹਾ ਕੌਂਸਲ ਦੇ ਮੀਤ ਪ੍ਰਧਾਨ ਅਮਰਪ੍ਰੀਤ ਸੋਨੂੰ ਖਾਲਸਾ, ਤਰਸੇਮ ਸਿੰਘ ਖਾਲਸਾ, ਤਜਿੰਦਰ ਸਿੰਘ ਮਰਵਾਹਾ, ਪਰਮਮਿੰਦਰ ਸਿੰਘ ਟਿੰਮਾ, ਜਗਮੋਹਨ ਪੁਰੀ, ਸੁਖਵਿੰਦਰ ਰੰਮੀ, ਰਾਜੂ ਠੁਕਰਾਲ, ਨਿਰਮਲ ਸਿੰਘ ਤਲਵਾੜ, ਕਮਲਪ੍ਰੀਤ ਸਿੰਘ ਖਾਲਸਾ, ਪਵਿੱਤਰਪਾਲ ਸਿੰਘ ਅਤੇ ਚਰਨਜੀਤ ਸਿੰਘ ਪੱਖਾ ਹਾਜ਼ਰ ਸਨ।
ਤਰਨ ਤਾਰਨ (ਪੱਤਰ ਪ੍ਰੇਰਕ): ਇਲਾਕੇ ਦੇ ਪਿੰਡ ਢੋਟੀਆਂ ਦੀ ਸੰਗਤ ਵੱਲੋਂ ਅੱਜ ਪਿੰਡ ਵਿੱਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ ਗਿਆ। ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਇਸ ਨਗਰ ਕੀਰਤਨ ਵਿੱਚ ਪਿੰਡ ਢੋਟੀਆਂ ਤੋਂ ਇਲਾਵਾ ਆਸ ਪਾਸ ਦੇ ਪਿੰਡਾਂ ਦੀ ਸੰਗਤ ਨੇ ਹਾਜ਼ਰੀਆਂ ਭਰੀਆਂ। ਪਿੰਡ ਦੇ ਗੁਰਦੁਆਰਾ ਰਾਜਾ ਰਾਮ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਪਿੰਡ ਦੀਆਂ ਵੱਖ ਵੱਖ ਆਬਾਦੀਆਂ ਤੱਕ ਗਿਆ ਜਿੱਥੇ ਲੋਕਾਂ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਰਵਿੰਦਰ ਸਿੰਘ ਗਿੱਲ, ਪਰਮਜੀਤ ਸਿੰਘ, ਹਰਜਿੰਦਰ ਸਿੰਘ, ਅਜਮੇਰ ਸਿੰਘ ਅਤੇ ਜਸਬੀਰ ਸਿੰਘ ਨੇ ਹਾਜ਼ਰੀ ਲਵਾਈ।
ਇਸੇ ਦੌਰਾਨ ਇਲਾਕੇ ਅੰਦਰ ਅੱਜ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ| ਦਰਬਾਰ ਸਾਹਿਬ ਤਰਨ ਤਾਰਨ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਸਵੇਰ ਤੋਂ ਹੀ ਆਉਣੇ ਸ਼ੁਰੂ ਹੋ ਗਏ ਸਨ| ਦਰਬਾਰ ਸਾਹਿਬ ਵਿਖੇ ਅਖੰਡ ਪਾਠ ਦੇ ਅੱਜ ਭੋਗ ਪਾਏ ਗਏ, ਜਿਸ ਉਪਰੰਤ ਸੰਗਤ ਨੇ ਮਿਲ ਕੇ ਸੁਖਮਨੀ ਸਾਹਿਬ ਦੇ ਪਾਠ ਕੀਤੇ। ਦਿਨ ਭਰ ਕੀਰਤਨ ਦਾ ਪ੍ਰਵਾਹ ਚੱਲਦਾ ਰਿਹਾ। ਦਰਬਾਰ ਸਾਹਿਬ ਦੇ ਮੈਨੇਜਰ ਭਾਈ ਧਰਵਿੰਦਰ ਸਿੰਘ ਨੇ ਦੱਸਿਆ ਕਿ ਸੰਗਤ ਲਈ ਅਤੁੱਟ ਲੰਗਰ ਚੱਲਦੇ ਰਹੇ।
ਫਗਵਾੜਾ (ਪੱਤਰ ਪ੍ਰੇਰਕ): ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਦਿਹਾੜਾ ਅੱਜ ਸ਼ਹਿਰ ਦੇ ਵੱਖ ਵੱਖ ਗੁਰਦੁਆਰਿਆਂ ’ਚ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਇਸ ਮੌਕੇ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨੀ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ। ਇਹ ਦਿਹਾੜਾ ਗੁਰਦੁਆਰਾ ਅਕਾਲੀਆਂ, ਉਦਾਸੀਨ ਧਰਮਸ਼ਾਲਾ ਮੇਹਲੀ ਗੇਟ, ਖਲਵਾੜਾ ਗੇਟ, ਗੁਰਦੁਆਰਾ ਨਿੰਮਾ ਵਾਲਾ ਚੌਂਕ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਵਿਖੇ ਮਨਾਇਆ ਗਿਆ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸ਼੍ਰੀਮਤੀ ਅਨੀਤਾ ਸੋਮ ਪ੍ਰਕਾਸ਼, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਆਪ ਇੰਚਾਰਜ ਜੋਗਿੰਦਰ ਸਿੰਘ ਮਾਨ, ਰਣਜੀਤ ਸਿੰਘ ਖੁਰਾਨਾ ਸਾਬਕਾ ਡਿਪਟੀ ਮੇਅਰ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਪ੍ਰਧਾਨ ਸਤਬੀਰ ਸਿੰਘ ਸਾਬੀ ਅਤੇ ਮੋਹਨ ਸਿੰਘ ਗਾਂਧੀ ਹਾਜ਼ਰ ਸਨ।
ਸ਼ਾਹਕੋਟ (ਪੱਤਰ ਪ੍ਰੇਰਕ): ਗੁਰੂ ਨਾਨਕ ਦੇਵ ਦਾ 555ਵਾਂ ਪ੍ਰਕਾਸ਼ ਪੁਰਬ ਇਲਾਕੇ ਭਰ ਵਿਚ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸ਼ਾਹਕੋਟ, ਮਲਸੀਆਂ, ਕੋਟਲੀ ਗਾਜਰਾਂ, ਬਾਜਵਾ ਕਲਾਂ ਤੇ ਖੁਰਦ, ਮੂਲੇਵਾਲ ਖਹਿਰਾ, ਅਰਾਈਆਂ ਤੇ ਬ੍ਰਾਹਮਣਾਂ, ਲਸੂੜੀ, ਲੋਹੀਆਂ ਖਾਸ, ਮਹਿਤਪੁਰ, ਉੱਗੀ, ਮੱਲੀਆਂ ਕਲਾਂ ਤੇ ਖੁਰਦ, ਟੁੱਟ ਕਲਾਂ, ਤਲਵੰਡੀ ਮਾਧੋ, ਕੁਲਾਰ, ਰੂਪੇਵਾਲ, ਮੁਰੀਦਵਾਲ, ਨਿਹਾਲੂਵਾਲ, ਗਿੱਦੜਪਿੰਡੀ, ਨੰਗਲ ਅੰਬੀਆਂ, ਕੋਟਲਾ ਸੂਰਜਮੱਲ, ਨਵਾਂ ਕਿਲਾ, ਸਾਦਿਕਪੁਰ, ਸੋਹਲ ਜਗੀਰ, ਤਲਵੰਡੀ ਸੰਘੇੜਾ ਅਤੇ ਬਿੱਲੀ ਚਾਹਰਮੀ ਵਿਖੇ ਅਖੰਡ ਪਾਠਾਂ ਦੇ ਪਾਠ ਭੋਗ ਪਾਏ ਗਏ। ਸਭ ਥਾਈਂ ਗੁਰੂ ਕੇ ਲੰਗਰ ਅਤੁੱਟ ਵਰਤੇ।
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ। ਕੀਰਤਨੀ ਜਥਿਆਂ ਭਾਈ ਅਜੇਪਾਲ ਸਿੰਘ ਹਜ਼ੂਰੀ ਰਾਗੀ, ਭਾਈ ਗਗਨਦੀਪ ਸਿੰਘ ਹਜ਼ੂਰੀ ਰਾਗੀ, ਭਾਈ ਪਰਮਜੀਤ ਸਿੰਘ, ਭਾਈ ਧਰਮਿੰਦਰ ਸਿੰਘ, ਗਿਆਨੀ ਸਰਬਜੀਤ ਸਿੰਘ ਹੈੱਡ ਗ੍ਰੰਥੀ, ਅਖੰਡ ਕੀਰਤਨੀ ਜਥਾ, ਨਿੱਤਨੇਮ ਸੇਵਾ ਸੁਸਾਇਟੀ, ਮਾਤਾ ਗੁਜਰੀ ਜੀ ਇਸਤਰੀ ਸਤਿਸੰਗ ਸਭਾ ਨੇ ਰਸਭਿੰਨਾ ਕੀਰਤਨ ਕੀਤਾ। ਉਪਰੰਤ ਗੁਰੂ ਦਾ ਅਤੁੱਟ ਲੰਗਰ ਵਰਤਾਇਆ ਗਿਆ।
ਗੁਰਦੁਆਰਾ ਨਾਨਕਸ਼ਾਹੀ ਢਾਕਾ ਵਿੱਚ ਗੁਰਮਤਿ ਸਮਾਗਮ
ਤਰਨ ਤਾਰਨ (ਪੱਤਰ ਪ੍ਰੇਰਕ): ਕਾਰ ਸੇਵਾ ਸੰਪਰਦਾ ਸਰਹਾਲੀ ਵੱਲੋਂ ਗੁਰੂ ਨਾਨਕ ਦੇਵ ਦੇ 555ਵੇਂ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਨਾਨਕਸ਼ਾਹੀ ਢਾਕਾ (ਬੰਗਲਾ ਦੇਸ਼) ਵਿੱਚ ਅੱਜ ਇਕ ਗੁਰਮਤਿ ਸਮਾਗਮ ਕਰਵਾਇਆ ਗਿਆ। ਇਨ੍ਹਾਂ ਸਮਾਗਮਾਂ ਦੇ ਪ੍ਰਬੰਧ ਕਰਵਾਉਣ ਲਈ ਕਾਰ ਸੇਵਾ ਸੰਪਰਦਾ ਦੇ ਸੈਕਟਰੀ ਹਰਭਜਨ ਸਿੰਘ ਦੀ ਅਗਵਾਈ ਵਿੱਚ ਸੇਵਾਦਾਰ ਕਈ ਦਿਨ ਪਹਿਲਾਂ ਦੇ ਹੇ ਉਥੇ ਆਏ ਹੋਏ ਹਨ। ਕਾਰ ਸੇਵਾ ਦੇ ਮੁਖੀ ਬਾਬਾ ਸੁੱਖਾ ਸਿੰਘ ਅਤੇ ਬਾਬਾ ਹਾਕਮ ਸਿੰਘ ਨੇ ਦੱਸਿਆ ਕਿ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਨਾਨਕਸ਼ਾਹੀ ਵਿਖੇ ਸਹਿਜ ਪਾਠ ਦੇ ਭੋਗ ਪਾਏ ਗਏ ਜਿਸ ਉਪਰੰਤ ਸਜਾਏ ਦੀਵਾਨਾਂ ਵਿੱਚ ਸ਼ਿਬੂ ਦਾਸ, ਜੀਤੂ ਦਾਸ, ਓਪੂ ਦਾਸ, ਡਾ. ਐੱਮਕੇ ਰੌਏ, ਅਤੇ ਸੁਭਾਸਿਸ ਦਾਸ ਦੇ ਜਥਿਆਂ ਨੇ ਕੀਰਤਨ ਕੀਤਾ। ਹੈਡ ਗ੍ਰੰਥੀ ਭਾਈ ਸੁਖਦੇਵ ਸਿੰਘ ਨੇ ਅਰਦਾਸ ਕੀਤੀ ਅਤੇ ਭਾਈ ਕੰਵਲਜੀਤ ਸਿੰਘ ਨੇ ਮੁੱਖ ਵਾਕ ਸੁਣਾਇਆ। ਦੀਵਾਨਾਂ ਵਿੱਚ ਗੁਰਦੁਆਰਾ ਸਾਹਿਬ ਦੇ ਦਰਵਾਜ਼ਿਆਂ, ਖਿੜਕੀਆਂ ਅਤੇ ਪੇਂਟ ਦੀ ਸੇਵਾ ਕਰਵਾਉਣ ਵਾਲੇ ਸੁਖਦੇਵ ਸਿੰਘ ਢਿੱਲੋਂ (ਡੈਨਮਾਰਕ) ਨੇ ਵੀ ਹਾਜ਼ਰੀ ਭਰੀ।
ਖਿਆਲਾ ਕਲਾਂ ’ਚ ਮੁਸਲਿਮ ਭਾਈਚਾਰੇ ਨੇ ਕਰਵਾਇਆ ਸਮਾਗਮ
ਭੋਗਪੁਰ (ਬਲਵਿੰਦਰ ਸਿੰਘ ਭੰਗੂ): ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਪਾਕਿਸਤਾਨ ਦੇ ਪਿੰਡ ਖਿਆਲਾ ਕਲਾਂ ਜੇਬੀ-57 ਵਿੱਚ ਮੁਸਲਮਾਨ ਭਾਈਚਾਰੇ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ। ਪਿੰਡ ਵਾਸੀ ਬਾਬਾ ਤਾਰਿਕ ਅਤੇ ਸਰਕਾਰੀ ਅਧਿਆਪਕ ਅੱਲਾ ਰੱਖਾ ਹੋਠੀ ਦੀ ਅਗਵਾਈ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਵਿਖੇ ਸੰਗਤ ਨੂੰ ਲੱਡੂ ਵੰਡੇ। ਮਾਸਟਰ ਅੱਲਾ ਰੱਖਾ ਹੋਠੀ ਨੇ ਕਿਹਾ ਕਿ ਪਿੰਡ ਖਿਆਲਾ ਕਲਾਂ ਜੇ ਬੀ 57 ਦੇਸ਼ ਦੀ ਵੰਡ ਤੋਂ ਪਹਿਲਾਂ ਸਿੱਖ ਬਰਾਦਰੀ ਦਾ ਪਿੰਡ ਸੀ ਪਰ ਉਹਨਾਂ ਨੇ ਪਿੰਡ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਦਿੱਤ ਮੱਲ ਬਣਾਇਆ ਸੀ। ਸਿੱਖ ਬਰਾਦਰੀ ਪੂਰਬੀ ਪੰਜਾਬ (ਭਾਰਤ) ਵਿੱਚ ਜਾਣ ਕਰਕੇ ਇਹ ਗੁਰਦੁਆਰਾ ਬੇਆਬਾਦ ਰਿਹਾ। ਦੋ ਕੁ ਸਾਲ ਪਹਿਲਾਂ ਇੱਕ ਯੂਟਿਊਬ ਰਾਹੀਂ ਇਸ ਗੁਰਦੁਆਰੇ ਦੇ ਸਿੱਖ ਸ਼ਰਧਾਲੂਆਂ ਨੇ ਰਾਬਤਾ ਕਰਕੇ ਇਸ ਗੁਰਦੁਆਰੇ ਦਾ ਸਿੱਖਾਂ ਦੀ ਰਹਿਤ ਮਰਿਆਦਾ ਅਨੁਸਾਰ ਨਵੀਨੀਕਰਨ ਕਰਵਾਇਆ ਅਤੇ ਨਿਸ਼ਾਨ ਸਾਹਿਬ ਵੀ ਚੜ੍ਹਾਇਆ ਗਿਆ। ਗੁਰਦੁਆਰਾ ਸਾਹਿਬ ਦੀ ਸਾਂਭ-ਸੰਭਾਲ ਅਤੇ ਸੇਵਾ ਮੁਸਲਮਾਨ ਬਾਬਾ ਤਾਰਿਕ ਕਰਦੇ ਹਨ।