ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ
ਗੁਰਦੀਪ ਸਿੰਘ ਲਾਲੀ
ਸੰਗਰੂਰ, 31 ਅਗਸਤ
ਗੁਰੂ ਹਰਗੋਬਿੰਦ ਸਾਹਿਬ ਦੇ ਜਨਮ ਦਿਹਾੜੇ ਨੂੰ ਸਮਰਪਿਤ ਤਿੰਨ-ਰੋਜ਼ਾ ਮਹਾਨ ਗੁਰਮਤਿ ਸਮਾਗਮਾਂ ਅਧੀਨ ਸਥਾਨਕ ਗੁਰਦੁਆਰਾ ਨਾਨਕਿਆਣਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।
ਨਗਰ ਕੀਰਤਨ ਦੀ ਆਰੰਭਤਾ ਦੇ ਸਮੇਂ ਦੀਵਾਨ ਸਜਾਏ ਗਏ ਅਤੇ ਢਾਡੀ ਜਥਿਆਂ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸ ਸੰਗਤਾਂ ਨੂੰ ਸਰਵਣ ਕਰਵਾਇਆ। ਪੰਜਾਂ ਪਿਆਰਿਆਂ ਦੀ ਅਗਵਾਈ ਹੇਠ ਜੈਕਾਰਿਆਂ ਦੀ ਗੂੰਜ ਅਤੇ ਜਾਹੋ ਜਲਾਲ ਦੇ ਨਾਲ ਨਗਰ ਕੀਰਤਨ ਆਰੰਭ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਜਤਿੰਦਰ ਸਿੰਘ ਦੇ ਜਥੇਦਾਰ ਨੇ ਕੀਰਤਨ ਰਾਹੀਂ ਅਧਿਆਤਮਿਕ ਮਾਹੌਲ ਸਿਰਜ ਦਿੱਤਾ। ਮਨਵੀਰ ਸਿੰਘ ਕੋਹਾੜਕਾ ਦੀ ਅਗਵਾਈ ਵਿੱਚ ਅਕਾਲ ਗਤਕਾ ਅਖਾੜਾ ਵੱਲੋਂ ਗਤਕੇ ਦੇ ਵਿਖਾਏ ਜੌਹਰ, ਫਿਜ਼ੀਕਲ ਕਾਲਜ ਮਸਤੂਆਣਾ ਦੀਆਂ ਲੜਕੀਆਂ ਦਾ ਬੈਂਡ ਖਿੱਚ ਦਾ ਕੇਂਦਰ ਰਹੇ। ਥਾਂ-ਥਾਂ ਨਗਰ ਕੀਰਤਨ ਦੌਰਾਨ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ’ਚ ਵੱਖ-ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਅਹੁਦੇਦਾਰ, ਸੇਵਾ ਸੁਸਾਇਟੀਆਂ ਦੇ ਨੁਮਾਇੰਦੇ ਅਤੇ ਵੱਖ-ਵੱਖ ਖੇਤਰ ਦੀਆਂ ਸਖ਼ਸ਼ੀਅਤਾਂ ਅਤੇ ਸ਼ਹਿਰੀ ਪਤਵੰਤੇ ਸ਼ਾਮਲ ਸਨ। ਇਸ ਮੌਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਸਾਬਕਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਥੇਦਾਰ ਇੰਦਰਮੋਹਨ ਸਿੰਘ ਲਖਮੀਰਵਾਲਾ, ਬੀਬੀ ਮਲਕੀਤ ਕੌਰ ਕਮਾਲਪੁਰ, ਬੀਬੀ ਜਸਪਾਲ ਕੌਰ ਫਤਿਹਗੜ, ਭੁਪਿੰਦਰ ਸਿੰਘ ਭਲਵਾਨ, ਹਰਦੇਵ ਸਿੰਘ ਰੋਗਲਾ, ਮਲਕੀਤ ਸਿੰਘ ਚੰਗਾਲ (ਸਾਰੇ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਸ਼ਾਮਲ ਹੋਏ।